ਗਾਜ਼ਾ ’ਤੇ ਹਮਲੇ ’ਚ ਦੋ ਬੱਚਿਆਂ ਸਮੇਤ 6 ਹਲਾਕਟਰੰਪ ਨਾਲ ਮਿਲਣੀ ਕੈਨੇਡਾ ਲਈ ਲਾਹੇਵੰਦ: ਟਰੂਡੋ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 1 ਦਸੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫਲੋਰਿਡਾ ਵਿੱਚ ਕੀਤੀ ਮਿਲਣੀ ਨੂੰ ਕੈਨੇਡਾ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੁਵੱਲੀ ਸਦਭਾਵਨਾ ਲਈ ਮਿਲਣੀ ਜ਼ਰੂਰੀ ਸੀ ਜਿਸ ਦੇ ਨਤੀਜੇ ਦੇਸ਼ ਲਈ ਚੰਗੇ ਹੋਣਗੇ। ਦੋਵਾਂ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਰਾਤ ਦੇ ਖਾਣੇ ’ਤੇ ਹੋਈ ਮਿਲਣੀ ਨੂੰ ਉਤਸ਼ਾਹੀ ਤੇ ਚੰਗਾ ਮੰਨਿਆ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਨਜਾਇਜ਼ ਨਸ਼ਾ ਤਸਕਰੀ, ਸਰਹੱਦੀ ਸੁਰੱਖਿਆ ਅਤੇ ਵਪਾਰਕ ਮਾਮਲਿਆਂ ਬਾਰੇ ਲੰਮੀ ਚੌੜੀ ਵਿਚਾਰ ਚਰਚਾ ਕੀਤੀ ਹੈ। ਟਰੰਪ ਨੇ ਟਰੂਡੋ ਨੂੰ ਸਪਸ਼ਟ ਕਰ ਦਿੱਤਾ ਕਿ ਉਹ ਆਪਣੇ ਦੇਸ਼ ਵਾਸੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਪੂਰੀ ਵਾਹ ਲਾਉਣਗੇ ਤੇ ਇਸ ਮਾਮਲੇ ’ਤੇ ਕਿਸੇ ਨਾਲ ਲਿਹਾਜ ਨਹੀਂ ਕੀਤਾ ਜਾਏਗਾ।
ਟਰੰਪ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਨਸ਼ਿਆਂ ਦੇ ਰੁਝਾਨ ਨੂੰ ਨੱਥ ਪਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਤੇ ਗੁਆਂਢੀ ਦੇਸ਼ ਦੇ ਹਰੇਕ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ। ਮਨੋਨੀਤ ਰਾਸ਼ਟਰਪਤੀ ਨੇ ਕਿਹਾ ਕਿ ਕੈਨੇਡਾ ਤੋਂ ਅਮਰੀਕਾ ਆਉਂਦੇ ਸਮਾਨ ਉੱਤੇ 25 ਫੀਸਦ ਟੈਰਿਫ ਬਾਰੇ ਵਿਚਾਰ ਚਰਚਾ ਤਾਂ ਹੋਈ, ਪਰ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ। ਪ੍ਰਧਾਨ ਮੰਤਰੀ ਟਰੂਡੋ ਦੀ ਫਲੋਰਿਡਾ ਫੇਰੀ ਨੇ ਕਈਆਂ ਨੂੰ ਹੈਰਾਨ ਕੀਤਾ ਹੈ। ਟਰੰਪ ਦੇ ਰਿਜ਼ੌਰਟ ਦੀ ਅਚਾਨਕ ਫੇਰੀ ਮੌਕੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਖਾਸ ਮੰਤਰੀ ਤੇ ਸਲਾਹਕਾਰ ਵੀ ਮੌਜੂਦ ਸਨ।