ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ 63ਵੀਂ ਅਥਲੈਟਿਕ ਮੀਟ ਸ਼ੁਰੂ
ਸਤਵਿੰਦਰ ਬਸਰਾ
ਲੁਧਿਆਣਾ, 22 ਫਰਵਰੀ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਪਾਰਕ ਦੀ 63ਵੀਂ ਅਥਲੈਟਿਕ ਮੀਟ ਅੱਜ ਤੋਂ ਸ਼ੁਰੂ ਹੋ ਗਈ ਜਿਸਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਓਲੰਪਿਕ ਮਸ਼ਾਲ ਜਗਾ ਕੇ ਕੀਤੀ ਗਈ। ਅਥਲੈਟਿਕ ਮੀਟ ਦੇ ਉਦਘਾਟਨੀ ਸਮਾਗਮ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਚੀਫ ਇੰਜੀਨੀਅਰ ਸੈਂਟਰਲ ਲੁਧਿਆਣਾ ਇੰਦਰਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ 1997 ਬੈਚ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਖਿਡਾਰੀਆਂ ਨੂੰ ਟਰੈਕ ਸੂਟ ਦਿੱਤੇ ਗਏ ਤੇ 1987 ਬੈਚ ਦੇ ਵਿਦਿਆਰਥੀਆਂ ਵੱਲੋਂ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਤਕਰੀਬਨ 1.5 ਲੱਖ ਰੁਪਏ ਤੱਕ ਦੇ ਨਗਦ ਪੁਰਸਕਾਰ ਵੰਡੇ ਗਏ। ਕਾਲਜ ਦੀ ਭੰਗੜਾ ਟੀਮ ਨੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਾਰਿਆਂ ਦਾ ਮਨ ਮੋਹ ਲਿਆ। ਪਹਿਲੇ ਦਿਨ ਲੜਕਿਆਂ ਦੀ 1500 ਮੀਟਰ ਦੌੜ ਵਿੱਚੋਂ ਪਵਨ ਨੇ ਪਹਿਲਾ, ਦਵਿੰਦਰ ਕੁਮਾਰ ਨੇ ਦੂਜਾ ਜਦਕਿ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ, ਲੜਕੀਆਂ ਵਿੱਚੋਂ ਅਨੂ ਗਰੇਵਾਲ ਨੇ ਪਹਿਲਾ, ਸੁਖਮਨ ਗਿੱਲ ਨੇ ਦੂਜਾ ਅਤੇ ਪ੍ਰਿਆ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ ਵਿੱਚੋਂ ਮਨਬੀਰ ਸਿੰਘ, ਦਵਿੰਦਰ ਕੁਮਾਰ ਅਤੇ ਸੌਰਵ ਭਾਰਦਵਾਜ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਸਮਰੂਪ ਕੌਰ ਨੇ ਪਹਿਲਾ ਜਦਕਿ ਸਿਮਰਨਜੀਤ ਕੌਰ ਅਤੇ ਤਰਨਵੀਰ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ 100 ਮੀਟਰ ਅੜਿੱਕਾ ਦੌੜ ਵਿੱਚ ਸਿਮਰਨਪ੍ਰੀਤ ਕੌਰ ਪਹਿਲੇ, ਸੁਖਮਨ ਗਿੱਲ ਦੂਜੇ ਅਤੇ ਪ੍ਰਿਆ ਰਾਣੀ ਤੀਜੇ ਸਥਾਨ ’ਤੇ ਆਈ। ਉੱਚੀ ਛਾਲ ਵਿੱਚ ਅਨੂ ਗਰੇਵਾਲ, ਸੁਖਮਨ ਗਿੱਲ ਅਤੇ ਪੁਨੀਤ ਗਰੇਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਡਾ. ਜਸਮਨਿੰਦਰ ਸਿੰਘ ਗਰੇਵਾਲ, ਡਾ. ਗੁੰਜਨ ਭਾਰਦਵਾਜ, ਸ਼ਮਿੰਦਰ ਸਿੰਘ ਦਾ ਧੰਨਵਾਦ ਕੀਤਾ। ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਇੰਦਰਪਾਲ ਸਿੰਘ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ।