For the best experience, open
https://m.punjabitribuneonline.com
on your mobile browser.
Advertisement

ਪਹਿਲੇ ਗੇੜ ਵਿੱਚ 102 ਸੀਟਾਂ ’ਤੇ 62.37 ਫੀਸਦ ਪੋਲਿੰਗ

07:32 AM Apr 20, 2024 IST
ਪਹਿਲੇ ਗੇੜ ਵਿੱਚ 102 ਸੀਟਾਂ ’ਤੇ 62 37 ਫੀਸਦ ਪੋਲਿੰਗ
ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਇੱਕ ਪੋਲਿੰਗ ਬੂਥ ’ਚ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 19 ਅਪਰੈਲ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਅਤੇ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ ਪਈਆਂ। ਲੋਕ ਸਭਾ ਚੋਣਾਂ ਲਈ ਰਾਤ ਨੌਂ ਵਜੇ ਤੱਕ 62.37 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ ਤੇ ਇਹ ਅੰਕੜਾ ਵਧਣ ਦੇ ਆਸਾਰ ਹਨ। ਵੋਟਿੰਗ ਦੌਰਾਨ ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਸਾਹਮਣੇ ਆਈਆਂ। ਛੱਤੀਸਗੜ੍ਹ ਵਿਚ ਗ਼ਲਤੀ ਨਾਲ ਹਥਗੋਲਾ ਫਟਣ ਕਰਕੇ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਜਦੋਂਕਿ ਆਈਈਡੀ ਧਮਾਕੇ ’ਚ ਅਧਿਕਾਰੀ ਜ਼ਖ਼ਮੀ ਹੋ ਗਿਆ। ਤਾਮਿਲ ਨਾਡੂ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਅਸਾਮ ਵਿਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿਚ ਮਾਮੂਲੀ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਤ੍ਰਿਪੁਰਾ ਵਿਚ 80.40 ਫੀਸਦ ਨਾਲ ਸਭ ਤੋਂ ਵੱਧ ਅਤੇ ਬਿਹਾਰ ਵਿਚ 48.50 ਫੀਸਦ ਨਾਲ ਸਭ ਤੋਂ ਘੱਟ ਪੋਲਿੰਗ ਹੋਈ। ਪੱਛਮੀ ਬੰਗਾਲ ਵਿਚ 77.57 ਫੀਸਦ, ਪੁੱਡੂਚੇਰੀ 73.50 ਫੀਸਦ, ਅਸਾਮ ’ਚ 72.10 ਫੀਸਦ ਤੇ ਮੇਘਾਲਿਆ ਵਿਚ 74.21 ਫੀਸਦ ਵੋਟਾਂ ਪਈਆਂ। ਪਹਿਲੇ ਗੇੜ ਦੀ ਚੋਣ ਮਗਰੋਂ ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਤੇ ਇਕ ਸਾਬਕਾ ਰਾਜਪਾਲ ਸਣੇ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਗਈ। ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੇ 2019 ਵਿਚ ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਚੋਂ 39 ਸੀਟਾਂ ਜਿੱਤੀਆਂ ਸਨ। ਪੋਲਿੰਗ ਦਾ ਅਮਲ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਤੇ ਸ਼ਾਮੀਂ ਛੇ ਵਜੇ ਖ਼ਤਮ ਹੋ ਗਿਆ। ਪੂਰਬੀ ਨਾਗਾਲੈਂਡ ਦੇ ਛੇ ਜ਼ਿਲ੍ਹਿਆਂ ਵਿਚ ਚੋਣਾਂ ਦੌਰਾਨਚੁੱਪ ਸ਼ਾਂਤੀ ਪੱਸਰੀ ਰਹੀ ਕਿਉਂਕਿ ਕਬਾਇਲੀ ਜਥੇਬੰਦੀਆਂ ਦੀ ਸਿਖਰਲੀ ਸੰਸਥਾ ਵੱਲੋਂ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਦਿੱਤੇ ਅਣਮਿੱਥੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਲੋਕਾਂ ਨੇ ਘਰਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਪੱਛਮੀ ਬੰਗਾਲ ਵਿਚ ਕੂਚ ਬਿਹਾਰ ਸੀਟ ਲਈ ਹੋਈ ਚੋਣ ਦੌਰਾਨ ਟੀਐੱਮਸੀ ਤੇ ਭਾਜਪਾ ਵਰਕਰ ਇਕ ਦੂਜੇ ਨਾਲ ਭਿੜ ਗਏ। ਦੋਵਾਂ ਧਿਰਾਂ ਦੇ ਸੂਤਰਾਂ ਮੁਤਾਬਕ ਚੋਣ ਹਿੰਸਾ, ਵੋਟਰਾਂ ਨੂੰ ਡਰਾਉਣ ਧਮਕਾਉਣ ਤੇ ਪੋਲ ਏਜੰਟਾਂ ’ਤੇ ਹਮਲਿਆਂ ਨੂੰ ਲੈ ਕੇ ਸੌ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਹਿੰਸਾ ਦੇ ਝੰਬੇ ਮਨੀਪੁਰ ਵਿਚ ਕਰੀਬ 69.13 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਛੱਤੀਸਗੜ੍ਹ ਦੀ ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਹਲਕੇ ਵਿਚ 63.41 ਫੀਸਦ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਹਲਕੇ ਵਿਚ ਗ਼ਲਤੀ ਨਾਲ ਹੱਥਗੋਲਾ ਫਟਣ ਕਰਕੇ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਜਦੋਂਕਿ ਇਕ ਘਟਨਾ ਵਿਚ ਬਾਰੂਦੀ ਸੁਰੰਗ ਧਮਾਕੇ ਵਿਚ ਇਕ ਹੋਰ ਅਧਿਕਾਰੀ ਜ਼ਖ਼ਮੀ ਹੋ ਗਿਆ। ਤਾਮਿਲ ਨਾਡੂ ਦੀਆਂ ਸਾਰੀਆਂ 39 ਲੋਕ ਸਭਾ ਸੀਟਾਂ ਲਈ 65.19 ਫੀਸਦ ਪੋਲਿੰਗ ਹੋਈ। ਰਾਜ ਦੇ ਕੁਝ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਵਿਚ ਤਕਨੀਕੀ ਨੁਕਸ ਕਰਕੇ ਇਕ ਘੰਟੇ ਦੇ ਕਰੀਬ ਵੋਟਿੰਗ ਦਾ ਅਮਲ ਰੁਕਿਆ ਰਿਹਾ।

Advertisement

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਗਪੁਰ ’ਚ ਤੇ ਹਰਿਦੁਆਰ ’ਚ ਸਾਧੂ ਵੋਟ ਪਾਉਣ ਮਗਰੋਂ ਉਂਗਲੀ ’ਤੇ ਲੱਗਿਆ ਿਨਸ਼ਾਨ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਅਰੁਣਾਚਲ ਪ੍ਰਦੇਸ਼ ਵਿਚ ਕੁੱਲ 8,92,694 ਵੋਟਰਾਂ ਵਿਚੋਂ 67.15 ਫੀਸਦ ਨੇ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕੀਤਾ। ਸਵੇਰੇ ਖ਼ਰਾਬ ਮੌਸਮ ਕਰਕੇ ਸਵੇਰੇ ਵੋਟਿੰਗ ਸੁਸਤ ਰਫ਼ਤਾਰ ਰਹੀ, ਪਰ ਮੌਸਮ ਵਿਚ ਸੁਧਾਰ ਨਾਲ ਇਸ ਨੇ ਜ਼ੋਰ ਫੜ ਲਿਆ। ਮੁੱਖ ਚੋਣ ਅਧਿਕਾਰੀ ਪਵਨ ਕੁਮਾਰ ਸੈਨ ਨੇ ਕਿਹਾ ਕਿ ਈਵੀਐੱਮਜ਼ ਵਿਚ ਨੁਕਸ ਕਰਕੇ ਕੁਝ ਥਾਵਾਂ ’ਤੇੇ ਪੋਲਿੰਗ ਵਿਚ ਦੇਰੀ ਹੋਈ, ਪਰ ਮਗਰੋਂ ਇਨ੍ਹਾਂ ਮਸ਼ੀਨਾਂ ਨੂੰ ਬਦਲ ਦਿੱਤਾ ਗਿਆ। ਪੂਰਬੀ ਕਮਾਂਗ ਜ਼ਿਲ੍ਹੇ ਵਿਚ ਇਕ ਪੋਲਿੰਗ ਸਟੇਸ਼ਨ ਨੇੜੇ ਦੋ ਉਮੀਦਵਾਰਾਂ ਦੇ ਹਮਾਇਤੀ ਭਿੜ ਗਏ। ਪੂਰਬੀ ਕਮਾਂਗ, ਕੁਰੁੰਗ ਕੁਮੇ ਤੇ ਅੱਪਰ ਸੁਬਾਨਸਿਰੀ ਜ਼ਿਲ੍ਹਿਆਂ ਵਿਚ ਤਿੰਨ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਨੁਕਸਾਨੀਆਂ ਗਈਆਂ। ਅੰਡੇਮਾਨ ਤੇ ਨਿਕੋਬਾਰ ਵਿਚ ਸ਼ਾਮੀਂ ਸੱਤ ਵਜੇ ਤੱਕ 56.87 ਫੀਸਦ ਪੋਲਿੰਗ ਹੋਈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪਹਿਲੀ ਵਾਰ ਸ਼ੋਂਪੇਨ ਕਬੀਲੇ ਦੇ ਸੱਤ ਮੈਂਬਰਾਂ ਨੇ ਇਕਹਿਰੀ ਲੋਕ ਸਭਾ ਸੀਟ ਲਈ ਵੋਟਾਂ ਪਾਈਆਂ। ਅਸਾਮ ਵਿਚ ਵੀ ਤਿੰਨ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਵਿਚ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਅਸਾਮ ਵਿਚ 71.38 ਫੀਸਦ ਪੋਲਿੰਗ ਹੋਈ। ਬਿਹਾਰ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਸ਼ਾਮੀਂ ਸੱਤ ਵਜੇ ਤੱਕ 47.49 ਫੀਸਦ ਪੋਲਿੰਗ ਦੀਆਂ ਰਿਪੋਰਟਾਂ ਹਨ। ਜੰਮੂ ਕਸ਼ਮੀਰ ਦੇ ਊਧਮਪੁਰ ਸੰਸਦੀ ਹਲਕੇ ਲਈ ਸ਼ਾਮੀਂ ਸੱਤ ਵਜੇ ਤੱਕ 65.08 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਰਾਜਸਥਾਨ ਵਿਚ 56.58 ਫੀਸਦ, ਉੱਤਰਾਖੰਡ 54.06 ਫੀਸਦ, ਮਹਾਰਾਸ਼ਟਰ 55.35 ਫੀਸਦ, ਮੱਧ ਪ੍ਰਦੇਸ਼ 64.77 ਫੀਸਦ, ਯੂਪੀ 58.49 ਫੀਸਦ, ਮਿਜ਼ੋਰਮ 54.23, ਨਾਗਾਲੈਂਡ 56.91, ਸਿੱਕਮ 69.47 ਫੀਸਦ ਪੋਲਿੰਗ ਹੋਣ ਦੀਆਂ ਰਿਪੋਰਟਾਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ 16.63 ਕਰੋੜ ਵੋਟਰ ਯੋਗ ਸਨ। ਇਸ ਗੇੜ ਵਿਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ 35.67 ਲੱਖ ਸੀ। ਪਹਿਲੇ ਗੇੜ ਤਹਿਤ ਅੱਜ ਤਾਮਿਲ ਨਾਡੂ ਦੀਆਂ 39 ਸੀਟਾਂ, ਉੱਤਰਾਖੰਡ 5, ਅਰੁਣਾਚਲ ਪ੍ਰਦੇਸ਼ 2, ਮੇਘਾਲਿਆ 2, ਅੰਡੇਮਾਨ ਤੇ ਨਿਕੋਬਾਰ ਟਾਪੂ, ਮਿਜ਼ੋਰਮ, ਨਾਗਾਲੈਂਡ, ਪੁੱਡੂਚੇਰੀ, ਸਿੱਕਮ ਤੇ ਲਕਸ਼ਦੀਪ ਦੀ 1-1, ਰਾਜਸਥਾਨ 12, ਯੂਪੀ 8, ਮੱਧ ਪ੍ਰਦੇਸ਼ 6, ਅਸਾਮ ਤੇ ਮਹਾਰਾਸ਼ਟਰ ਪੰਜ-ਪੰਜ, ਬਿਹਾਰ ਦੀਆਂ 4, ਪੱਛਮੀ ਬੰਗਾਲ 3, ਮਨੀਪੁਰ 2 ਅਤੇ ਤ੍ਰਿਪੁਰਾ, ਜੰਮੂ ਕਸ਼ਮੀਰ ਤੇ ਛੱਤੀਸਗੜ੍ਹ ਦੀ ਇਕ ਇਕ ਸੀਟ ਲਈ ਵੋਟਾਂ ਪਈਆਂ। ਲੋਕ ਸਭਾ ਚੋਣਾਂ ਦੇ ਨਾਲ ਅੱਜ ਅਰੁਣਾਚਲ ਪ੍ਰਦੇਸ਼ (60 ਸੀਟਾਂ) ਤੇ ਸਿੱਕਮ (32 ਸੀਟਾਂ) ਦੀਆਂ ਅਸੈਂਬਲੀਆਂ ਚੋਣਾਂ ਲਈ ਵੀ ਵੋਟਾਂ ਪਈਆਂ। ਮਿਜ਼ੋਰਮ ਵਿਚ ਚੋਣ ਡਿਊਟੀ ’ਤੇ ਤਾਇਨਾਤ ਸੁਰੱਖਿਆ ਕਰਮੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। -ਪੀਟੀਆਈ

ਦੇਸ਼ ਭਰ ਵਿੱਚ ਐੱਨਡੀਏ ਲਈ ਰਿਕਾਰਡ ਵੋਟਿੰਗ ਕਰ ਰਹੇ ਨੇ ਲੋਕ: ਮੋਦੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਅੱਜ ਖ਼ਤਮ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਫੀਡਬੈਕ ਮਿਲ ਰਿਹਾ ਹੈ ਅਤੇ ਇਹ ਸਪੱਸ਼ਟ ਹੈ ਦੇਸ਼ ਭਰ ਵਿੱਚ ਲੋਕ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਲਈ ਰਿਕਾਰਡ ਵੋਟਿੰਗ ਕਰ ਰਹੇ ਹਨ। ਉਨ੍ਹਾਂ ‘ਐਕਸ’ ਉੱਤੇ ਕਿਹਾ, ‘‘ਪਹਿਲਾ ਗੇੜ, ਬਹੁਤ ਵਧੀਆ ਹੁੰਗਾਰਾ! ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਅੱਜ ਵੋਟ ਪਾਈ। ਅੱਜ ਦੀ ਵੋਟਿੰਗ ਤੋਂ ਬਹੁਤ ਵਧੀਆ ਫੀਡਬੈਕ ਮਿਲ ਰਿਹਾ ਹੈ। ਇਹ ਸਪੱਸ਼ਟ ਹੈ ਕਿ ਦੇਸ਼ ਭਰ ਵਿੱਚ ਲੋਕ ਐੱਨਡੀਏ ਲਈ ਰਿਕਾਰਡ ਵੋਟਿੰਗ ਕਰ ਰਹੇ ਹਨ।’’ -ਪੀਟੀਆਈ

ਮਨੀਪੁਰ: ਗੋਲੀਬਾਰੀ ਤੇ ਈਵੀਐੱਮਜ਼ ਦੀ ਭੰਨਤੋੜ ਦਰਮਿਆਨ 68 ਫੀਸਦ ਵੋਟਿੰਗ

ਇੰਫਾਲ ’ਚ ਇੱਕ ਪੋਲਿੰਗ ਬੂਥ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨਤੋੜ। -ਫੋਟੋ: ਰਾਇਟਰਜ਼

ਇੰਫਾਲ/ਚੂਰਾਚਾਂਦਪੁਰ: ਹਿੰਸਾ ਪ੍ਰਭਾਵਿਤ ਮਨੀਪੁਰ ’ਚ ਗੋਲੀਬਾਰੀ, ਧਮਕੀਆਂ, ਕੁਝ ਵੋਟਿੰਗ ਕੇਂਦਰਾਂ ’ਤੇ ਈਵੀਐੱਮਜ਼ ਤੋੜਨ ਅਤੇ ਬੂਥ ’ਤੇ ਕਬਜ਼ਾ ਕਰਨ ਦੀਆਂ ਘਟਨਾਵਾਂ ਦਰਮਿਆਨ ਅੱਜ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 68 ਫੀਸਦ ਤੋਂ ਵੱਧ ਵੋਟਾਂ ਪਈਆਂ ਹਨ। ਭਾਜਪਾ ਤੇ ਕਾਂਗਰਸ ਦੋਵੇਂ ਇੱਕ-ਦੂਜੇ ’ਤੇ ਹਿੰਸਾ ਫੈਲਾਉਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾ ਰਹੀਆਂ ਹਨ। ਪਿਛਲੇ ਸਾਲ ਮਈ ’ਚ ਜਾਤੀ ਹਿੰਸਾ ਦੇ ਸੰਘਰਸ਼ ਨਾਲ ਜੂਝ ਰਹੇ ਸੂਬੇ ’ਚ ਰਵਾਇਤੀ ਤੌਰ ਨਾਲੋਂ ਬਹੁਤ ਜ਼ਿਆਦਾ ਵੋਟਾਂ ਪਈਆਂ ਹਨ। ਅੱਜ ਅੰਦਰੂਨ ਮਨੀਪੁਰ ਤੇ ਬਾਹਰੀ ਮਨੀਪੁਰ ’ਚ ਵੋਟਾਂ ਪਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ’ਚ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਘੱਟੋ-ਘੱਟ ਚਾਰ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਤੋੜ ਦਿੱਤੀਆਂ। ਅਧਿਕਾਰਤ ਸੂਤਰਾਂ ਅਨੁਸਾਰ ਪੂਰਬੀ ਇੰਫਾਲ ਜ਼ਿਲ੍ਹੇ ਦੇ ਖਰਾਈ ਹਲਕੇ ਵਿਚਲੇ ਇੱਕ ਪੋਲਿੰਗ ਬੂਥ ’ਤੇ ਈਵੀਐੱਮ ਨੂੰ ਅੱਗ ਲਗਾ ਦਿੱਤੀ ਗਈ ਜਦਕਿ ਅਣਪਛਾਤੇ ਹਮਲਾਵਰ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਹੋਰ ਪੋਲਿੰਗ ਬੂਥ ’ਤੇ ਭੰਨਤੋੜ ਕੀਤੀ ਗਈ ਹੈ। -ਪੀਟੀਆਈ

ਬਜ਼ੁਰਗ ਨੇ ਈਵੀਐੱਮ ਜ਼ਮੀਨ ’ਤੇ ਸੁੱਟੀ...

ਹਰਿਦੁਆਰ: ਉੱਤਰਾਖੰਡ ਦੇ ਹਰਿਦੁਆਰ ਵਿਚ ਬਜ਼ੁਰਗ ਵੋਟਰ ਨੇ ਅੱਜ ਈਵੀਐੱਮ ਜ਼ਮੀਨ ’ਤੇ ਸੁੱਟ ਕੇ ਵੋਟਾਂ ਬੈਲੇਟ ਪੇਪਰ (ਚੋਣ ਪਰਚੀਆਂ) ਨਾਲ ਪੁਆਉਣ ਦੀ ਮੰਗ ਕੀਤੀ। ਪੁਲੀਸ ਨੇ ਕਿਹਾ ਕਿ ਇਸ ਦੌਰਾਨ ਈਵੀਐੱਮ ਨੂੰ ਨੁਕਸਾਨ ਪੁੱਜਾ, ਪਰ ਮਸ਼ੀਨ ਕੰਮ ਕਰਦੀ ਹੋਣ ਕਰਕੇ ਇਸ ਨੂੰ ਬਦਲਣ ਦੀ ਲੋੜ ਨਹੀਂ ਪਈ। ਰਣਧੀਰ (70) ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹਾਲਾਂਕਿ ਕੁਝ ਘੰਟਿਆਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਪੁਲੀਸ ਮੁਤਾਬਕ ਇਹ ਬਜ਼ੁਰਗ ਮਾਨਸਿਕ ਤੌਰ ’ਤੇ ਬਿਮਾਰ ਸੀ। ਚੋਣ ਅਮਲੇ ਵੱਲੋਂ ਬਜ਼ੁਰਗ ਖਿਲਾਫ਼ ਕੋਈ ਸ਼ਿਕਾਇਤ ਨਾ ਕੀਤੇ ਜਾਣ ਕਰਕੇ ਪੁਲੀਸ ਨੇ ਕੋਈ ਕੇਸ ਦਰਜ ਨਹੀਂ ਕੀਤਾ। -ਪੀਟੀਆਈ

ਨਾਗਾਲੈਂਡ ਦੇ 6 ਜ਼ਿਲ੍ਹਿਆਂ ਵਿਚ ਜ਼ੀਰੋ ਫੀਸਦ ਪੋਲਿੰਗ

ਨਾਗਾਲੈਂਡ ਦੇ ਸ਼ਮਤੋਰ ’ਚ ਸੁੰਨਸਾਨ ਪਿਆ ਪੋਲਿੰਗ ਬੂਥ। -ਫੋਟੋ: ਪੀਟੀਆਈ

ਕੋਹਿਮਾ: ਚੋਣ ਅਮਲਾ ਨਾਗਾਲੈਂਡ ਦੇ ਛੇ ਪੂਰਬੀ ਜ਼ਿਲ੍ਹਿਆਂ ਵਿਚ ਅੱਜ ਨੌਂ ਘੰਟਿਆਂ ਤੱਕ ਪੋਲ ਬੂਥਾਂ ’ਤੇ ਉਡੀਕ ਕਰਦਾ ਰਿਹਾ, ਪਰ ਚਾਰ ਲੱਖ ਵੋਟਰਾਂ ਵਿਚੋਂ ਇਕ ਵੀ ਉਥੇ ਨਹੀਂ ਬਹੁੜਿਆ। ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐੱਨਪੀਓ) ਵੱਲੋਂ ਫਰੰਟੀਅਰ ਨਾਗਾਲੈਂਡ ਟੈਰੀਟਰੀ (ਐੱਫਐੱਨਟੀ) ਦੀ ਮੰਗ ਨੂੰ ਲੈ ਕੇ ਦਿੱਤੇ ਬੰਦ ਦੇ ਸੱਦੇ ਮਗਰੋਂ ਇਨ੍ਹਾਂ ਛੇ ਜ਼ਿਲ੍ਹਿਆਂ ਦੇ ਵੋਟਰਾਂ ਨੇ ਅੱਜ ਘਰਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਮੁੱਖ ਮੰਤਰੀ ਨੈਫਿਉ ਰੀਓ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਈਐੱਨਪੀਓ ਦੀ ਉਪਰੋਕਤ ਮੰਗ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਸਰਕਾਰ ਖਿੱਤੇ ਨੂੰ ਖੁਦਮੁਖਤਿਆਰੀ ਤਾਕਤਾਂ ਲਈ ਪਹਿਲਾਂ ਹੀ ਸਿਫਾਰਸ਼ ਕਰ ਚੁੱਕੀ ਹੈ। ਈਐੱਨਪੀਓ ਪੂਰਬੀ ਖਿੱਤੇ ਵਿਚ ਸੱਤ ਕਬਾਇਲੀ ਜਥੇਬੰਦੀਆਂ ਦੀ ਸਿਖਰਲੀ ਸੰਸਥਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਨਾਗਾਲੈਂਡ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰਨਾਂ ਹੰਗਾਮੀ ਸੇਵਾਵਾਂ ਦੇ ਵਾਹਨਾਂ ਨੂੰ ਛੱਡ ਕੇ ਪ੍ਰਮੁੱਖ ਸੜਕਾਂ ’ਤੇ ਲੋਕਾਂ ਜਾਂ ਵਾਹਨਾਂ ਦੀ ਕੋਈ ਆਮਦੋਰਫ਼ਤ ਨਜ਼ਰ ਨਹੀਂ ਆਈ। ਨਾਗਾਲੈਂਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਆਵਾ ਲੋਰਿੰਗ ਨੇ ਕਿਹਾ ਕਿ ਸਵੇਰੇ ਸੱਤ ਤੋਂ ਸ਼ਾਮੀਂ ਚਾਰ ਵਜੇ ਤੱਕ ਖੇਤਰ ਵਿਚ ਪੈਂਦੇ 20 ਅਸੈਂਬਲੀ ਹਲਕਿਆਂ ਵਿਚਲੇ 738 ਪੋਲਿੰਗ ਬੂਥਾਂ ’ਤੇ ਚੋਣ ਅਮਲਾ ਮੌਜੂਦ ਰਿਹਾ। ਇੱਥੋਂ ਤੱਕ ਕਿ 20 ਵਿਧਾਇਕਾਂ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਨਾਗਾਲੈਂਡ ਦੇ ਕੁੱਲ 13.25 ਲੱਖ ਵੋਟਰਾਂ ਵਿਚੋਂ ਪੂਰਬੀ ਨਾਗਾਲੈਂਡ ਦੇ ਛੇ ਜ਼ਿਲ੍ਹਿਆਂ ਵਿਚ 4,00,632 ਵੋਟਰ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×