For the best experience, open
https://m.punjabitribuneonline.com
on your mobile browser.
Advertisement

ਗ਼ੈਰਕਾਨੂੰਨੀ ਨਸ਼ਾਮੁਕਤੀ ਕੇਂਦਰ ’ਚੋਂ 60 ਮਰੀਜ਼ ਛੁਡਾਏ

07:23 AM Jul 06, 2024 IST
ਗ਼ੈਰਕਾਨੂੰਨੀ ਨਸ਼ਾਮੁਕਤੀ ਕੇਂਦਰ ’ਚੋਂ 60 ਮਰੀਜ਼ ਛੁਡਾਏ
ਨਸ਼ਾਮੁਕਤ ਕੇਂਦਰ ਦੀ ਜਾਂਚ ਕਰਦੇ ਹੋਏ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਜੁਲਾਈ
ਇਥੋਂ ਦੇ ਪਿੰਡ ਬੁੱਟਰ ਵਿੱਚ ਚੱਲ ਰਹੇ ਗੈਰਕਾਨੂੰਨੀ ਨਸ਼ਾਮੁਕਤੀ ਕੇਂਦਰ ਵਿੱਚ ਏਡੀਸੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਤੇ ਇਥੇ ਕਥਿਤ ਤੌਰ ’ਤੇ ਬੰਦੀ ਬਣਾਏ 60 ਮਰੀਜ਼ਾਂ ਨੂੰ ਛੁਡਾਇਆ। ਜਾਂਚ ਟੀਮ ਨੇ ਇਸ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਇਸ ਮੌਕੇ ਮਰੀਜ਼ਾਂ ਨੇ ਦੱਸਿਆ ਕਿ ਇੱਥੇ ਮਰੀਜ਼ਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਸੀ। ਤਸ਼ੱਦਦ ਕਾਰਨ ਇਥੇ ਤਿੰਨ ਨੌਜਵਾਨਾਂ ਦੀ ਕਥਿਤ ਤੌਰ ’ਤੇ ਮੌਤ ਵੀ ਹੋ ਚੁੱਕੀ ਹੈ।
ਸਿਹਤ ਵਿਭਾਗ ਦੀ ਟੀਮ ’ਚ ਸ਼ਾਮਲ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਗਰਚਾ ਨੇ ਕਿਹਾ ਕਿ ਏਡੀਸੀ ਹਰਕੀਰਤ ਕੌਰ ਚਾਨੇ ਦੀ ਨਿਗਰਾਨੀ ਹੇਠ ਨਸ਼ਾਮੁਕਤੀ ਕੇਂਦਰ ਦੀ ਬੀਤੀ ਸ਼ਾਮ ਜਾਂਚ ਕੀਤੀ ਗਈ, ਜੋ ਦੇਰ ਰਾਤ ਤੱਕ ਚੱਲੀ। ਉਨ੍ਹਾਂ ਨੇ ਉਕਤ ਨਸ਼ਾਮੁਕਤੀ ਕੇਂਦਰ ਦੇ ਗੈਰਕਾਨੂੰਨੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਰੀਜ਼ਾਂ ਵੱਲੋਂ ਅਣਮਨੁੱਖੀ ਤਸ਼ੱਦਦ ਅਤੇ ਇੱਥੇ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਗੱਲ ਵੀ ਆਖੀ ਗਈ ਹੈ। ਉਨ੍ਹਾਂ ਨੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੂੰ ਰਿਪੋਰਟ ਸੌਂਪ ਦਿੱਤੀ ਹੈ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੀ ਰਿਪੋਰਟ ਮਿਲਣ ਉੱਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨਗੇ।
ਜਾਣਕਾਰੀ ਮੁਤਾਬਕ ਕੇਂਦਰ ਵਿੱਚ ਜ਼ੇਰੇ ਇਲਾਜ ਇਕ ਨੌਜਵਾਨ ਨੇ ਸਮਾਜ ਸੇਵੀ ਮਹਿੰਦਰਪਾਲ ਲੂੰਬਾਂ ਨਾਲ ਸੰਪਰਕ ਕਰਕੇ ਨਸ਼ਾ ਛੁਡਾਊ ਕੇਂਦਰ ’ਚ ਉਨ੍ਹਾਂ ਉੱਤੇ ਹੋ ਰਹੇ ਅਣਮਨੁੱਖੀ ਤਸ਼ੱਦਦ ਬਾਰੇ ਦੱਸਿਆ ਸੀ। ਸਮਾਜ ਸੇਵੀ ਨੇ ਮਾਮਲਾ ਡੀਸੀ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ। ਡੀਸੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਡੀਸੀ ਹਰਕੀਰਤ ਕੌਰ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਅਧਿਕਾਰੀਆਂ ਦੀ ਟੀਮ ਗਠਿਤ ਕਰ ਕੇ ਨਸ਼ਾਮੁਕਤੀ ਕੇਂਦਰ ਦੀ ਜਾਂਚ ਦਾ ਹੁਕਮ ਦਿੱਤਾ। ਜਾਂਚ ਟੀਮ ਨੂੰ ਇਸ ਕੇਂਦਰ ਵਿੱਚੋਂ 60 ਅਜਿਹੇ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਲੰਮੇ ਸਮੇਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਇੱਥੇ ਕਈ ਮਰੀਜ਼ਾਂ ਦਾ ਬੀਤੇ ਇਕ ਸਾਲ ਤੋਂ ਇਲਾਜ ਚਲ ਰਿਹਾ ਸੀ। ਪ੍ਰਸ਼ਾਸਨ ਤੇ ਸਿਹਤ ਵਿਭਾਗ ਇਸ ਕੇਂਦਰ ਵਿੱਚ ਇਲਾਜ ਕਰ ਰਹੇ ਡਾਕਟਰਾਂ ਦਾ ਪਤਾ ਲਗਾਉਣ ਵਿੱਚ ਜੁਟ ਗਿਆ ਹੈ। ਇਸ ਮੌਕੇ ਅਧਿਕਾਰੀਆਂ ਨੇ ਨੇੜਲੇ ਪਿੰਡਾਂ ਦੇ ਮਰੀਜ਼ਾਂ ਨੂੰ ਘਰ ਭੇਜ ਦਿੱਤਾ, ਜਦੋਂਕਿ ਬਾਹਰੀ ਜ਼ਿਲ੍ਹਿਆਂ ਤੇ ਦੂਰ ਦੁਰਾਡੇ ਦੇ ਮਰੀਜ਼ਾਂ ਨੂੰ ਸਰਕਾਰੀ ਨਸ਼ਾਮੁਕਤੀ ਕੇਂਦਰ, ਜਨੇਰ ਵਿੱਚ ਤਬਦੀਲ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਾਂਚ ਵਿੱਚ ਪਤਾ ਚਲਿਆ ਹੈ ਕਿ ਕੇਂਦਰ ਕੋਲ ਕੋਈ ਲਾਇਸੈਂਸ ਨਹੀਂ ਸੀ। ਮਰੀਜ਼ਾਂ ਨੇ ਟੀਮ ਨੂੰ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਅਤੇ ਇਸ ਤੋਂ ਪਹਿਲਾਂ ਦੋ ਹੋਰ ਨੌਜਵਾਨਾਂ ਦੀ ਤਸ਼ੱਦਦ ਕਾਰਨ ਜਾਨ ਚਲੀ ਗਈ ਸੀ।

Advertisement

Advertisement
Advertisement
Author Image

sanam grng

View all posts

Advertisement