ਪੀਪੀਐੱਸਸੀ ਦੀ ਪ੍ਰੀਖਿਆ ’ਚ 600 ਉਮੀਦਵਾਰਾਂ ਨੇ ਲਿਆ ਹਿੱਸਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜੁਲਾਈ
ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਲੀਗਲ ਅਸਿਸਟੈਂਟ ਅਤੇ ਲਾਅ ਅਫ਼ਸਰਾਂ ਦੀਆਂ ਕੁੱਲ 35 ਅਸਾਮੀਆਂ ਦੀ ਸਿੱਧੀ ਭਰਤੀ ਲਈ ਅੱਜ ਕਰਵਾਈ ਗਈ ਸਾਂਝੇ ਮੁਕਾਬਲੇ ਦੀ ਲਿਖਤੀ ਪ੍ਰੀਖਿਆ ਸਫਲਤਾ ਪੂਰਵਕ ਨੇਪਰੇ ਚੜ੍ਹੀ। ਪੰਜਾਬੀ ਯੂਨੀਵਰਸਿਟੀ ਦੇ ਕਾਲਜ ਆਫ ਇੰਜਨੀਅਰਿੰਗ ਵਿੱਚ ਇਸ ਲਿਖਤੀ ਪ੍ਰੀਖਿਆ ਲਈ ਕਰੀਬ 600 ਉਮੀਦਵਾਰਾਂ ਨੇ ਇਮਤਿਹਾਨ ਦਿੱਤਾ। ਇਸ ਪ੍ਰੀਖਿਆ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਖ਼ੁਦ ਨਿਗਰਾਨੀ ਕਰ ਰਹੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧਾਂ ਸਣੇ ਹੋਰ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।
ਚੇਅਰਮੈਨ ਨੇ ਦੱਸਿਆ ਕਿ ਲੀਗਲ ਅਸਿਸਟੈਂਟ ਦੀਆਂ ਪਸ਼ੂ ਪਾਲਣ, ਫਿਸ਼ਰੀਜ਼ ਤੇ ਡੇਅਰੀ ਵਿਕਾਸ ਵਿਭਾਗ ਵਿੱਚ ਇੱਕ ਅਸਾਮੀ, ਆਬਕਾਰੀ ਤੇ ਕਰ ਵਿਭਾਗ ਵਿੱਚ ਦੋ, ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵਿੱਚ ਸੱਤ, ਸਕੂਲ ਸਿੱਖਿਆ (ਸੁਬਾਰਡੀਨੇਟ ਦਫ਼ਤਰ) ਵਿੱਚ 22 ਅਸਾਮੀਆਂ ਅਤੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਲਾਅ ਅਫ਼ਸਰਾਂ ਦੀਆਂ ਤਿੰਨ ਅਸਾਮੀਆਂ
ਦੀ ਭਰਤੀ ਲਈ ਇਹ ਪ੍ਰੀਖਿਆ ਕਰਵਾਈ ਗਈ ਹੈ। ਚੇਅਰਮੈਨ ਨੇ ਦੱਸਿਆ ਕਿ ਹਰੇਕ ਪ੍ਰੀਖਿਆ ਦੀ ਤਰ੍ਹਾਂ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਸ ਇਮਤਿਹਾਨ ਲਈ ਵੀ ਪਾਰਦਰਸ਼ਤਾ ਕਾਇਮ ਰੱਖਣ ਸਣੇ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਸਨ। ਸਕੱਤਰ ਪ੍ਰੀਖਿਆਵਾਂ ਦੇਵਦਰਸ਼ਦੀਪ ਸਿੰਘ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਪੇਪਰ ਦੌਰਾਨ ਪਾਰਦਰਸ਼ਤਾ ਲਈ ਵੀਡੀਓਗ੍ਰਾਫੀ, ਬਾਰਕੋਡ ਸਕੈਨ ਤੇ ਫਿੰਗਰ ਪ੍ਰਿੰਟ ਵੈਰੀਫਾਈ ਕੀਤੇ ਗਏ ਹਨ।