ਲੁਧਿਆਣਾ ਵਿੱਚ 58.90 ਫ਼ੀਸਦੀ ਵੋਟਿੰਗ
ਗਗਨਦੀਪ ਅਰੋੜਾ
ਲੁਧਿਆਣਾ, 15 ਅਕਤੂਬਰ
ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਪੰਚਾਇਤੀ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਪੈ ਗਈਆਂ। ਜ਼ਿਲ੍ਹੇ ’ਚ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਜ਼ਿਲ੍ਹੇ ਵਿੱਚ 58 ਫ਼ੀਸਦੀ ਵੋਟਿੰਗ ਹੋਈ ਹੈ। ਵੋਟਾਂ ਪਾਉਣ ਦਾ ਸਮਾਂ ਸ਼ਾਮ 4 ਵਜੇ ਤੱਕ ਸੀ। ਕਈ ਥਾਵਾਂ ’ਤੇ 4 ਵਜੇ ਤੋਂ ਬਾਅਦ ਵੀ ਵੋਟਾਂ ਪਾਉਣ ਵਾਲੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਵੋਟਾਂ ਦਾ ਕੰਮ ਖਤਮ ਹੁੰਦੇ ਸਾਰ ਹੀ ਵੋਟਾਂ ਵਾਲੀ ਥਾਂ ’ਤੇ ਨਤੀਜਿਆਂ ਦੀ ਉਡੀਕ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹੇ। ਦੇਰ ਰਾਤ ਕਈ ਥਾਵਾਂ ’ਤੇ ਨਤੀਜੇ ਵੀ ਸਾਹਮਣੇ ਆਏ। ਨਤੀਜਿਆਂ ਵਿੱਚ ਜਿੱਤ ਤੋਂ ਬਾਅਦ ਜੇਤੂ ਪੰਚਾਂ-ਸਰਪੰਚਾਂ ਵੱਲੋਂ ਆਪਣੇ ਸਮਰਥਕਾਂ ਨਾਲ ਲੱਡੂਆਂ ਨਾਲ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਪਣੀ ਜਿੱਤ ਦੇ ਜਸ਼ਨ ਮਨਾਇਆ ਗਿਆ।
ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ ਜਿਸ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ ਅੱਗੇ ਵੋਟਰਾਂ ਦੀਆਂ ਲਾਈਨਾਂ ਲੱਗ ਗਈਆਂ ਸਨ। ਇਸ ਦੌਰਾਨ ਸਮੂਹ ਪਿੰਡਾਂ ’ਚ ਵਿਆਹ ਵਰਗਾ ਮਾਹੌਲ ਦਿਖਾਈ ਦਿੱਤਾ ਜਿਸ ਤੋਂ ਬਾਅਦ ਕੁੱਝ ਥਾਵਾਂ ’ਤੇ ਦੁਪਹਿਰ ਵੇਲੇ ਵੋਟਰਾਂ ਦਾ ਉਤਸ਼ਾਹ ਮੱਠਾ ਨਜ਼ਰ ਆਇਆ ਪਰ ਦੁਪਹਿਰ ਢਲਦਿਆਂ ਹੀ ਮੁੜ ਪੋਲਿੰਗ ਬੂਥਾਂ ’ਤੇ ਰੌਣਕਾਂ ਲੱਗੀਆਂ ਦਿਖਾਈ ਦਿੱਤੀਆਂ। ਨਿਰਧਾਰਤ ਸਮੇਂ ’ਤੇ ਦੁਪਹਿਰ ਬਾਅਦ 4 ਵਜੇ ਚੋਣ ਪ੍ਰਕਿਰਿਆ ਲਈ ਨਿਰਧਾਰਤ ਇਮਾਰਤਾਂ ਦੇ ਗੇਟ ਬੰਦ ਕਰ ਦਿੱਤੇ ਗਏ ਪਰ ਚਾਰ ਵਜੇ ਤੋਂ ਪਹਿਲਾਂ ਗੇਟ ਅੰਦਰ ਦਾਖਲ ਹੋਣ ਵਾਲਿਆਂ ਦੀ ਵੋਟ ਪਵਾਈ ਗਈ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪੰਚਾਇਤੀ ਚੋਣਾਂ ਵਾਲੇ ਪਿੰਡਾਂ ’ਚ 1638 ਬੂਥ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ ਸਰਬਸੰਮਤੀ ਵਾਲੀਆਂ ਪੰਚਾਇਤਾਂ ਦੇ ਬੂਥ ਕੱਢ ਕੇ 1408 ਬੂਥ ਬਾਕੀ ਰਹਿ ਗਏ ਸਨ, ਜਿੱਥੇ ਸਵੇਰੇ ਸ਼ੁਰੂ ਹੋਣ ਤੋਂ ਲੈ ਕੇ ਦੇਰ ਸ਼ਾਮ ਤੱਕ ਵੋਟਾਂ ਪੈਣ ਦਾ ਕੰਮ ਨਿਰਵਿਘਨ ਜਾਰੀ ਰਿਹਾ। ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਇੱਕ-ਇੱਕ ਵੋਟ ਨੂੰ ਪੂਰੀ ਅਹਿਮੀਅਤ ਦਿੰਦਿਆਂ ਆਪਣੇ ਵਾਹਨਾਂ ’ਤੇ ਪਿੰਡ ਤੋਂ ਬਾਹਰ ਰਹਿੰਦੇ ਵੋਟਰਾਂ ਨੂੰ ਵੋਟ ਪਾਉਣ ਲਈ ਬੁਲਾਇਆ ਜਾਂਦਾ ਰਿਹਾ। ਇਸ ਦੌਰਾਨ ਸਮੂਹ ਪਿੰਡਾਂ ’ਚ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਪੁਲੀਸ ਪ੍ਰਸ਼ਾਸਨ ਮੁਸਤੈਦੀ ਨਾਲ ਤਾਇਨਾਤ ਰਿਹਾ। ਵੋਟਿੰਗ ਕਰਵਾਉਣ ਵਿੱਚ ਲੱਗੀਆਂ ਟੀਮਾਂ ਨੇ ਵੀ ਬਜ਼ੁਰਗਾਂ ਤੇ ਹੋਰਨਾਂ ਜ਼ਰੂਰਤਮੰਦ ਵੋਟਰਾਂ ਦੀ ਮਦਦ ਵੀ ਕੀਤੀ। ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 941 ਪਿੰਡਾਂ ਦੀਆਂ ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ 157 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਅਤੇ ਬਾਕੀ ਰਹਿੰਦੇ 784 ਪਿੰਡਾਂ ਵਿੱਚ ਵੋਟਾਂ ਪਈਆਂ। ਇਨ੍ਹਾਂ ਵਿੱਚ ਕੁੱਲ 12.37 ਲੱਖ ਵੋਟਰਾਂ ਵਿੱਚੋਂ 6.5 ਲੱਖ ਪੁਰਸ਼, 5.8 ਲੱਖ ਔਰਤਾਂ ਅਤੇ 21 ਤੀਜੇ ਲਿੰਗ ਨਾਲ ਸਬੰਧਤ ਨਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 38 ਅਤਿ-ਸੰਵੇਦਨਸ਼ੀਲ ਅਤੇ 177 ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਕੁੱਲ 7,040 ਮੁਲਾਜ਼ਮਾਂ ਨੇ ਦਿੱਤੀ ਵੋਟਿੰਗ ਲਈ ਡਿਊਟੀ
ਪੰਚਾਇਤੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ 7040 ਦੇ ਕਰੀਬ ਸਿਵਲ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੇ ਸਵੇਰੇ ਤੜਕੇ ਤੋਂ ਹੀ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸਨ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਵਾਉਣ ਤੋਂ ਲੈ ਕੇ ਨਤੀਜੇ ਆਉਣ ਤੱਕ ਇਹ ਮੁਲਾਜ਼ਮ ਆਪਣੀ ਡਿਊਟੀ ’ਤੇ ਤਾਇਨਾਤ ਰਹੇ।