ਗਹਿਰੀ ਬੁੱਟਰ ਵਿੱਚ ਸਰਪੰਚੀ ਲਈ ਲੱਗੀ 60 ਲੱਖ ਦੀ ਬੋਲੀ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 29 ਸਤੰਬਰ
ਪੰਜਾਬ ’ਚ ਆਗਾਮੀ 15 ਅਕਤੂਬਰ ਨੂੰ ਪੈਣ ਵਾਲੀਆਂ ਸਰਪੰਚੀ ਦੀਆਂ ਵੋਟਾਂ ਲਈ ਪਿੰਡਾਂ ਵਿੱਚ ਮਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਪਿੰਡ ਗਹਿਰੀ ਬੁੱਟਰ ਵਿਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ 60 ਲੱਖ ਰੁਪਏ ਦੀ ਬੋਲੀ ਲੱਗੀ ਪਰ ਲੋਕਾਂ ਵਿਚ ਸਹਿਮਤੀ ਨਹੀਂ ਬਣ ਸਕੀ। ਪਿੰਡ ਵਾਸੀ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸਾਂਝਾ ਇਕੱਠ ਕੀਤਾ ਗਿਆ ਜਿਥੇ ਪਿੰਡ ਦੇ ਨੌਜਵਾਨ ਨਵਜੋਤ ਸਿੰਘ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਨ ’ਤੇ ਪਿੰਡ ਦੇ ਸਾਂਝੇ ਕੰਮਾਂ ਲਈ 50 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਪਰ ਸਹਿਮਤੀ ਨਾ ਬਣ ਸਕੀ। ਇਸੇ ਦੌਰਾਨ ਸਰਪੰਚੀ ਦੇ ਇਕ ਹੋਰ ਚਾਹਵਾਨ ਬਿੱਕਰ ਸਿੰਘ ਪੁੱਤਰ ਜਗਰਾਜ ਸਿੰਘ ਵੱਲੋਂ 60 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਪਰ ਫਿਰ ਵੀ ਲੋਕ ਸਹਿਮਤ ਨਾ ਹੋਏ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਮੁੜ ਇਕੱਠ ਸੱਦਿਆ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬੋਲੀ ਦੀ ਰਕਮ 1 ਕਰੋੜ ਰੁਪਏ ਤੱਕ ਵੀ ਜਾ ਸਕਦੀ ਸੀ। ਪਿੰਡ ਦੇ ਨੌਜਵਾਨਾਂ ਵੱਲੋਂ ਸਰਪੰਚੀ ਖਰੀਦੇ ਜਾਣ ਦੀ ਪਾਈ ਜਾ ਰਹੀ ਇਸ ਪਿਰਤ ਦਾ ਵਿਰੋਧ ਕਰਨ ’ਤੇ ਮਾਮਲਾ ਲਟਕ ਗਿਆ। ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਇਸ ਢੰਗ ਨਾਲ ਸਰਪੰਚ ਚੁਣੇ ਜਾਣ ਲੱਗੇ ਤਾਂ ਆਮ ਲੋਕ ਇਸ ਪ੍ਰਕਿਰਿਆ ਵਿਚੋਂ ਬਾਹਰ ਹੋ ਜਾਣਗੇ। ਨਾਇਬ ਤਹਿਸੀਲਦਾਰ ਸੰਗਤ ਬਿਕਰਮ ਕੁਮਾਰ ਨੇ ਕਿਹਾ ਕਿ ਇਸ ਬਾਰੇ ਸਬੰਧਤ ਚੋਣ ਅਧਿਕਾਰੀ ਹੀ ਕਾਰਵਾਈ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਨੇੜਲੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਨ ਸਬੰਧੀ ਬੋਲੀਆਂ ਲੱਗਣ ਦੀਆਂ ਖ਼ਬਰਾਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਸਰਪੰਚੀ ਦੇ ਚਾਹਵਾਨ ਵੱਡੇ ਵੱਡੇ ਐਲਾਨ ਕਰ ਰਹੇ ਹਨ।