ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 63 ਫੀਸਦ ਮਤਦਾਨ

06:50 AM May 08, 2024 IST
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਕਤਾਰ ’ਚ ਖੜ੍ਹੀਆਂ ਔਰਤਾਂ। -ਫੋਟੋ: ਪੀਟੀਆਈ

* ਅਮਿਤ ਸ਼ਾਹ, ਸਿੰਧੀਆ, ਮਾਂਡਵੀਆ ਅਤੇ ਚੌਹਾਨ ਸਣੇ ਕਈ ਆਗੂਆਂ ਦੀ ਸਿਆਸੀ ਕਿਸਮਤ ਈਵੀਐੱਮਜ਼ ਵਿੱਚ ਬੰਦ
* ਚੋਣ ਡਿਊਟੀ ’ਤੇ ਤਾਇਨਾਤ ਤਿੰਨ ਚੋਣ ਵਰਕਰਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Advertisement

ਨਵੀਂ ਦਿੱਲੀ, 7 ਮਈ
ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪੈਂਦੇ 93 ਹਲਕਿਆਂ ਲਈ ਵੋਟਾਂ ਪਈਆਂ। ਇਸ ਗੇੜ ਵਿਚ 63 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਅਸਾਮ ਵਿਚ ਸਭ ਤੋਂ ਵੱਧ 77.06 ਫੀਸਦ ਤੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਘੱਟ 57.34 ਫੀਸਦ ਪੋਲਿੰਗ ਹੋਈ ਹੈ। ਗੋਆ ਵਿਚ 75.13 ਫੀਸਦ, ਪੱਛਮੀ ਬੰਗਾਲ ਵਿਚ 73.96 ਫੀਸਦ, ਗੁਜਰਾਤ 57.62 ਫੀਸਦ, ਮਹਾਰਾਸ਼ਟਰ 61.44 ਫੀਸਦ ਤੇ ਬਿਹਾਰ ਵਿਚ 58.16 ਫੀਸਦ ਵੋਟਾਂ ਪਈਆਂ। ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਇਸ ਦੌਰਾਨ ਕਰਨਾਟਕ ਤੇ ਗੁਜਰਾਤ ਵਿਚ ਚੋਣ ਡਿਊਟੀ ’ਤੇ ਤਾਇਨਾਤ ਅਮਲੇ ਵਿਚੋਂ ਤਿੰਨ ਜਣਿਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਯੂਪੀ ਦੇ ਮੈਨਪੁਰੀ ਹਲਕੇ ਵਿਚ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ‘ਚੋਣ ਬੂਥ ਲੁੱਟੇ’ ਜਾਣ ਦਾ ਦਾਅਵਾ ਕੀਤਾ। ਤੀਜੇ ਗੇੜ ਦੀ ਪੋਲਿੰਗ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਓਤਿਰਦਿੱਤਿਆ ਸਿੰਧੀਆ, ਮਨਸੁਖ ਮਾਂਡਵੀਆ, ਪ੍ਰਹਿਲਾਦ ਜੋਸ਼ੀ, ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਵਿਦੀਸ਼ਾ), ਕਾਂਗਰਸ ਆਗੂ ਦਿਗਵਿਜੈ ਸਿੰਘ ਸਣੇ ਕਈ ਸਿਆਸੀ ਆਗੂਆਂ ਦੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਗਈ।

ਕਲਬੁਰਗੀ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਧਾਬਾਈ ਖੜਗੇ ਵੋਟ ਪਾਉਣ ਮਗਰੋਂ ਉਂਗਲੀਆਂ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਅੱਜ ਦੇ ਗੇੜ ਮਗਰੋਂ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਲਈ ਵੋਟਿੰਗ ਦਾ ਅਮਲ ਪੂਰਾ ਹੋ ਗਿਆ ਹੈ। ਅਗਲੇ ਚਾਰ ਗੇੜਾਂ ਤਹਿਤ 13 ਮਈ, 20 ਮਈ, 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਚੋਣ ਕਮਿਸ਼ਨ ਮੁਤਾਬਕ ਤੀਜੇ ਗੇੜ ਵਿਚ 63 ਫੀਸਦ ਤੋਂ ਵੱਧ ਪੋਲਿੰਗ ਰਿਕਾਰਡ ਕੀਤੀ ਗਈ ਹੈ। ਪਹਿਲੇ ਤੇ ਦੂਜੇ ਗੇੜ ਵਿਚ ਕ੍ਰਮਵਾਰ 66.14 ਫੀਸਦ ਤੇ 66.71 ਫੀਸਦ ਵੋਟਾਂ ਪਈਆਂ ਸਨ। ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ। ਅਧਿਕਾਰਤ ਤੌਰ ’ਤੇ ਵੋਟਾਂ ਸ਼ਾਮੀਂ 6 ਵਜੇ ਤੱਕ ਹੀ ਪੈਣੀਆਂ ਸਨ, ਪਰ ਨਿਰਧਾਰਿਤ ਸਮਾਂ ਮੁੱਕਣ ਮਗਰੋਂ ਵੀ ਵੱਡੀ ਗਿਣਤੀ ਲੋਕ ਪੋਲਿੰਗ ਬੂਥਾਂ ਅੰਦਰ ਕਤਾਰਾਂ ਵਿਚ ਮੌਜੂਦ ਸਨ। ਤੀਜੇ ਗੇੜ ਵਿਚ ਕੁੱਲ 17.24 ਕਰੋੜ ਵਿਅਕਤੀ, ਜਿਨ੍ਹਾਂ ਵਿਚ 8.39 ਕਰੋੜ ਮਹਿਲਾਵਾਂ ਵੀ ਸ਼ਾਮਲ ਸਨ, ਵੋਟ ਪਾਉਣ ਦੇ ਯੋਗ ਸਨ। ਵੋਟਿੰਗ ਲਈ ਕੁੱਲ 1.85 ਲੱਖ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਚੋਣ ਕਮਿਸ਼ਨ ਨੇ ਕਿਹਾ ਕਿ ਗੁਜਰਾਤ ਦੀਆਂ 25 ਲੋਕ ਸਭਾ ਸੀਟਾਂ ਲਈ 57.62 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਲੋਕ ਸਭਾ ਹਲਕੇ ਦੇ ਪੋਲਿੰਗ ਬੂਥ ਜਦੋਂਕਿ ਸ਼ਾਹ ਨੇ ਅਹਿਮਦਾਬਾਦ ਦੇ ਬੂਥ ’ਤੇ ਵੋਟ ਪਾਈ। ਤੀਜੇ ਗੇੜ ਵਿਚ ਸ਼ਾਹ (ਗਾਂਧੀਨਗਰ) ਸਣੇ ਕਈ ਕੇਂਦਰੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ (ਗੁਨਾ), ਮਨਸੁਖ ਮਾਂਡਵੀਆ(ਪੋਰਬੰਦਰ), ਪਰਸ਼ੋਤਮ ਰੁਪਾਲਾ (ਰਾਜਕੋਟ), ਪ੍ਰਹਿਲਾਦ ਜੋਸ਼ੀ (ਧਾਰਵਾੜ) ਤੇ ਐੱਸਪੀ ਸਿੰਘ ਬਘੇਲ (ਆਗਰਾ) ਚੋਣ ਮੈਦਾਨ ਵਿਚ ਸਨ। ਉੱਤਰ ਪ੍ਰਦੇਸ਼, ਜਿੱਥੇ ਸਮਾਜਵਾਦੀ ਪਾਰਟੀ ਦੇ ਪਿਤਾਮਾ ਮੁਲਾਇਮ ਸਿੰਘ ਯਾਦਵ ਪਰਿਵਾਰ ਦੇ ਕਈ ਜੀਅ ਚੋਣ ਲੜ ਰਹੇ ਹਨ, ਵਿਚ ਦਸ ਸੀਟਾਂ ਲਈ 57.34 ਫੀਸਦ ਵੋਟਾਂ ਪਈਆਂ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਨੇ ਮੈਨਪੁਰੀ ਵਿਚ ‘ਬੂਥ ਲੁੱਟਣ’ ਦੀ ਕੋਸ਼ਿਸ਼ ਕੀਤੀ ਤੇ ਵਿਰੋਧੀ ਪਾਰਟੀਆਂ ਨਾਲ ਸਬੰਧਤ ਲੋਕਾਂ ਨੂੰ ਪੁਲੀਸ ਥਾਣਿਆਂ ਵਿਚ ਡੱਕਿਆ ਗਿਆ। ਯਾਦਵ ਨੇ ਮੈਨਪੁਰੀ ਹਲਕੇ, ਜਿੱਥੋਂ ਉਨ੍ਹਾਂ ਦੀ ਪਤਨੀ ਤੇ ਮੌਜੂਦਾ ਸੰਸਦ ਮੈਂਬਰ ਡਿੰਪਲ ਯਾਦਵ ਚੋਣ ਲੜ ਰਹੀ ਹੈ, ਦੇ ਸੈਫਈ (ਇਟਾਵਾ) ਵਿਚ ਵੋਟ ਪਾਈ। ਚੋਣ ਕਮਿਸ਼ਨ ਮੁਤਾਬਕ ਹੋਰਨਾਂ ਰਾਜਾਂ ਵਿਚੋਂ ਛੱਤੀਸਗੜ੍ਹ ਵਿਚ 70.05 ਫੀਸਦ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਵਿਚ 68.89 ਫੀਸਦ, ਕਰਨਾਟਕ 69.65 ਫੀਸਦ ਤੇ ਮੱਧ ਪ੍ਰਦੇਸ਼ ਵਿਚ 66.05 ਫੀਸਦ ਪੋਲਿੰਗ ਹੋਈ। ਇਸੇ ਦੌਰਾਨ ਪੱਛਮੀ ਬੰਗਾਲ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਪੋਲਿੰਗ ਦੌਰਾਨ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਦੇਖਣ ਨੂੰ ਮਿਲੀਆਂ। ਮੁਰਸ਼ਿਦਾਬਾਦ ਤੇ ਜੰਗੀਪੁਰ ਲੋਕ ਸਭਾ ਹਲਕਿਆਂ ਵਿਚ ਕਈ ਥਾਵਾਂ ’ਤੇ ਤ੍ਰਿਣਮੂਲ ਕਾਂਗਰਸ, ਭਾਜਪਾ ਤੇ ਕਾਂਗਰਸ-ਸੀਪੀਆਈ(ਐੱਮ) ਵਰਕਰਾਂ ਦਰਮਿਆਨ ਝੜਪਾਂ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਮੁਤਾਬਕ ਮੁਰਸ਼ਿਦਾਬਾਦ ਵਿਚ ਸਭ ਤੋਂ ਵੱਧ 76.49 ਫੀਸਦ, ਮਾਲਦਾ ਦੱਖਣ 73.68 ਫੀਸਦ, ਮਾਲਦਾ ਉੱਤਰ 73.30 ਫੀਸਦ ਤੇ ਜੰਗੀਪੁਰ 72.13 ਫੀਸਦ ਵੋਟਾਂ ਪਈਆਂ।

Advertisement

ਇਟਾਵਾ ’ਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਤੇ ਮੈਨਪੁਰੀ ਤੋਂ ਉਮੀਦਵਾਰ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਦੀ ਉਂਗਲੀ ’ਤੇ ਸਿਆਹੀ ਲਾਉਂਦੀ ਹੋਈ ਚੋਣ ਅਧਿਕਾਰੀ। -ਫੋਟੋ: ਪੀਟੀਆਈ

ਟੀਐੱਮਸੀ, ਭਾਜਪਾ ਤੇ ਕਾਂਗਰਸ-ਸੀਪੀਆਈ(ਐੱਮ) ਗੱਠਜੋੜ ਨੇ ਚੋਣ ਹਿੰਸਾ, ਵੋਟਰਾਂ ਨੂੰ ਧਮਕਾਉਣ ਤੇ ਪੋਲ ਏਜੰਟਾਂ ’ਤੇ ਹਮਲੇ ਸਬੰਧੀ ਵੱਖੋ ਵੱਖਰੀਆਂ ਸ਼ਿਕਾਇਤਾਂ ਦਰਜ ਕੀਤੀਆਂ ਹਨ। ਚੋਣ ਕਮਿਸ਼ਨ ਨੂੰ ਸਵੇਰੇ 9 ਵਜੇ ਤੱਕ 189 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿਚੋਂ ਬਹੁਤੀਆਂ ਮੁਰਸ਼ਿਦਾਬਾਦ ਤੇ ਜੰਗੀਪੁਰ ਹਲਕਿਆਂ ਤੋਂ ਸਨ। ਉੱਤਰ ਪ੍ਰਦੇਸ਼ ਦੇ ਆਗਰਾ ਵਿਚ 53.99 ਫੀਸਦ, ਓਨਲਾ 57.08 ਫੀਸਦ, ਬਦਾਯੂੰ 54.05 ਫੀਸਦ, ਬਰੇਲੀ 57.88 ਫੀਸਦ, ਈਟਾ 59.17 ਫੀਸਦ, ਫ਼ਤਿਹਪੁਰ ਸੀਕਰੀ 57.09 ਫੀਸਦ, ਫ਼ਿਰੋਜ਼ਾਬਾਦ 58.22 ਫੀਸਦ, ਹਾਥਰਸ 55.36 ਫੀਸਦ, ਮੈਨਪੁਰੀ 58.59 ਫੀਸਦ ਤੇ ਸੰਭਲ 62.81 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਉਧਰ ਕਰਨਾਟਕ ਦੇ ਉੱਤਰੀ ਜ਼ਿਲ੍ਹਿਆਂ ਵਿਚ ਵੀ ਪੋਲਿੰਗ ਬੂਥਾਂ ਵਿਚ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਭਾਗਵੰਤ ਖੁਬਾ ਤੇ ਕਰਨਾਟਕ ਸਰਕਾਰ ’ਚ ਮੰਤਰੀ ਪ੍ਰਿਯਾਂਕ ਖੜਗੇ ਨੇ ਅੱਜ ਸਵੇਰੇ ਪਹਿਲਾਂ ਆ ਕੇ ਵੋਟਾਂ ਪਾਈਆਂ। ਸਾਬਕਾ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਆਪਣੇ ਪਰਿਵਾਰ ਸਣੇ ਸ਼ਿਵਮੋਗਾ ਜ਼ਿਲ੍ਹੇ ਦੇ ਸ਼ਿਕਾਰੀਪੁਰਾ ਵਿਚ ਵੋਟ ਪਾਈ। ਇਸ ਦੌਰਾਨ ਕਰਨਾਟਕ ਵਿਚ ਚੋਣ ਡਿਊਟੀ ’ਤੇ ਤਾਇਨਾਤ ਦੋ ਸਰਕਾਰੀ ਅਧਿਕਾਰੀਆਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪੋਲਿੰਗ ਬੂਥ ’ਤੇ 45 ਸਾਲਾ ਮਹਿਲਾ ਪੋਲਿੰਗ ਅਧਿਕਾਰੀ ਦੀ ਵੀ ਦਿਲ ਦੇ ਦੌਰੇ ਕਰਕੇ ਮੌਤ ਹੋ ਗਈ। ਮਹਾਰਾਸ਼ਟਰ ਵਿਚ ਉਪ ਮੁੱਖ ਮੰਤਰੀ ਅਜੀਤ ਪਵਾਰ, ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ, ਜੋ ਬਾਰਾਮਤੀ ਲੋਕ ਸਭਾ ਹਲਕੇ ਤੋਂ ਐੱਨਸੀਪੀ ਉਮੀਦਵਾਰ ਹਨ, ਅਤੇ ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਵੋਟ ਪਾਈ। ਸ਼ਰਦ ਪਵਾਰ ਨੇ ਪੁਣੇ ਜ਼ਿਲ੍ਹੇ ਵਿਚ ਬਾਰਾਮਤੀ ਹਲਕੇ ਵਿਚ ਪੈਂਦੇ ਮਾਲੇਗਾਓਂ ਖੇਤਰ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਉਨ੍ਹਾਂ ਦਾ ਰਵਾਇਤੀ ‘ਆਰਤੀ’ ਨਾਲ ਸਵਾਗਤ ਕੀਤਾ ਗਿਆ। ਅਜੀਤ ਪਵਾਰ ਤੇ ਸੁਨੇਤਰਾ ਪਵਾਰ ਨੇ ਬਾਰਾਮਤੀ ਦੇ ਕਾਟੇਵਾੜੀ ਇਲਾਕੇ ਵਿਚਲੇ ਬੂਥ ਤੇ ਵੋਟ ਪਾਈ। ਬਾਰਾਮਤੀ ਲੋਕ ਸਭਾ ਹਲਕੇ ਤੋਂ ਸੁਨੇਤਰਾ ਦਾ ਮੁਕਾਬਲਾ ਆਪਣੀ ਨਨਾਣ ਤੇ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਨਾਲ ਹੈ। ਸੂਲੇ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹੈ। ਅਸਾਮ ਵਿਚ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਆਪਣੀ ਪਤਨੀ ਰਿੰਕੀ ਭੂਯਨ ਸਰਮਾ ਤੇ ਧੀ ਸੁਕੰਨਿਆ ਸਰਮਾ ਨਾਲ ਬਾਰਪੇਟਾ ਲੋਕ ਸਭਾ ਹਲਕੇ ਦੇ ਅਮੀਨਗਾਓਂ ’ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਲੋਕ ਮੀਂਹ ਦੇ ਬਾਵਜੂਦ ਗੁਹਾਟੀ, ਬਾਰਪੇਟਾ, ਧੁਬਰੀ ਤੇ ਕੋਕਰਾਝਾਰ ਹਲਕਿਆਂ ਵਿਚਲੇ ਬੂਥਾਂ ਤੱਕ ਕਿਸ਼ਤੀਆਂ ਸਣੇ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਪੁੱਜੇ। ਤੀਜੇ ਗੇੜ ਵਿਚ 120 ਦੇ ਕਰੀਬ ਮਹਿਲਾਵਾਂ ਸਣੇ 1300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਸਨ। -ਪੀਟੀਆਈ

ਗੁਜਰਾਤ: ਬਿਲਕੀਸ ਬਾਨੋ ਨੇ ਪਤੀ ਨਾਲ ਪਾਈ ਵੋਟ

ਦਾਹੋਦ: ਗੁਜਰਾਤ ਦੇ ਮੁਸਲਮਾਨ ਵਿਰੋਧੀ ਦੰਗਿਆਂ ਦੀ ਪੀੜਤਾ ਬਿਲਕੀਸ ਬਾਨੋ ਨੇ ਅੱਜ ਦਾਹੋਦ ਲੋਕ ਸਭਾ ਹਲਕੇ ਅਧੀਨ ਪੈਂਦੇ ਦੇਵਗੜ੍ਹ ਬਾਰੀਆ ਕਸਬੇ ਵਿਚ ਆਪਣੇ ਪਤੀ ਨਾਲ ਵੋਟ ਪਾਈ। ਕਾਪੜੀ ਖੇਤਰ ਦੇ ਪੋਲਿੰਗ ਬੂਥ ’ਤੇ ਵੋਟ ਪਾਉਣ ਮਗਰੋਂ ਬਾਹਰ ਆਈ ਬਿਲਕੀਸ ਨੇ ਆਪਣੀ ਸਿਆਹੀ ਵਾਲੀ ਉਂਗਲ ਦਿਖਾਉਂਦੇ ਹੋਏ ਆਪਣੇ ਪਤੀ ਯਾਕੂਬ ਰਸੂਲ ਨਾਲ ਤਸਵੀਰ ਖਿਚਵਾਈ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ ਅੱਜ ਗੁਜਰਾਤ ਦੀਆਂ 26 ਸੰਸਦੀ ਸੀਟਾਂ ਵਿੱਚੋਂ 25 ’ਤੇ ਵੋਟਾਂ ਪਈਆਂ ਹਨ। ਗੁਜਰਾਤ ਵਿੱਚ ਫਰਵਰੀ 2002 ਵਿੱਚ ਗੋਧਰਾ ਵਿੱਚ ਰੇਲਗੱਡੀ ਦੇ ਡੱਬਿਆਂ ਨੂੰ ਅੱਗ ਲਾਏ ਜਾਣ ਘਟਨਾ ਮਗਰੋਂ ਸੂਬੇ ਵਿੱਚ ਦੰਗੇ ਭੜਕ ਗਏ ਸਨ। ਉਸ ਸਮੇਂ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਦੰਗਾਕਾਰੀਆਂ ਨੇ ਉਸ ਦੀ ਤਿੰਨ ਸਾਲਾ ਧੀ ਸਮੇਤ ਉਸ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ। -ਪੀਟੀਆਈ

ਬਨਾਸਕਾਂਠਾ ਵਿੱਚ ਵੋਟਰਾਂ ਨੂੰ ਧਮਕਾਉਣ ਦਾ ਦੋਸ਼, ਜਾਂਚ ਦੇ ਹੁਕਮ

ਪਾਲਨਪੁਰ: ਗੁਜਰਾਤ ਦੇ ਬਨਾਸਕਾਂਠਾ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਜੈਨੀਬੇਨ ਠਾਕੁਰ ਨੇ ਅੱਜ ਦੋਸ਼ ਲਾਇਆ ਕਿ ਇੱਕ ਪੋਲਿੰਗ ਬੂਥ ’ਤੇ ਖੁਦ ਨੂੰ ਸੀਆਰਪੀਐੱਫ ਦੇ ਜਵਾਨ ਦੱਸ ਕੇ ਕੁੱਝ ਨੌਜਵਾਨਾਂ ਵੱਲੋਂ ਵੋਟਰਾਂ ਨੂੰ ਧਮਕਾਇਆ ਗਿਆ ਅਤੇ ਭਾਜਪਾ ਨੂੰ ਵੋਟ ਪਾਉਣ ਲਈ ਕਿਹਾ ਗਿਆ। ਕਾਂਗਰਸ ਦੇ ਇਸ ਦਾਅਵੇ ਮਗਰੋਂ ਬਨਾਸਕਾਂਠਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਾਂਗਰਸ ਵੱਲੋਂ ਸ਼ਿਕਾਇਤ ਮਿਲਣ ’ਤੇ ਬਨਾਸਕਾਂਠਾ ਦੇ ਜ਼ਿਲ੍ਹਾ ਕੁਲੈਕਟਰ ਤੇ ਰਿਟਰਨਿੰਗ ਅਫ਼ਸਰ ਵਰੁਣ ਕੁਮਾਰ ਬਰਨਵਾਲ ਨੇ ਕਿਹਾ ਕਿ ਉਨ੍ਹਾਂ ਨੇ ਐੱਸਪੀ ਅਤੇ ਐੱਸਡੀਐੱਮ) ਨੂੰ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਬਰਨਵਾਲ ਨੇ ਕਿਹਾ, “ਮੈਂ ਉਸਦੀ (ਠਾਕੁਰ ਦੀ) ਸ਼ਿਕਾਇਤ ਅਗਲੇਰੀ ਜਾਂਚ ਲਈ ਜ਼ਿਲ੍ਹੇ ਦੇ ਐੱਸਪੀ ਤੇ ਐੱਸਡੀਐਮ ਨੂੰ ਭੇਜ ਦਿੱਤੀ ਹੈ। ਅਸੀਂ ਉਨ੍ਹਾਂ ਦੀ ਰਿਪੋਰਟ ਮਿਲਣ ਮਗਰੋਂ ਕਾਰਵਾਈ ਕਰਾਂਗੇ।’’ ਮੌਜੂਦਾ ਵਿਧਾਇਕ ਠਾਕੁਰ ਬਨਾਸਕਾਂਠਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਭਾਜਪਾ ਨੇ ਇਸ ਸੀਟ ਤੋਂ ਰੇਖਾਬੇਨ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। -ਪੀਟੀਆਈ

Advertisement
Advertisement