ਅਮਰੀਕਾ ’ਚ ਭਾਰਤੀ ਨਾਗਰਿਕ ਨੂੰ ਔਰਤ ਦਾ ਸ਼ੋਸ਼ਣ ਕਰਨ ਦੇ ਦੋਸ਼ ’ਚ 57 ਮਹੀਨਿਆਂ ਦੀ ਕੈਦ ਤੇ 40 ਹਜ਼ਾਰ ਡਾਲਰ ਜੁਰਮਾਨਾ
ਵਾਸ਼ਿੰਗਟਨ, 8 ਦਸੰਬਰ
ਅਮਰੀਕਾ ਦੇ ਜਾਰਜੀਆ ਵਿਚ ਮੋਟਲ ਦੇ ਭਾਰਤੀ ਮੈਨੇਜਰ ਨੂੰ ਔਰਤ ਦੀ ਤਸਕਰੀ ਅਤੇ ਉਸ ਨੂੰ ਬੰਧੂਆ ਮਜ਼ਦੂਰੀ ਲਈ ਮਜਬੂਰ ਕਰਨ ਦੇ ਦੋਸ਼ ਵਿਚ 57 ਮਹੀਨਿਆਂ ਦੀ ਕੈਦ ਤੇ 40 ਹਜ਼ਾਰ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ 71 ਸਾਲਾ ਸ਼੍ਰੀਸ਼ ਤਿਵਾੜੀ ਭਾਰਤੀ ਨਾਗਰਿਕ ਅਤੇ ਅਮਰੀਕਾ ਦਾ ਕਾਨੂੰਨੀ ਸਥਾਈ ਨਿਵਾਸੀ ਹੈ। ਉਸ ਨੇ 2020 ਵਿੱਚ ਕਾਰਟਰਸਵਿਲੇ ਵਿੱਚ ਬਜਟੈੱਲ ਮੋਟਲ ਦਾ ਪ੍ਰਬੰਧਨ ਸ਼ੁਰੂ ਕੀਤਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਤਿਵਾੜੀ ਨੇ ਔਰਤ ਨੂੰ ਮੋਟਲ ਵਿਚ ਕੰਮ ’ਤੇ ਰੱਖਿਆ ਤੇ ਉਸ ਨੂੰ ਰਹਿਣ ਲਈ ਇਕ ਕਮਰਾ ਦਿੱਤਾ। ਤਿਵਾੜੀ ਨੂੰ ਪਤਾ ਸੀ ਕਿ ਪੀੜਤ ਪਹਿਲਾਂ ਬੇਘਰ ਸੀ ਤੇ ਪਹਿਲਾਂ ਨਸ਼ੇੜੀ ਸੀ। ਉਸ ਦੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦਿੱਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਤਿਵਾੜੀ ਨੇ ਪੀੜਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਤਨਖਾਹ ਅਤੇ ਅਪਾਰਟਮੈਂਟ ਮੁਹੱਈਆ ਕਰਵਾਏਗਾ ਅਤੇ ਉਸ ਨੂੰ ਵਕੀਲ ਮੁਹੱਈਆ ਕਰਵਾ ਕੇ ਉਸ ਦੇ ਬੱਚੇ ਮੁੜ ਹਾਸਲ ਕਰਨ ਵਿਚ ਮਦਦ ਕਰੇਗਾ। ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਆਪਣੇ ਵਾਅਦਿਆਂ ਦੀ ਪਾਲਣਾ ਕਰਨ ਦੀ ਬਜਾਏ ਤਿਵਾੜੀ ਨੇ ਮੋਟਲ ਮਹਿਮਾਨਾਂ ਅਤੇ ਕਰਮਚਾਰੀਆਂ ਨਾਲ ਪੀੜਤ ਦੀ ਗੱਲਬਾਤ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਉਨ੍ਹਾਂ ਨਾਲ ਗੱਲ ਕਰਨ ਤੋਂ ਰੋਕਿਆ। ਵਕੀਲਾਂ ਨੇ ਕਿਹਾ ਕਿ ਤਿਵਾੜੀ ਨੇ ਪੀੜਤਾ ਦਾ ਜਿਨਸੀ ਸ਼ੋਸਣ ਕੀਤਾ ਅਤੇ ਅਕਸਰ ਉਸ ਨੂੰ ਮੋਟਲ ਦੇ ਕਮਰੇ ਵਿੱਚੋਂ ਬਾਹਰ ਕੱਢਣ ਦੀ ਧਮਕੀ ਦਿੰਦਾ ਸੀ।