For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ’ਚ 59 ਫ਼ੀਸਦ ਮਤਦਾਨ

07:03 AM May 21, 2024 IST
ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ’ਚ 59 ਫ਼ੀਸਦ ਮਤਦਾਨ
ਬਾਰਾਮੂਲਾ ਦੇ ਪੋਲਿੰਗ ਬੂਥ ’ਤੇ ਸੁਰੱਖਿਆ ਬਲਾਂ ਦੀ ਿਨਗਰਾਨੀ ਹੇਠ ਵੋਟਰਾਂ ਦੀ ਲੱਗੀ ਲੰਮੀ ਕਤਾਰ। -ਫੋਟੋ: ਪੀਟੀਆਈ
Advertisement

* ਉੜੀਸਾ ਦੇ 35 ਵਿਧਾਨ ਸਭਾ ਹਲਕਿਆਂ ਲਈ ਵੀ ਪਈਆਂ ਵੋਟਾਂ

Advertisement

ਨਵੀਂ ਦਿੱਲੀ, 20 ਮਈ
ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਅੱਜ ਛੇੇ ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 49 ਸੀਟਾਂ ਲਈ ਵੋਟਾਂ ਪਈਆਂ। ਰਾਤ 10:00 ਵਜੇ ਤੱਕ 59 ਫੀਸਦ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਅਤੇ ਸੂਬੇ ਤੇ ਨਾਲ ਲੱਗਦੇ ਉੜੀਸਾ ਦੇ ਕੁਝ ਪੋਲਿੰਗ ਬੂਥਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਤਕਨੀਕੀ ਨੁਕਸ ਦੀਆਂ ਘਟਨਾਵਾਂ ਦਰਮਿਆਨ ਚੋਣ ਅਮਲ ਅਮਨ-ਅਮਾਨ ਨਾਲ ਨਿੱਬੜ ਗਿਆ। ਮਹਾਰਾਸ਼ਟਰ ਵਿਚ ਸਭ ਤੋਂ ਘੱਟ 53.51 ਫੀਸਦ ਤੇ ਪੱਛਮੀ ਬੰਗਾਲ ਵਿਚ ਸਭ ਤੋਂ ਵੱਧ 73.14 ਫੀਸਦ ਮਤਦਾਨ ਦਰਜ ਕੀਤਾ ਗਿਆ ਹੈ। ਪੰਜਵੇਂ ਗੇੜ ਦੇ ਮਤਦਾਨ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (ਰਾਏ ਬਰੇਲੀ), ਕੇਂਦਰੀ ਮੰਤਰੀਆਂ ਰਾਜਨਾਥ ਸਿੰਘ (ਲਖਨਊ), ਪਿਊਸ਼ ਗੋਇਲ (ਮੁੰਬਈ ਉੱਤਰੀ) ਤੇ ਸਮ੍ਰਿਤੀ ਇਰਾਨੀ(ਅਮੇਠੀ) ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਜਿਹੇ ਪ੍ਰਮੁੱਖ ਆਗੂਆਂ ਦੀ ਸਿਆਸੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਗਈ।

Advertisement

ਲੱਦਾਖ ਦੇ ਲੋਕ ਵੋਟ ਪਾਉਣ ਮਗਰੋਂ ਆਪਣੀਆਂ ਉਂਗਲਾਂ ’ਤੇ ਲੱਗੀ ਹੋਈ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਪੰਜਵੇਂ ਗੇੜ ਮਗਰੋਂ ਲੋਕ ਸਭਾ ਦੀਆਂ 428 ਸੀਟਾਂ ਲਈ ਵੋਟਿੰਗ ਦਾ ਅਮਲ ਨਿੱਬੜ ਗਿਆ ਹੈ। ਛੇਵੇਂ ਤੇ ਸੱਤਵੇਂ ਗੇੜ ਲਈ ਕ੍ਰਮਵਾਰ 25 ਮਈ ਤੇ 1 ਜੂਨ ਨੂੰ ਮਤਦਾਨ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ। ਪੰਜਵੇਂ ਗੇੜ ਵਿਚ ਬਿਹਾਰ ’ਚ 53.78 ਫੀਸਦ, ਜੰਮੂ ਕਸ਼ਮੀਰ 59 ਫੀਸਦ, ਝਾਰਖੰਡ 63.06 ਫੀਸਦ, ਉੜੀਸਾ 62.23 ਫੀਸਦ, ਯੂਪੀ 57.79 ਫੀਸਦ ਤੇ ਲੱਦਾਖ ਵਿਚ 67.15 ਫੀਸਦ ਮਤਦਾਨ ਹੋਇਆ। ਚੋਣ ਕਮਿਸ਼ਨ ਵੱੱਲੋਂ ਉਪਲਬਧ ਕਰਵਾਏ ਅੰਕੜਿਆਂ ਮੁਤਾਬਕ ਰਾਤ 10:00 ਵਜੇ ਤੱਕ ਲਗਪਗ ਵੋਟ ਫੀਸਦ 59.06 ਫੀਸਦ ਸੀ। ਮਤਦਾਨ ਖਤਮ ਹੋਣ ਦਾ ਸਮਾਂ ਭਾਵੇਂ ਸ਼ਾਮ 6 ਵਜੇ ਤੱਕ ਸੀ, ਪਰ ਪੋਲਿੰਗ ਬੂਥਾਂ ’ਤੇ ਅਜੇ ਵੀ ਲੋਕ ਕਤਾਰਾਂ ਵਿਚ ਖੜ੍ਹੇ ਸਨ, ਜਿਸ ਕਰਕੇ ਵੋਟ ਫੀਸਦ ਦਾ ਅੰਕੜਾ ਵਧਣ ਦੇ ਆਸਾਰ ਹਨ। ਪੰਜਵੇਂ ਗੇੜ ਵਿਚ ਅੱਜ ਮਹਾਰਾਸ਼ਟਰ ਦੀਆਂ 13, ਯੂਪੀ 14, ਪੱਛਮੀ ਬੰਗਾਲ 7, ਬਿਹਾਰ 5, ਝਾਰਖੰਡ 3, ਉੜੀਸਾ 5, ਜੰਮੂ ਕਸ਼ਮੀਰ ਦੀ ਇਕ ਤੇ ਲੱਦਾਖ ਦੀ ਇਕੋ ਇਕ ਸੀਟ ਲਈ ਵੋਟਾਂ ਪਈਆਂ।

ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਪੰਜਵੇਂ ਗੇੜ ਦੌਰਾਨ ਸੋਮਵਾਰ ਨੂੰ ਮੁੰਬਈ ਵਿੱਚ ਅਦਾਕਾਰਾ ਹੇਮਾ ਮਾਲਿਨੀ ਤੇ ਇਸ਼ਾ ਦਿਓਲ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਪੱਛਮੀ ਬੰਗਾਲ ਦੇ ਸੱਤ ਲੋਕ ਸਭਾ ਹਲਕਿਆਂ ਦੀ ਚੋਣ ਦੌਰਾਨ ਬੈਰਕਪੁਰ, ਬੋਨਗਾਓਂ ਤੇ ਅਰਾਮਬਾਗ਼ ਸੰਸਦੀ ਹਲਕਿਆਂ ਵਿਚ ਕਈ ਥਾਈਂ ਟੀਐੱਮਸੀ ਤੇ ਭਾਜਪਾ ਵਰਕਰ ਆਪਸ ਵਿਚ ਖਹਿਬੜ ਪਏ। ਚੋਣ ਪੈਨਲ ਨੇ ਈਵੀਐੱਮਜ਼ ਵਿਚ ਤਕਨੀਕੀ ਨੁਕਸ ਤੇ ਏਜੰਟਾਂ ਨੂੰ ਪੋਲਿੰਗ ਬੂਥਾਂ ’ਤੇ ਜਾਣ ਤੋਂ ਰੋਕਣ ਸਬੰਧੀ ਵੱਖ ਵੱਖ ਪਾਰਟੀਆਂ ਵੱਲੋਂ 1036 ਸ਼ਿਕਾਇਤਾਂ ਮਿਲਣ ਦਾ ਦਾਅਵਾ ਕੀਤਾ ਹੈ। ਅਰਾਬਾਗ਼ ਹਲਕੇ ਦੇ ਖਾਨਾਕੁਲ ਇਲਾਕੇ ਵਿਚ ਟੀਐੱਮਸੀ ਤੇ ਭਾਜਪਾ ਹਮਾਇਤੀ ਇਕ ਦੂਜੇ ਨਾਲ ਭਿੜ ਗਏ। ਗੁਆਂਢੀ ਹੁਗਲੀ ਹਲਕੇ ਵਿਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਤੇ ਪਾਰਟੀ ਉਮੀਦਵਾਰ ਲਾਕੇਟ ਚੈਟਰਜੀ ਨੂੰ ਟੀਐੱਮਸੀ ਵਿਧਾਇਕ ਆਸ਼ਿਮ ਪਾਤਰਾ ਦੀ ਅਗਵਾਈ ਵਾਲੇ ਟੀਐੱਮਸੀ ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਚੈਟਰਜੀ ਇਕ ਬੂਥ ’ਤੇ ਪੁੱਜੀ ਤਾਂ ਟੀਐੱਮਸੀ ਕਾਰਕੁਨਾਂ ਨੇ ‘ਚੋਰ ਚੋਰ’ ਦੇ ਨਾਅਰੇ ਲਾਏ।

ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਪੰਜਵੇਂ ਗੇੜ ਦੌਰਾਨ ਸੋਮਵਾਰ ਨੂੰ ਮੁੰਬਈ ਵਿੱਚ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਤੇ ਉਨ੍ਹਾਂ ਦੀ ਪਤਨੀ ਰਸ਼ਮੀ ਠਾਕਰੇ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਇਸ ਮਗਰੋਂ ਚੈਟਰਜੀ ਆਪਣੀ ਕਾਰ ’ਚੋਂ ਉਤਰੀ ਤੇ ਉਨ੍ਹਾਂ ਟੀਐੱਮਸੀ ਕਾਰਕੁਨਾਂ ਖਿਲਾਫ਼ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲੀਸ ਤੇ ਕੇਂਦਰੀ ਬਲਾਂ ਦੀ ਟੁਕੜੀ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਧਿਰਾਂ ਨੂੰ ਰੋਕਿਆ। ਇਸ ਦੌਰਾਨ ਹਾਵੜਾ ਹਲਕੇ ਦੇ ਕਈ ਹਿੱਸਿਆਂ ਤੋਂ ਵੀ ਹਿੰਸਾ ਦੀਆਂ ਰਿਪੋਰਟਾਂ ਹਨ। ਹਾਵੜਾ ਦੇ ਲਿਲੁਆ ਇਲਾਕੇ ਵਿਚ ਭਾਜਪਾ ਨੇ ਟੀਐੱਮਸੀ ਵਰਕਰਾਂ ’ਤੇ ਚੋਣ ਬੂਥ ਜਾਮ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਦੋਵੇਂ ਧਿਰਾਂ ਝਗੜ ਪਈਆਂ ਤੇ ਕੇਂਦਰੀ ਬਲਾਂ ਨੇ ਉਨ੍ਹਾਂ ਨੂੰ ਉਥੋਂ ਖਿੰਡਾਇਆ। ਬੋਨਗਾਓਂ ਹਲਕੇ ਦੇ ਗਿਆਸਪੁਰ ਇਲਾਕੇ ਵਿਚ ਸਥਾਨਕ ਭਾਜਪਾ ਆਗੂ ਸੁਬੀਰ ਬਿਸਵਾਸ ਦੀ ਇਕ ਬੂਥ ਦੇ ਬਾਹਰ ਟੀਐੱਮਸੀ ਹਮਾਇਤੀਆਂ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ। ਇਸੇ ਹਲਕੇ ਦੇ ਕਲਿਆਣੀ ਇਲਾਕੇ ਵਿਚ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਸ਼ਾਂਤਨੂ ਠਾਕੁਰ ਨੇ ਇਕ ਵਿਅਕਤੀ ਨੂੰ ਆਪਣੇ ਰਵਾਇਤੀ ਵਿਰੋਧੀ ਟੀਐੱਮਸੀ ਉਮੀਦਵਾਰ ਬਿਸਵਜੀਤ ਦਾਸ ਦਾ ਪਛਾਣ ਪੱਤਰ ਵਰਤਦਿਆਂ ਫੜਿਆ। ਕੇਂਦਰੀ ਬਲਾਂ ਨੇ ਮਗਰੋਂ ਇਸ ਵਿਅਕਤੀ ਨੂੰ ਬੂਥ ’ਚੋਂ ਬਾਹਰ ਕੱਢ ਦਿੱਤਾ। ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਈਵੀਐੱਮਜ਼ ਵਿਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਹੈ।

ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਪੰਜਵੇਂ ਗੇੜ ਦੌਰਾਨ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਰਾਹੀ ਬਲਾਕ ਦੇ ਬੇਲਾ ਖਾਰਾ ਪਿੰਡ ਵਿਚ ਤਿੰਨ ਬੂਥਾਂ ’ਤੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ। ਸਮਾਜਵਾਦੀ ਪਾਰਟੀ ਦੀ ਗੋਂਦਾ ਹਲਕੇ ਤੋਂ ਉਮੀਦਵਾਰ ਸ਼੍ਰੇਆ ਵਰਮਾ ਨੇ ਚੋਣ ਕਮਿਸ਼ਨ ਨੂੰ ਮਾਣਕਪੁਰ ਇਲਾਕੇ ਦੇ 180 ਤੇ 181 ਬੂਥ ਨੰਬਰਾਂ ’ਤੇ ਵੋਟਿੰਗ ’ਚ ਗੜਬੜੀ ਦੀ ਸ਼ਿਕਾਇਤ ਕੀਤੀ। ਕੌਸ਼ਾਂਬੀ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਹਿਸਾਮਪੁਰ ਮਾਧੋ ਪਿੰਡ ਦੇ ਵੋਟਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਮਹਾਰਾਸ਼ਟਰ ਵਿਚ ਸ਼ਿਵ ਸੈਨਾ (ਯੂਬੀਟੀ) ਆਗੂ ਆਦਿੱਤਿਆ ਠਾਕਰੇ ਨੇ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਨੂੰ ਛਾਂ ਤੇ ਪੱਖਿਆਂ ਜਿਹੀਆਂ ਬੁਨਿਆਦੀ ਸਹੂਲਤਾਂ ਨਾ ਮਿਲਣ ਦਾ ਦਾਅਵਾ ਕੀਤਾ। ਭਾਜਪਾ ਆਗੂ ਕਿਰਿਤ ਸੋਮੱਈਆ ਨੇ ਸ਼ਿਵ ਸੈਨਾ (ਯੂਬੀਟੀ) ਆਗੂਆਂ ਸੰਜੈ ਰਾਊਤ ਤੇ ਸੁਨੀਲ ਰਾਊਤ ’ਤੇ ਮੁੰਬਈ ਦੇ ਭਾਂਡੁਪ ਵਿਚ ਪੋਲਿੰਗ ਬੂਥ ਦੇ ਬਾਹਰ ਗ਼ਲਤ ਢੰਗ ਨਾਲ ਵੋਟਾਂ ਪਵਾਉਣ ਦਾ ਦੋੋਸ਼ ਲਾਇਆ। ਸਾਬਕਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ (ਯੂਬੀਟੀ) ਦੇ ਦੋ ਕਾਰਕੁਨਾਂ ਨੂੰ ਕਥਿਤ ਫ਼ਰਜ਼ੀ ਈਵੀਐੱਮ ਵਰਤਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਲੋਕ ਸਭਾ ਚੋਣਾਂ ਲਈ ਵੋਟਿੰਗ ਦੇ ਪੰਜਵੇਂ ਗੇੜ ਦੌਰਾਨ ਸੋਮਵਾਰ ਨੂੰ ਲਖਨਊ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਵਿਧਾਇਕ ਸੁਨੀਲ ਰਾਊਤ, ਜੋ ਸੰਜੈ ਰਾਊਤ ਦੇ ਭਰਾ ਹਨ, ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਡੱਮੀ ਈਵੀਐੱਮ ਸਿਰਫ਼ ਵੋਟਰਾਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਤੋਂ ਬਾਹਰ ਰੱਖੀ ਗਈ ਸੀ। ਉੜੀਸਾ ਦੇ ਬਾਰਗੜ੍ਹ ਜ਼ਿਲ੍ਹੇ ਵਿਚ ਕੁਝ ਅਣਪਛਾਤਿਆਂ ਨੇ ਵੋਟਰਾਂ ਨੂੰ ਬਿਠਾ ਕੇ ਲਿਜਾ ਰਹੇ ਆਟੋ-ਰਿਕਸ਼ਾ ਚਾਲਕ ਦੀ ਕਥਿਤ ਹੱਤਿਆ ਕਰ ਦਿੱਤੀ। ਉੜੀਸਾ ਵਿਚ ਕਈ ਥਾਈਂ ਈਵੀਐੱਮਜ਼ ਵਿਚ ਤਕਨੀਕੀ ਨੁਕਸ ਪੈਣ ਦੀਆਂ ਵੀ ਰਿਪੋਰਟਾਂ ਹਨ। ਲੋਕ ਸਭਾ ਦੀਆਂ 49 ਸੀਟਾਂ ਦੇ ਨਾਲ ਅੱਜ ਉੜੀਸਾ ਦੇ 35 ਅਸੈਂਬਲੀ ਹਲਕਿਆਂ ਲਈ ਵੀ ਵੋਟਾਂ ਪਈਆਂ। ਬੀਜੂ ਜਨਤਾ ਦਲ (ਬੀਜੇਡੀ) ਦੇ ਪ੍ਰਧਾਨ ਤੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਹੋਰਨਾਂ ਉਮੀਦਵਾਰਾਂ ਨਾਲ ਚੋਣ ਪਿੜ ਵਿਚ ਹਨ। ਮੁੱਖ ਮੰਤਰੀ ਪਟਨਾਇਕ ਦੋ ਅਸੈਂਬਲੀ ਹਲਕਿਆਂ ਹਿੰਜਲੀ ਤੇ ਕਾਂਤਾਬੰਜੀ ਤੋਂ ਚੋਣ ਲੜ ਰਹੇ ਹਨ। ਝਾਰਖੰਡ ਦੀਆਂ ਤਿੰਨ ਲੋਕ ਸਭਾ ਸੀਟਾਂ ਛਤਰਾ, ਹਜ਼ਾਰੀਬਾਗ ਤੇ ਕੋਡਰਮਾ ਦੇ ਨਾਲ ਗਾਂਡੇ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਪਈਆਂ। -ਪੀਟੀਆਈ

ਬਾਰਾਮੂਲਾ ਵਿੱਚ ਵੋਟਿੰਗ ਦਾ ਟੁੱਟਿਆ ਰਿਕਾਰਡ

ਜੰਮੂ ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਹਲਕੇ ਲਈ ਰਿਕਾਰਡ 59 ਫੀਸਦ ਤੋਂ ਵੱਧ ਮਤਦਾਨ ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1984 ਵਿਚ ਬਾਰਾਮੂਲਾ ਸੰਸਦੀ ਹਲਕੇ ਵਿਚ 58.84 ਫੀਸਦ ਮਤਦਾਨ ਹੋਇਆ ਸੀ। ਇਸ ਤੋਂ ਪਹਿਲਾਂ ਸ੍ਰੀਨਗਰ ਹਲਕੇ ਵਿੱਚ 13 ਮਈ ਨੂੰ 38 ਫੀਸਦੀ ਵੋਟਿੰਗ ਹੋਈ ਸੀ। ਉਧਰ ਪੀਪਲਜ਼ ਡੈਮੋਕ੍ਰੈਟਿਕ ਪਾਰਟੀ(ਪੀਡੀਪੀ) ਪ੍ਰਮੁੱਖ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਚੌਥੇ ਤੇ ਪੰਜਵੇਂ ਗੇੜ ਦੌਰਾਨ ਕਸ਼ਮੀਰ ਵਿੱਚ ਵੱਧ ਵੋਟਿੰਗ ਹੋਣਾ ਇਥੋਂ ਦੇ ਲੋਕਾਂ ਦਾ ਭਾਜਪਾ ਪ੍ਰਤੀ ਰੋਸ ਦਰਸਾਉਂਦਾ ਹੈ ਜਿਸ ਨੇ ਧਾਰਾ 370 ਮਨਸੂਖ ਕੀਤੀ ਸੀ ਤੇ ਜੰਮੂ ਅਤੇ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵੋਟਰਾਂ ਖਾਸਕਰ ਨੌਜਵਾਨਾਂ ਨੇ ਪੱਥਰ ਅਤੇ ਬੰਦੂਕ ਦੀ ਥਾਂ ਨਵੀਂ ਦਿੱਲੀ ਨੂੰ ਆਪਣੀ ਵੋਟ ਰਾਹੀਂ ਸੁਨੇਹਾ ਦਿੱਤਾ ਹੈ।

Advertisement
Author Image

joginder kumar

View all posts

Advertisement