Earthquake in China: ਤਿੱਬਤ ਵਿਚ 6.8 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ; 126 ਮੌਤਾਂ, 188 ਜ਼ਖ਼ਮੀ
ਪੇਈਚਿੰਗ, 7 ਜਨਵਰੀ
Earthquake in China: ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਸ਼ਿਗਾਜੇ ਸ਼ਹਿਰ ਵਿਚ ਅੱਜ ਸਵੇਰੇ 6.8 ਦੀ ਸ਼ਿੱਦਤ ਵਾਲਾ ਭੂਚਾਲ ਆਇਆ, ਜਿਸ ਵਿਚ ਘੱਟੋ ਘੱਟ 126 ਵਿਅਕਤੀਆਂ ਦੀ ਮੌਤ ਹੋ ਗਈ ਤੇ 188 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਭੂਚਾਲ ਦੇ ਝਟਕੇ ਨਾਲ ਲੱਗਦੇ ਨੇਪਾਲ ਵਿਚ ਵੀ ਮਹਿਸੂਸ ਕੀਤੇ ਗਏ ਹਨ। ਖੇਤਰੀ ਆਫ਼ਤ ਰਾਹਤ ਦਫ਼ਤਰ ਮੁਤਾਬਕ ਮੰਗਲਵਾਰ ਸਵੇਰੇ 9:05 ਵਜੇ (ਚੀਨ ਦੇ ਸਮੇਂ ਅਨੁਸਾਰ) ਤਿੱਬਤ ਦੇ ਸ਼ਿਗਾਜੇ ਸ਼ਹਿਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਟਿੰਗਰੀ ਕਾਉਂਟੀ ਵਿੱਚ 1,000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਕੇਂਦਰ ਦੇ ਨੇੜੇ ਦਾ ਇਲਾਕਾ ਹਲਕੀ ਆਬਾਦੀ ਵਾਲਾ ਹੈ। ਭੂਚਾਲ ਦੇ ਕੇਂਦਰ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ 27 ਪਿੰਡਾਂ ਵਿੱਚ ਲਗਭਗ 6,900 ਲੋਕ ਰਹਿੰਦੇ ਹਨ। ਭੂਚਾਲ ਦੇ ਕੇਂਦਰ ਦਾ ਸਭ ਤੋਂ ਨਜ਼ਦੀਕੀ ਪ੍ਰਮੁੱਖ ਸ਼ਹਿਰ ਸ਼ਿਗਾਜੇ ਹੈ, ਜੋ ਲਗਭਗ 180 ਕਿਲੋਮੀਟਰ ਦੂਰ ਸਥਿਤ ਹੈ। ਭੂਚਾਲ ਤੋਂ ਬਾਅਦ ਇੱਕ ਬਿਆਨ ਵਿੱਚ ਚੀਨੀ ਨੇਤਾ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਬਚੇ ਲੋਕਾਂ ਦੀ ਭਾਲ ਅਤੇ ਬਚਾਅ, ਜਾਨੀ ਨੁਕਸਾਨ ਨੂੰ ਘੱਟ ਕਰਨ, ਪ੍ਰਭਾਵਿਤ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ।
ਯੂਐੱਸਜੀਐੱਸ ਤੇ ਭਾਰਤੀ ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਸ਼ਿੱਦਤ 7.1 ਦੱਸਦਿਆਂ ਕਿਹਾ ਕਿ ਇਸ ਦਾ ਕੇਂਦਰ ਚੀਨ ਦੇ ਟਿੰਗਰੀ ਕਾਊਂਟੀ ਵਿਚ ਸ਼ਿਜਾਂਗ ਸੀ, ਜੋ ਉੱਤਰ ਪੂਰਬੀ ਨੇਪਾਲ ਦੇ ਖੁੰਬੂ ਹਿਮਾਲਾ ਪਰਬੱਤਮਾਲਾ ਵਿਚ ਲੋਬੁਤਸ ਤੋਂ 90 ਕਿਲੋਮੀਟਰ ਉੱਤਰ ਪੂਰਬ ਵਿਚ ਸਥਿਤ ਹੈ।
ਹਾਲਾਂਕਿ ਚੀਨ ਨੇ ਭੂਚਾਲ ਦੀ ਸ਼ਿੱਦਤ 6.8 ਦਰਜ ਕੀਤੀ ਹੈ। ਇਸ ਦੌਰਾਨ ਨੇਪਾਲ ਦੇ ਕਾਠਮੰਡੂ ਵਿਚ ਆਏ ਜ਼ੋਰਦਾਰ ਭੂਚਾਲ ਕਰਕੇ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ। ਏਐੱਨਆਈ/ਪੀਟੀਆਈ