540 touts held: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਯਾਤਰੀਆਂ ਨੂੰ ਠੱਗਣ ਦੇ ਦੋਸ਼ ਹੇਠ 540 ਦਲਾਲ ਗ੍ਰਿਫ਼ਤਾਰ
ਨਵੀਂ ਦਿੱਲੀ, 11 ਦਸੰਬਰ
ਦਿੱਲੀ ਪੁਲੀਸ ਨੇ ਇਸ ਸਾਲ ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡੇ ਦੇ ਬਾਹਰ ਯਾਤਰੀਆਂ ਨੂੰ ਠੱਗਣ ਵਿੱਚ ਸ਼ਾਮਲ 540 ਦਲਾਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗ੍ਰਿਫ਼ਤਾਰੀਆਂ ਦੀ ਗਿਣਤੀ ਦੁੱਗਣੀ ਨਾਲੋਂ ਵੀ ਵੱਧ ਹੈ। ਪਿਛਲੇ ਸਾਲ 264 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ।
ਡੀਸੀਪੀ (ਆਈਜੀਆਈ) ਊਸ਼ਾ ਰੰਗਨਾਨੀ ਨੇ ਕਿਹਾ, ‘‘ਮੁਲਜ਼ਮਾਂ ਨੇ ਯਾਤਰੀਆਂ ਨੂੰ ਅਣਅਧਿਕਾਰਤ ਸੇਵਾਵਾਂ ਜਿਵੇਂ ਟੈਕਸੀ, ਰਿਹਾਇਸ਼ ਜਾਂ ਸ਼ਾਪਿੰਗ ਦਾ ਇਸਤੇਮਾਲੇ ਕਰਨ ਲਈ ਮਜਬੂਰ ਜਾਂ ਗੁੰਮਰਾਹ ਕੀਤਾ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਹਵਾਈ ਅੱਡੇ ਅਤੇ ਦੇਸ਼ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਬਲਕਿ ਯਾਤਰੀਆਂ ਦੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾਉਂਦੀਆਂ ਹਨ।’’
ਉਨ੍ਹਾਂ ਇਹ ਵੀ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਅਪਰਾਧਾਂ ਵਿੱਚ ਇਸਤੇਮਾਲ ਕੀਤੇ ਗਏ 254 ਵਾਹਨਾਂ ਨੂੰ ਜ਼ਬਤ ਕੀਤਾ ਹੈ ਜਦਕਿ 2023 ਵਿੱਚ ਇਹ ਗਿਣਤੀ 96 ਸੀ। ਰੰਗਨਾਨੀ ਨੇ ਦੱਸਿਆ ਕਿ ਦਲਾਲੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚੋਂ 373 ਦਿੱਲੀ ਤੋਂ ਹਨ ਜਦਕਿ ਹੋਰ ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ, ਰਾਜਸਥਾਨ, ਪੰਜਾਬ, ਮਹਾਰਾਸ਼ਟਰ, ਉੱਤਰਾਖੰਡ ਤੇ ਸਿੱਕਮ ਤੋਂ ਹਨ। -ਪੀਟੀਆਈ