For the best experience, open
https://m.punjabitribuneonline.com
on your mobile browser.
Advertisement

ਫਰਜ਼ੀ ਸੀਬੀਆਈ ਅਧਿਕਾਰੀ ਬਣ ਕੇ 52 ਲੱਖ ਠੱਗੇ

09:06 AM Mar 10, 2024 IST
ਫਰਜ਼ੀ ਸੀਬੀਆਈ ਅਧਿਕਾਰੀ ਬਣ ਕੇ 52 ਲੱਖ ਠੱਗੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਤਪਾਲ ਰਾਮਗੜ੍ਹੀਆ
ਪਿਹੋਵਾ, 9 ਮਾਰਚ
ਸਥਾਨਕ ਪੁਲੀਸ ਨੇ ਕਈ ਵਿਅਕਤੀਆਂ ਖ਼ਿਲਾਫ਼ ਫਰਜ਼ੀ ਸੀਬੀਆਈ ਅਧਿਕਾਰੀ ਬਣ ਕੇ ਇੱਕ ਪਰਿਵਾਰ ਨਾਲ 52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਐੱਸਪੀ ਦਫ਼ਤਰ ਦੇ ਹੁਕਮਾਂ ’ਤੇ ਪੁਲੀਸ ਨੇ ਪਿੰਦਰ ਸੋਢੀ ਪਿੰਡ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ, ਸੁਰਜੀਤ ਸਿੰਘ, ਹੈਪੀ ਵਾਸੀ ਧੰਨ ਧੰਨ ਸਤਿਗੁਰੂ ਕਲੋਨੀ ਪਿੰਡ ਅਸਮਾਨਪੁਰ ਸਮੇਤ ਕਈਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਲੁਧਿਆਣਾ ਵਿਜੀਲੈਂਸ ਨੇ ਇੱਕ ਹੋਰ ਮਾਮਲੇ ਵਿੱਚ ਉਕਤ ਵਿੱਚੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਇਸ ਮਗਰੋਂ ਪੀੜਤ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਪਿੰਡ ਅਸਮਾਨਪੁਰ ਦੀ ਧੰਨ-ਧੰਨ ਸਤਿਗੁਰੂ ਕਲੋਨੀ ਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਸੁਮਨ ਨੇ ਮਾਰਚ 2023 ਵਿੱਚ ਆਪਣੇ ਜੱਦੀ ਪਿੰਡ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਵੇਚੀ ਸੀ ਤੇ ਇਥੇ ਇੱਕ ਜਾਇਦਾਦ ਖਰੀਦੀ ਸੀ। ਇਸ ਸੌਦੇ ਮਗਰੋਂ ਉਨ੍ਹਾਂ ਕੋਲ 60 ਲੱਖ ਦੀ ਨਕਦੀ ਬਾਕੀ ਬਚਦੀ ਸੀ। ਉਸ ਨੇ ਦੱਸਿਆ ਕਿ 17 ਜੂਨ 2023 ਨੂੰ ਉਸ ਦਾ ਬੇਟਾ ਸਰਬਜੀਤ ਤੇ ਨੂੰਹ ਸੁਮਨ ਦਸ ਲੱਖ ਦੀ ਨਕਦੀ ਲੈ ਕੇ ਜਾਇਦਾਦ ਖਰੀਦਣ ਲਈ ਅੰਬਾਲਾ ਗਏ ਸਨ। ਇਸੇ ਦੌਰਾਨ ਚਾਰ ਵਿਅਕਤੀ ਸੀਬੀਆਈ ਦੇ ਅਧਿਕਾਰੀ ਬਣ ਕੇ ਉਸ ਦੇ ਘਰ ਆਏ ਤੇ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਪੰਜਾਬ ਵਿੱਚ ਗ਼ਲਤ ਢੰਗ ਨਾਲ ਜ਼ਮੀਨਾਂ ਵੇਚ ਕੇ ਸਰਕਾਰ ਨਾਲ ਧੋਖਾ ਕੀਤਾ ਹੈ। ਮੁਲਜ਼ਮ ਉਸ ਨੂੰ ਸਾਰੀ ਰਕਮ ਜਮ੍ਹਾਂ ਕਰਵਾਉਣ ਲਈ ਆਖ ਕੇ ਉਸ ਦਾ ਤੇ ਪਤਨੀ ਦਾ ਮੋਬਾਈਲ ਫੋਨ ਲੈ ਗਏ। ਇਸ ਮੌਕੇ ਸ਼ਿਕਾਇਤਕਰਤਾ ਨੇ 10 ਲੱਖ ਦੀ ਨਕਦੀ ਵਾਲਾ ਬੈਗ ਉਨ੍ਹਾਂ ਨੂੰ ਪਕੜਾ ਦਿੱਤਾ ਤੇ 10 ਲੱਖ ਰੁਪਏ ਹੋਰ ਕਢਵਾ ਕੇ ਉਨ੍ਹਾਂ ਨੂੰ ਦੇ ਦਿੱਤੇ ਤੇ ਦਸ ਲੱਖ ਰੁਪਏ ਦਾ ਇੱਕ ਚੈੱਕ ਵੀ ਲੈ ਗਏ। ਇਸ ਮਗਰੋਂ ਉਨ੍ਹਾਂ ਉਕਤ ਮੁਲਜ਼ਮਾਂ ਵੱਲੋਂ ਦਿੱਤੇ ਗਏ ਖਾਤੇ ਵਿੱਚ 21 ਲੱਖ ਰੁਪਏ ਜਮ੍ਹਾਂ ਕਰਵਾਏ। ਜਦੋਂਕਿ ਇਹ ਲੋਕ 10 ਲੱਖ ਰੁਪਏ ਦਾ ਚੈੱਕ ਵੀ ਲੈ ਗਏ।
ਇਸ ਦੌਰਾਨ ਉਨ੍ਹਾਂ ਨੂੰ ਵਾਟਸਐਪ ’ਤੇ ਕਾਲ ਰਾਹੀਂ ਕਈ ਵਾਰ ਗ੍ਰਿਫ਼ਤਾਰੀ ਦਾ ਡਰ ਦੇ ਕੇ ਧਮਕਾਇਆ ਗਿਆ ਤੇ ਬਕਾਇਆ ਰਕਮ ਛੇਤੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਇਸ ਮਗਰੋਂ ਉਨ੍ਹਾਂ ਚੰਡੀਗੜ੍ਹ ਸੈਕਟਰ 43 ਸਥਿਤ ਕੋਰਟ ਕੰਪਲੈਕਸ ਵਿੱਚ ਮੁਲਜ਼ਮਾਂ ਨੂੰ ਇੱਕ ਲੱਖ ਰੁਪਏ ਹੋਰ ਦਿੱਤੇ। ਮਗਰੋਂ ਉਨ੍ਹਾਂ ਨੂੰ ਦਿੱਲੀ ਕੋਨਾਟ ਪਲੇਸ ਸੱਦਿਆ ਗਿਆ, ਜਿਥੇ ਇੱਕ ਮਹਿਲਾ ਨੇ ਉਨ੍ਹਾਂ ਨੂੰ ਦਸਤਾਵੇਜ਼ ਦਿਖਾ ਕੇ ਜਾਂਚ ਦਾ ਹਵਾਲਾ ਦਿੱਤਾ। ਮੁਲਜ਼ਮਾਂ ਨੇ ਉਸ ਨੂੰ ਕਿਸੇ ਜਗਦੀਪ ਸਿੰਘ ਦੇ ਖਾਤੇ ’ਚੋਂ ਕੱਟਿਆ 23 ਲੱਖ ਰੁਪਏ ਦਾ ਚੈੱਕ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ। ਮਗਰੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਪਲਵਿੰਦਰ ਸਿੰਘ ਵਾਸੀ ਬੈਨੀਸਾਲੂ ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਨਾਲ ਵੀ ਠੱਗੀ ਮਾਰੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×