ਚੋਣਾਂ ’ਚ 64.2 ਕਰੋੜ ਲੋਕਾਂ ਨੇ ਵੋਟ ਪਾ ਕੇ ਬਣਾਇਆ ਵਿਸ਼ਵ ਰਿਕਾਰਡ
* ਜੰਮੂ ਕਸ਼ਮੀਰ ਵਿਚ ਪਿਛਲੇ ਚਾਰ ਦਹਾਕਿਆਂ ਵਿਚ ਸਭ ਤੋਂ ਵੱਧ ਮਤਦਾਨ
* ਪਹਿਲਾਂ ਪੋਸਟਲ ਬੈਲੇਟ ਦੀ ਹੀ ਹੋਵੇਗੀ ਗਿਣਤੀ
ਨਵੀਂ ਦਿੱਲੀ, 3 ਜੂਨ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਇਸ ਸਾਲ ਲੋਕ ਸਭਾ ਚੋਣਾਂ ਵਿਚ 64.2 ਕਰੋੜ ਵੋਟਰਾਂ, ਜਿਨ੍ਹਾਂ ਵਿਚ 31.2 ਕਰੋੜ ਮਹਿਲਾਵਾਂ ਵੀ ਸ਼ਾਮਲ ਹਨ, ਨੇ ਮਤਦਾਨ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਥੇ ਪ੍ਰੈੱਸ ਬ੍ਰੀਫਿੰਗ ਦੌਰਾਨ ਕੁਮਾਰ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਚੋਣ ਮਸ਼ਕ ਵਿਚ 68000 ਨਿਗਰਾਨ ਟੀਮਾਂ ਅਤੇ ਡੇਢ ਕਰੋੜ ਪੋਲਿੰਗ ਤੇ ਸੁਰੱਖਿਆ ਅਮਲੇ ਦੇ ਮੈਂਬਰ ਵੀ ਸ਼ਾਮਲ ਸਨ। ਕੁਮਾਰ ਨੇ ਕਿਹਾ, ‘‘ਭਾਰਤ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਕਿਉਂਕਿ 64.2 ਕਰੋੜ ਵੋਟਰਾਂ, ਜਿਨ੍ਹਾਂ ਵਿਚ 31.2 ਕਰੋੜ ਔਰਤਾਂ ਵੀ ਸ਼ਾਮਲ ਸਨ, ਨੇ ਇਸ ਸਾਲ ਲੋਕ ਸਭਾ ਚੋਣਾਂ ਵਿਚ ਸ਼ਮੂਲੀਅਤ ਕੀਤੀ।’’ ਚੋਣ ਕਮਿਸ਼ਨਰਾਂ ਨੂੰ ‘ਲਾਪਤਾ ਜੈਂਟਲਮੈੱਨ’ ਸੱਦਣ ਵਾਲੇ ਸੋਸ਼ਲ ਮੀਡੀਆ ਮੀਮਜ਼ ਦੀ ਗੱਲ ਕਰਦਿਆਂ ਕੁਮਾਰ ਨੇ ਕਿਹਾ, ‘‘ਅਸੀਂ ਹਮੇਸ਼ਾ ਇਥੇ ਹੀ ਸੀ, ਕਦੇ ਵੀ ਲਾਪਤਾ ਨਹੀਂ ਹੋਏ।’’ ਉਨ੍ਹਾਂ ਕਿਹਾ, ‘‘ਹੁਣ ਮੀਮਜ਼ ਕਹਿ ਸਕਦੇ ਹਨ ਕਿ ‘ਲਾਪਤਾ ਜੈਂਟਲਮੈੱਨ’ ਵਾਪਸ ਆ ਗਏ ਹਨ।’’ ਮੁੱਖ ਚੋਣ ਕਮਿਸ਼ਨਰ ਨੇ ਚੋਣ ਨੇਮਾਂ ਦੇ ਹਵਾਲੇ ਨਾਲ ਕਿਹਾ ਕਿ ਭਲਕੇ ਸਾਰੇ ਗਿਣਤੀ ਕੇਂਦਰਾਂ ਵਿਚ ਸਭ ਤੋਂ ਪਹਿਲਾਂ ਪੋਸਟਲ ਬੈਲੇਟ ਦੀ ਹੀ ਗਿਣਤੀ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੋਸਟਲ ਬੈਲੇਟਸ ਦੀ ਗਿਣਤੀ ਸ਼ੁਰੂ ਹੋਣ ਦੇ ਅੱਧੇ ਘੰਟੇ ਬਾਅਦ ਈਵੀਐੱਮਜ਼ ਵਿਚਲੀਆਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਕੁਮਾਰ ਨੇ ਕਿਹਾ, ‘‘ਨੇਮ (ਰੂਲ 54ਏ) ਵਿਚ ਸਾਫ਼ ਕਿਹਾ ਗਿਆ ਹੈ ਪਹਿਲਾਂ ਪੋਸਟਲ ਬੈਲੇਟਸ ਦੀ ਗਿਣਤੀ ਹੋਵੇਗੀ। 2019 ਦੀਆਂ ਚੋਣਾਂ ਵਿਚ ਵੀ ਇਸੇ ਤਰ੍ਹਾਂ ਹੋਇਆ ਸੀ।’’ ਕੁਮਾਰ ਨੇ ਕਿਹਾ ਕਿ ਪਹਿਲਾਂ ਪੋਸਟਲ ਬੈਲੇਟ ਦੀ ਗਿਣਤੀ, ਫਿਰ ਈਵੀਐੱਮ ਗਿਣਤੀ ਤੇ ਅਖੀਰ ਵਿਚ ਵੀਵੀਪੈਟ ਪਰਚੀਆਂ ਦਾ ਈਵੀਐੱਮ ਦੇ ਨਤੀਜਿਆਂ ਨਾਲ ਮਿਲਾਣ... ਇਹ ਅਮਲ ਚਲਦਾ ਰਹੇਗਾ।
ਸੀਈਸੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਪਿਛਲੇ ਚਾਰ ਦਹਾਕਿਆਂ ਵਿਚ ਸਭ ਤੋਂ ਵੱਧ 58.58 ਫੀਸਦ ਤੇ ਵਾਦੀ ਵਿਚ 51.05 ਫੀਸਦ ਵੋਟ ਫੀਸਦ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਅਸੈਂਬਲੀ ਚੋਣਾਂ ਜਲਦੀ ਕਰਵਾਈਆਂ ਜਾਣਗੀਆਂ। ਰਾਜੀਵ ਕੁਮਾਰ ਨੇ ਕਿਹਾ ਕਿ ਕਮਿਸ਼ਨ ਜੰਮੂ ਕਸ਼ਮੀਰ ਵਿਚ ਲੋਕ ਸਭਾ ਚੋਣਾਂ ਦੀ ਵੋਟ ਫੀਸਦ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੈ ਤੇ ਇਹ ਸੂਬੇ ਦੇ ਲੋਕਾਂ ਦੀ ਜਮਹੂਰੀ ਅਮਲ ਵਿਚ ਸ਼ਮੂਲੀਅਤ ਦੇ ਚਾਅ ਨੂੰ ਦਰਸਾਉਂਦਾ ਹੈ। ਕੁਮਾਰ ਨੇ ਕਿਹਾ, ‘‘2019 ਵਿਚ 3500 ਕਰੋੜ ਦੇ ਮੁਕਾਬਲੇ 2024 ਦੀਆਂ ਚੋਣਾਂ ਦੌਰਾਨ ਨਗ਼ਦੀ, ਫ੍ਰੀਬੀਜ਼, ਡਰੱਗਜ਼ ਤੇ ਸ਼ਰਾਬ ਸਣੇ 10,000 ਕਰੋੜ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ।’’ ਉਨ੍ਹਾਂ ਕਿਹਾ ਕਿ 2024 ਲੋਕ ਸਭਾ ਚੋਣਾਂ ਕਰਵਾਉਣ ਲਈ ਕਰੀਬ ਚਾਰ ਲੱਖ ਵਾਹਨਾਂ, 135 ਵਿਸ਼ੇਸ਼ ਰੇਲਗੱਡੀਆਂ ਤੇ 1692 ਹੈਲੀਕਾਪਟਰਾਂ/ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ, ‘‘2019 ਵਿਚ 540 ਬੂਥਾਂ ’ਤੇ ਮੁੜ ਚੋਣ ਹੋਈ ਸੀ ਜਦੋਂਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਿਰਫ਼ 39 ਬੂਥਾਂ ’ਤੇ ਮੁੜ ਮਤਦਾਨ ਹੋਇਆ।’’
ਮੁੱਖ ਚੋਣ ਕਮਿਸ਼ਨਰ ਨੇ ਵਿਰੋਧੀ ਧਿਰਾਂ ਨੂੰ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਚੋਣ ਅਮਲ ਨੂੰ ਵਿਗਾੜਨ ਲਈ ਰਿਟਰਨਿੰਗ ਅਧਿਕਾਰੀਆਂ ਤੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਅਸਰਅੰਦਾਜ਼ ਕੀਤਾ ਗਿਆ ਹੈ, ਤਾਂ ਇਹ ਸਬੂਤ ਚੋਣ ਕਮਿਸ਼ਨ ਨਾਲ ਸਾਂਝੇ ਕੀਤੇ ਜਾਣ ਤਾਂ ਕਿ ਸਬੰਧਤਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਕੁਮਾਰ ਨੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਐੱਸਐੱਸ ਸੰਧੂ ਦੀ ਹਾਜ਼ਰੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਇਹ ਸਬੂਤ ਕਮਿਸ਼ਨ ਨਾਲ ਸਾਂਝੇ ਕੀਤੇ ਜਾਣ। ਕੁਮਾਰ ਨੇ ਕਿਹਾ, ‘‘ਤੁਸੀਂ ਅਫ਼ਵਾਹਾਂ ਫੈਲਾ ਕੇ ਸਾਰਿਆਂ ਨੂੰ ਸ਼ੱਕ ਦੇ ਘੇਰੇ ਵਿਚ ਨਹੀਂ ਲਿਆ ਸਕਦੇ।’’ ਮੁੱਖ ਚੋਣ ਕਮਿਸ਼ਨਰ ਨੇ ਵਿਰੋਧੀ ਧਿਰ ’ਤੇ ਤਨਜ਼ ਕਸਦਿਆਂ ਕਿਹਾ ਕਿ ਕਮਿਸ਼ਨ ਨੇ ਚੋਣ ਅਮਲ ਨੂੰ ਅਸਰਅੰਦਾਜ਼ ਕਰਨ ਦੀ ਕਿਸੇ ਵੀ ਬਾਹਰੀ ਕੋਸ਼ਿਸ਼ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ, ਪਰ ਇਹ ਦੋਸ਼ ਦੇਸ਼ ਅੰਦਰੋਂ ਹੀ ਲਾਏ ਗਏ ਹਨ। ਜ਼ਿਲ੍ਹਾ ਮੈਜਿਸਟਰੇਟਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਦਰਮਿਆਨ ਸੀਈਸੀ ਨੇ ਕਿਹਾ, ‘‘ਜਿਹੜੇ ਦੋਸ਼ ਲਾ ਰਹੇ ਹਨ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਡੀਐੱਮ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਤੇ ਅਸੀਂ ਉਨ੍ਹਾਂ ਨੂੰ ਸਜ਼ਾ ਦੇਵਾਂਗੇ। -ਪੀਟੀਆਈ
ਜੈਰਾਮ ਰਮੇਸ਼ ਨੂੰ ਹੋਰ ਮੋਹਲਤ ਦੇਣ ਤੋਂ ਇਨਕਾਰ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਆਗੂ ਜੈਰਾਮ ਰਮੇਸ਼ ਨੂੰ ਉਨ੍ਹਾਂ ਦੇ ਇਸ ਦਾਅਵੇ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ 150 ਜ਼ਿਲ੍ਹਾ ਮੈਜਿਸਟਰੇਟਾਂ ਤੇ ਕੁਲੈਕਟਰਾਂ ਨੂੰ ਅਸਰਅੰਦਾਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਦੀ ਪੁਸ਼ਟੀ ਲਈ ਸਬੂਤ ਮੁਹੱਈਆ ਕਰਵਾਉਣ ਵਾਸਤੇ ਹੋਰ ਮੋਹਲਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਰਮੇਸ਼ ਨੂੰ ਆਪਣੇ ਉਪਰੋਕਤ ਦਾਅਵੇ ਲਈ ਤੱਥਾਂ ਸਹਿਤ ਤਫ਼ਸੀਲ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਰਮੇਸ਼ ਨੇ ਅੱਜ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਜਵਾਬ ਦਾਅਵੇ ਲਈ ਇਕ ਹਫ਼ਤੇ ਦਾ ਹੋਰ ਸਮਾਂ ਮੰਗਿਆ ਸੀ। -ਪੀਟੀਆਈ