64 ਉਮੀਦਵਾਰਾਂ ਨੂੰ ਅਲਾਟ ਹੋਈਆਂ ਪਟਾਕਿਆਂ ਦੀਆਂ ਦੁਕਾਨਾਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਲੱਗਣ ਵਾਲੀਆਂ ਪਟਾਕਿਆਂ ਦੀਆਂ ਦੁਕਾਨਾਂ ਦੀ ਅਲਾਟਮੈਂਟ ਸਬੰਧੀ ਅੱਜ ਇਥੇ ਬੱਚਤ ਭਵਨ ਵਿੱਚ ਡਰਾਅ ਕੱਢੇ ਗਏ। ਇਸ ਵਾਰ ਪੁਲੀਸ ਪ੍ਰਸ਼ਾਸਨ ਵੱਲੋਂ ਛੇ ਥਾਵਾਂ ’ਤੇ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਹਿਰ ਦੀ ਥੋਕ ਮੰਡੀ ਦਾਣਾ ਮੰਡੀ ਵਿੱਚ ਲਗਾਈ ਜਾਵੇਗੀ। ਜਿੱਥੇ ਚਾਲੀ ਦੁਕਾਨਾਂ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਬੱਚਤ ਭਵਨ ਵਿੱਚ ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠ ਅੱਜ ਦੇ ਡਰਾਅ ਕੱਢੇ ਗਏ। ਜਿਨ੍ਹਾਂ ਦੀਆਂ ਪਰਚੀਆਂ ਨਿਕਲਦੀਆਂ ਗਈਆਂ, ਉਨ੍ਹਾਂ ਨੂੰ ਰਸਮੀ ਕਾਰਵਾਈ ਪੂਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ 1550 ਪਰਚੀਆਂ ’ਚੋਂ 64 ਦੁਕਾਨਾਂ ਲਈ ਡਰਾਅ ਕੱਢੇ ਗਏ। ਹਾਲਾਂਕਿ ਇਸ ਵਾਰ ਜਿਹੜੇ ਲੋਕਾਂ ਦੇ ਡਰਾਅ ਨਿਕਲੇ ਹਨ, ਉਨ੍ਹਾਂ ਦੇ ਪਹਿਲੀ ਵਾਰ ਹੀ ਡਰਾਅ ਨਿਕਲੇ ਹਨ। ਜਿਸ ਤੋਂ ਬਾਅਦ ਪੁਰਾਣੇ ਪਟਾਕਿਆਂ ਦੇ ਵਪਾਰੀਆਂ ਨੇ ਜੋੜ ਤੋੜ ਕਰਨੇ ਸ਼ੁਰੂ ਕਰ ਦਿੱਤੇ ਹਨ।
ਏਸੀਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ 1700 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਦਸਤਾਵੇਜ਼ ਪੂਰੇ ਨਾ ਹੋਣ ਜਾਂ ਕੋਈ ਹੋਰ ਗੜਬੜ ਹੋਣ ਕਾਰਨ ਕਾਫ਼ੀ ਫਾਈਲਾਂ ਰੱਦ ਵੀ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਲਗਪਗ 1550 ਫਾਈਲਾਂ ਰਹਿ ਗਈਆਂ। ਪ੍ਰਸ਼ਾਸਨ ਵੱਲੋਂ ਸੁਚੱਜੇ ਢੰਗ ਨਾਲ ਪਰਚੀਆਂ ਪਾ ਕੇ ਸਾਰਿਆਂ ਦੇ ਸਾਹਮਣੇ ਡਰਾਅ ਕੱਢੇ ਗਏ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿੱਚ 40 ਦੁਕਾਨਾਂ, ਮਾਡਲ ਟਾਊਨ ਵਿੱਚ ਪੰਜ ਦੁਕਾਨਾਂ, ਸੈਕਟਰ 39 ਵਿੱਚ ਨੌਂ ਦੁਕਾਨਾਂ, ਦੁੱਗਰੀ ਵਿੱਚ ਚਾਰ ਦੁਕਾਨਾਂ, ਹੰਬੜਾ ਰੋਡ ’ਤੇ ਤਿੰਨ ਦੁਕਾਨਾਂ ਤੇ ਲੋਧੀ ਕਲੱਬ ਨੇੜੇ ਤਿੰਨ ਦੁਕਾਨਾਂ ਲਈ ਡਰਾਅ ਕੱਢੇ ਗਏ। ਹੁਣ ਆਉਣ ਵਾਲੇ ਦੋ ਦਿਨਾਂ ਵਿੱਚ ਦੁਕਾਨਾਂ ਤਿਆਰ ਕਰਵਾਈਆਂ ਜਾਣਗੀਆਂ ਅਤੇ 21 ਅਕਤੂਬਰ ਤੋਂ ਪਟਾਕਿਆਂ ਦੇ ਵਪਾਰੀ ਪਟਾਕੇ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਦੀਵਾਲੀ ਤੱਕ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਰਹੇਗੀ ਅਤੇ ਇਸ ਦੌਰਾਨ ਦੁਕਾਨਦਾਰਾਂ ਨੂੰ ਸੁਰੱਖਿਆ ਪੁਆਇੰਟ ਤੋਂ ਜੋ ਵੀ ਰਸਮੀ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ।