ਜਰਮਨ ਸਫੀਰ ਨੂੰ 59 ਸੰਸਦ ਮੈਂਬਰਾਂ ਨੇ ਬੱਚੀ ਭਾਰਤ ਭੇਜਣ ਲਈ ਲਿਖਿਆ ਪੱਤਰ
ਨਵੀਂ ਦਿੱਲੀ, 3 ਜੂਨ
ਦੇਸ਼ ਦੀਆਂ 19 ਪਾਰਟੀਆਂ ਦੇ 59 ਸੰਸਦ ਮੈਂਬਰਾਂ ਨੇ ਜਰਮਨ ਸਫ਼ੀਰ ਨੂੰ ਪੱਤਰ ਲਿਖ ਕੇ ਭਾਰਤੀ ਬੱਚੀ ਵਾਪਸ ਕਰਨ ਦੀ ਮੰਗ ਕੀਤੀ ਹੈ। ਬੱਚੀ ਨੂੰ ਜਰਮਨ ਅਧਿਕਾਰੀ ਸਤੰਬਰ 2021 ‘ਚ ਮਾਪਿਆਂ ਤੋਂ ਲੈ ਗਏ ਸਨ। ਜਰਮਨ ਬਾਲ ਭਲਾਈ ਏਜੰਸੀ ਜਗੇਨਡੈਮਟ ਨੇ ਆਰੀਹਾ ਸ਼ਾਹ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ ਜਦੋਂ ਉਹ ਸੱਤ ਮਹੀਨਿਆਂ ਦੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਮਾਪੇ ਬੱਚੀ ਨੂੰ ਪ੍ਰੇਸ਼ਾਨ ਕਰਦੇ ਹਨ। ਸੰਸਦ ਮੈਂਬਰਾਂ ਨੇ ਲਿਖਿਆ ਹੈ ਕਿ ਉਹ ਜਰਮਨੀ ਦੀ ਕਾਨੂੰਨੀ ਪ੍ਰਕਿਰਿਆ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਏਜੰਸੀ ‘ਤੇ ਕੋਈ ਸਵਾਲ ਨਹੀਂ ਉਠਾਉਂਦੇ ਹਨ ਕਿਉਂਕਿ ਉਸ ਨੇ ਬੱਚੀ ਦੇ ਹਿੱਤਾਂ ਨੂੰ ਦੇਖਦਿਆਂ ਫ਼ੈਸਲਾ ਲਿਆ ਹੋਵੇਗਾ ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਖ਼ਿਲਾਫ਼ ਕੋਈ ਅਪਰਾਧਿਕ ਕੇਸ ਸਾਬਿਤ ਨਾ ਹੋਣ ਕਾਰਨ ਬੱਚੀ ਨੂੰ ਭਾਰਤ ਭੇਜ ਦੇਣਾ ਚਾਹੀਦਾ ਹੈ। ਪੱਤਰ ‘ਤੇ ਹੇਮਾ ਮਾਲਿਨੀ (ਭਾਜਪਾ), ਅਧੀਰ ਰੰਜਨ ਚੌਧਰੀ (ਕਾਂਗਰਸ), ਸੁਪ੍ਰਿਯਾ ਸੂਲੇ (ਐੱਨਸੀਪੀ), ਕਨੀਮੋਝੀ ਕਰੁਣਾਨਿਧੀ (ਡੀਐੱਮਕੇ), ਮਹੂਆ ਮੋਇਤਰਾ (ਟੀਐੱਮਸੀ), ਅਗਾਥਾ ਸੰਗਮਾ (ਐੱਨਪੀਪੀ), ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ), ਮੇਨਕਾ ਗਾਂਧੀ (ਭਾਜਪਾ), ਪ੍ਰਣੀਤ ਕੌਰ (ਕਾਂਗਰਸ), ਸ਼ਸ਼ੀ ਥਰੂਰ (ਕਾਂਗਰਸ) ਅਤੇ ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ) ਦੇ ਨਾਮ ਸ਼ਾਮਲ ਹਨ। ਭਾਰਤ ਨੇ ਸ਼ੁੱਕਰਵਾਰ ਨੂੰ ਜਰਮਨੀ ਨੂੰ ਅਪੀਲ ਕੀਤੀ ਸੀ ਕਿ ਅਰੀਹਾ ਸ਼ਾਹ ਨੂੰ ਜਿੰਨੀ ਛੇਤੀ ਹੋ ਸਕੇ ਭਾਰਤ ਭੇਜਿਆ ਜਾਵੇ ਕਿਉਂਕਿ ਆਪਣੇ ਧਾਰਮਿਕ, ਸੱਭਿਆਚਾਰ ਅਤੇ ਸਮਾਜਿਕ ਮਾਹੌਲ ‘ਚ ਉਸ ਦਾ ਰਹਿਣਾ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਅਰੀਹਾ ਜਰਮਨ ਬਾਲਘਰ ‘ਚ ਰਹਿ ਰਹੀ ਹੈ ਅਤੇ ਇਹ ਉਸ ਦੇ ਹੱਕਾਂ ਦੀ ਉਲੰਘਣਾ ਹੈ। -ਪੀਟੀਆਈ