ਈਡੀ ਵੱਲੋਂ ਜੈੱਟ ਏਅਰਵੇਜ਼ ਦੇ ਬਾਨੀ ਦੇ 538 ਕਰੋੜ ਦੇ ਅਸਾਸੇ ਜ਼ਬਤ
ਨਵੀਂ ਦਿੱਲੀ, 1 ਨਵੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਤਿ ਬੈਂਕ ਕਰਜ਼ਾ ਧੋਖਾਧੜੀ ਦੀ ਜਾਂਚ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਕੰਪਨੀਆਂ ਦੇ ਲੰਡਨ, ਦੁਬਈ ਤੇ ਭਾਰਤ ਵਿਚਲੇ 538 ਕਰੋੜ ਰੁਪਏ ਦੇ ਅਸਾਸੇ ਜ਼ਬਤ ਕਰ ਲਏ ਹਨ। ਇਨ੍ਹਾਂ ਅਸਾਸਿਆਂ ਵਿੱਚ 17 ਰਿਹਾਇਸ਼ੀ ਫਲੈਟ, ਬੰਗਲੇ ਤੇ ਵਪਾਰਕ ਅਹਾਤੇ ਵੀ ਸ਼ਾਮਲ ਹਨ। ਸੰਘੀ ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਲੰਡਨ, ਦੁਬਈ ਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਇਹ ਜਾਇਦਾਦਾਂ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ, ਪੁੱਤਰ ਨਿਵਾਨ ਅਤੇ ਜੈੱਟਏਅਰ ਪ੍ਰਾਈਵੇਟ ਲਿਮਟਿਡ ਤੇ ਜੈੱਟ ਐਂਟਰਪ੍ਰਾਈਜ਼ਜ਼ ਪ੍ਰਾਈਵੇਟ ਲਿਮਟਿਡ ਜਿਹੀਆਂ ਵੱਖ ਵੱਖ ਕੰਪਨੀਆਂ ਦੇ ਨਾਂ ’ਤੇ ਹਨ। ਈਡੀ ਨੇ ਕਿਹਾ ਕਿ ਇਨ੍ਹਾਂ ਅਸਾਸਿਆਂ ਦੀ ਕੁੱਲ ਕੀਮਤ 538.05 ਕਰੋੜ ਬਣਦੀ ਹੈ। ਈਡੀ ਨੇ ਗੋਇਲ (74) ਨੂੰ ਪਹਿਲੀ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਏਜੰਸੀ ਨੇ ਮੰਗਲਵਾਰ ਨੂੰ ਮੁੰਬਈ ਦੀ ਵਿਸ਼ੇਸ਼ ਪੀਐੱਮਐੱਲਏ ਕੋਰਟ ਵਿਚ ਉਸ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਗੋਇਲ ਇਸ ਵੇਲੇ ਨਿਆਂਇਕ ਹਿਰਾਸਤ ਤਹਤਿ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। -ਪੀਟੀਆਈ