55 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਆ

ਰਤਨ ਸਿੰੰਘ ਢਿੱਲੋਂ
ਅੰਬਾਲਾ, 20 ਸਤੰਬਰ

ਰੋਟਰੀ ਕਲੱਬ ਵੱਲੋਂ ਸਨਮਾਨੇ ਗਏ ਸਰਕਾਰੀ ਸਕੂਲਾਂ ਦੇ ਦ੍ਰਿਸ਼ਟੀਹੀਣ ਅਧਿਆਪਕ।

ਰੋਟਰੀ ਕਲੱਬ ਇੰਡਸਟ੍ਰੀਅਲ ਏਰੀਆ ਅੰਬਾਲਾ ਵੱਲੋਂ ਅੱਜ ਸ਼ਾਮ ਨੂੰ ਛਾਉਣੀ ਦੀ ਮਿਲ ਰੋਡ ’ਤੇ ਸਥਿਤ ਨੇਤਰਹੀਣ ਮੁੜ ਵਸੇਬਾ ਅਤੇ ਸਿਖਲਾਈ ਸੰਸਥਾ ਦੇ ਹਾਲ ਵਿਚ ਸਮਾਗਮ ਕਰਕੇ ਅੰਬਾਲਾ ਅਤੇ ਆਸ-ਪਾਸ ਦੇ ਖੇਤਰਾਂ ਦੇ ਸਕੂਲਾਂ ਵਿਚ ਪੜ੍ਹਾ ਰਹੇ ਸੌ ਫੀਸਦ ਨਤੀਜਾ ਦੇਣ ਵਾਲੇ 55 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ 6 ਨੇਤਰਹੀਣ ਅਧਿਆਪਕ ਵੀ ਸ਼ਾਮਲ ਸਨ। ਕੇਂਦਰੀ ਵਿਦਿਆਲਾ ਨੰਬਰ-2 ਦੀ ਪ੍ਰਿੰਸੀਪਲ ਪ੍ਰਿਅੰਕਾ ਤਿਆਗੀ, ਡੀਏਵੀ ਸਕੂਲ ਦੇ ਪ੍ਰਿੰਸੀਪਲ ਅਤੇ ਸਟੇਟ ਪੱਧਰੀ ਬੈਸਟ ਟੀਚਰ ਐਵਾਰਡ ਹਾਸਲ ਕਰ ਚੁੱਕੇ ਰਮੇਸ਼ ਬਾਂਸਲ ਅਤੇ ਇਕ ਹੋਰ ਕੇਂਦਰੀ ਵਿਦਿਆਲਾ ਦੇ ਪ੍ਰਿੰਸੀਪਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਐੱਸ.ਡੀ. ਕਾਲਜ ਅੰਬਾਲਾ ਦੇ ਅਰਥਸ਼ਾਸਤਰ ਵਿਭਾਗ ਦੇ ਸਾਬਕਾ ਪੀਜੀ ਮੁਖੀ ਅਤੇ ਸੇਵਾ ਮੁਕਤੀ ਤੋਂ ਬਾਅਦ ਛਾਉਣੀ ਦੀ ਮਲੀਨ ਬਸਤੀ ਵਿਚ ਕਬਾੜ ਚੁਗਣ ਵਾਲੇ ਬੱਚਿਆਂ ਨੂੰ ਆਪਣੇ ਖਰਚੇ ’ਤੇ ਸਿੱਖਿਆ ਦੇ ਰਹੇ ਡਾ. ਐਸ.ਪੀ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਅੰਬਾਲਾ ਰੇਲਵੇ ਡਿਵੀਜ਼ਨ ਦੇ ਏਡੀਆਰਐਮ ਕਰਣ ਸਿੰਘ ਸਨ। ਮੰਚ ਉੱਤੇ ਉਨ੍ਹਾਂ ਦੇ ਨਾਲ ਕੱਲਬ ਦੇ ਪ੍ਰਧਾਨ ਸੁਭਾਸ਼ ਧੀਮਾਨ, ਸਕੱਤਰ ਅਸ਼ੋਕ ਸ਼ਰਮਾ ਪ੍ਰੋਜੈਕਟ ਇੰਚਾਰਜ ਸ਼੍ਰੀਮਤੀ ਚਾਂਦ ਚਾਵਲਾ, ਸਾਬਕਾ ਪ੍ਰਧਾਨ ਕ੍ਰਿਸ਼ਨ ਲਾਲ ਯਾਦਵ ਅਤੇ ਪ੍ਰੋ. ਜਾਗੇ ਰਾਮ ਮੌਜੂਦ ਸਨ। ਰੋਟਰੀ ਜ਼ਿਲ੍ਹਾ 3080 ਦੇ ਸਹਾਇਕ ਗਵਰਨਰ ਵੀ.ਕੇ. ਸ਼ਰਮਾ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਐਵਾਰਡੀਆਂ ਨੂੰ ਸੰਬੋਧਿਨ ਕੀਤਾ। ਮੁੱਖ ਮਹਿਮਾਨ ਨੇ ਅਧਿਆਪਨ ਦੇ ਕਿੱਤੇ ਨੂੰ ਸਭ ਤੋਂ ਉੱਤਮ ਦੱਸਦਿਆਂ ਅਧਿਆਪਕਾਂ ਦੀ ਪ੍ਰਸੰਸਾ ਕੀਤੀ।

Tags :