ਯੂਕਰੇਨ ’ਤੇ ਰੂਸੀ ਹਮਲੇ ’ਚ 6 ਵਿਅਕਤੀ ਹਲਾਕ, 30 ਜ਼ਖ਼ਮੀ
ਕੀਵ, 11 ਨਵੰਬਰ
ਰੂਸ ਵੱਲੋਂ ਦੱਖਣੀ ਅਤੇ ਪੂਰਬੀ ਯੂਕਰੇਨ ਦੇ ਸ਼ਹਿਰਾਂ ’ਚ ਕੀਤੇ ਗਏ ਹਮਲਿਆਂ ’ਚ 6 ਵਿਅਕਤੀ ਮਾਰੇ ਗਏ ਜਦਕਿ 30 ਹੋਰ ਜ਼ਖ਼ਮੀ ਹੋ ਗਏ। ਰੂਸ ਨੇ ਹਮਲਿਆਂ ’ਚ ਗਲਾਈਡ ਬੰਬਾਂ, ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਵੱਲੋਂ ਰੋਜ਼ਾਨਾ ਦਿਨ ਅਤੇ ਰਾਤ ਸਮੇਂ ਦਹਿਸ਼ਤ ਫੈਲਾਈ ਜਾ ਰਹੀ ਹੈ। ਉਨ੍ਹਾਂ ਟੈਲੀਗ੍ਰਾਮ ਐਪ ’ਤੇ ਇਕ ਪੋਸਟ ’ਚ ਕਿਹਾ ਕਿ ਰੂਸ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਰੂਸੀ ਡਰੋਨਾਂ ਨੇ ਖੇਰਸਨ ਖ਼ਿੱਤੇ ਦੇ ਮਾਈਕੋਲੇਵ ’ਚ ਹਮਲਾ ਕੀਤਾ ਜਿਸ ਕਾਰਨ 5 ਵਿਅਕਤੀ ਹਲਾਕ ਹੋ ਗਏ ਅਤੇ ਇਕ ਮਹਿਲਾ ਜ਼ਖ਼ਮੀ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਕਰੀਬ ਦੋ ਦਰਜਨ ਵਿਅਕਤੀਆਂ ਨੇ ਘਰਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪੁੱਜਣ ਕਾਰਨ ਮਨੋਵਿਗਿਆਨਕ ਤੌਰ ’ਤੇ ਸਹਾਇਤਾ ਮੰਗੀ ਹੈ। ਜ਼ਾਪੋਰਿਜ਼ੀਆ ’ਚ ਤਿੰਨ ਸ਼ਕਤੀਸ਼ਾਲੀ ਗਲਾਈਡ ਬੰਬ ਧਮਾਕਿਆਂ ’ਚ ਇਕ ਵਿਅਕਤੀ ਮਾਰਿਆ ਗਿਆ ਜਦਕਿ ਚਾਰ ਸਾਲ ਦੇ ਬੱਚੇ ਸਮੇਤ 21 ਹੋਰ ਜਣੇ ਜ਼ਖ਼ਮੀ ਹੋ ਗਏ। ਹਮਲਿਆਂ ’ਚ ਦੋ ਮੰਜ਼ਿਲਾ ਅਪਾਰਟਮੈਂਟ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਹੈ। ਇਸੇ ਤਰ੍ਹਾਂ ਜ਼ੇਲੈਂਸਕੀ ਦੇ ਗ੍ਰਹਿ ਨਗਰ ਕ੍ਰਿਵੀ ਰੀਹ ’ਚ ਪੰਜ ਮੰਜ਼ਿਲਾ ਇਮਾਰਤ ’ਤੇ ਰੂਸੀ ਬੈਲਿਸਟਿਕ ਮਿਜ਼ਾਈਲ ਆ ਕੇ ਡਿੱਗੀ ਜਿਸ ’ਚ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਯੂਕਰੇਨ ਦੀ ਖ਼ੁਫ਼ੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸੀ ਐੱਮਆਈ-24 ਅਸਾਲਟ ਹੈਲੀਕਾਪਟਰ ਨੂੰ ਤਬਾਹ ਕਰ ਦਿੱਤਾ ਹੈ। ਉਂਜ ਰੂਸੀ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਕੁਰਸਕ, ਬੇਲਗ੍ਰਾਦ ਅਤੇ ਵੋਰੋਨੇਜ਼ ’ਚ ਉਸ ਨੇ 17 ਯੂਕਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ। -ਏਪੀ