For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਫੂਡ ਬੈਂਕ ਲਈ 5000 ਡਾਲਰ ਦਾਨ

11:35 AM Jun 26, 2024 IST
ਗੁਰੂ ਨਾਨਕ ਫੂਡ ਬੈਂਕ ਲਈ 5000 ਡਾਲਰ ਦਾਨ
ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ ਰਿਚਮੰਡ ਦੇ ਪਤਵੰਤੇ ਗੁਰੂ ਨਾਨਕ ਫੂਡ ਬੈਂਕ ਲਈ ਦਾਨ ਦਾ ਚੈੱਕ ਭੇਟ ਕਰਦੇ ਹੋਏ
Advertisement

ਹਰਦਮ ਮਾਨ

ਸਰੀ: ਬੀਤੇ ਦਿਨ ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ ਰਿਚਮੰਡ ਵੱਲੋਂ ਗੁਰੂ ਨਾਨਕ ਫੂਡ ਬੈਂਕ ਨੂੰ 5,000 ਡਾਲਰ ਦਾ ਦਾਨ ਦਿੱਤਾ ਗਿਆ। ਗੁਰੂ ਨਾਨਕ ਫੂਡ ਬੈਂਕ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਨਾਨਕ ਨਿਵਾਸ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਕਸ਼ਮੀਰ ਕੌਰ ਜੌਹਲ, ਪ੍ਰਧਾਨ ਮੋਹਨ ਸਿੰਘ ਸੰਧੂ, ਸਕੱਤਰ ਬਲਵੰਤ ਸਿੰਘ ਸੰਘੇੜਾ ਅਤੇ ਬਲਬੀਰ ਸਿੰਘ ਜਵੰਦਾ ਨੇ 5,000 ਦਾ ਚੈੱਕ ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਜਤਿੰਦਰ ਜੇ ਮਿਨਹਾਸ ਨੂੰ ਸੌਂਪਿਆ।
ਗੁਰੂ ਨਾਨਕ ਫੂਡ ਬੈਂਕ ਦੇ ਸਕੱਤਰ ਨੀਰਜ ਵਾਲੀਆ ਅਤੇ ਜਤਿੰਦਰ ਜੇ ਮਿਨਹਾਸ ਨੇ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਾਨ ਰਾਸ਼ੀ ਨਾਲ ਗੁਰੂ ਨਾਨਕ ਫੂਡ ਬੈਂਕ ਵੱਲੋਂ 7 ਜੁਲਾਈ, 2024 ਨੂੰ ਕੀਤੀ ਜਾ ਰਹੀ ਚੌਥੀ ਮੈਗਾ ਫੂਡ ਡਰਾਈਵ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਨਾਨਕ ਨਿਵਾਸ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਿਲ ਰਿਹਾ ਸਹਿਯੋਗ ਸਾਨੂੰ ਸੇਵਾ ਦੇ ਇਸ ਕਾਰਜ ਵਿੱਚ ਹਮੇਸ਼ਾ ਮਦਦਗਾਰ ਰਿਹਾ ਹੈ। ਅਜਿਹਾ ਸਹਿਯੋਗ ਸਾਨੂੰ ਲੋੜਵੰਦਾਂ ਨੂੰ ਜ਼ਰੂਰੀ ਖਾਧ ਪਦਾਰਥ ਪ੍ਰਦਾਨ ਕਰਨ ਦੇ ਮਿਸ਼ਨ ਨੂੰ ਜਾਰੀ ਰੱਖਣ ਦੀ ਸਮਰੱਥਾ ਬਖ਼ਸ਼ਦਾ ਹੈ। ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਵਚਨਬੱਧਤਾ ਲਈ ਤਹਿ ਦਿਲੋਂ ਧੰਨਵਾਦ ਕੀਤਾ।

Advertisement

ਨਾਵਲਕਾਰ ਪਰਗਟ ਸਤੌਜ ਨਾਲ ਰੂਬਰੂ

ਨਾਵਲਕਾਰ ਪਰਗਟ ਸਤੌਜ ਨਾਲ ਰੂਬਰੂ ਪ੍ਰੋਗਰਾਮ ਦੀ ਝਲਕ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਦੇ ਸਾਂਝੇ ਉੱਦਮ ਨਾਲ ਪੰਜਾਬੀ ਨਾਵਲਕਾਰ ਪਰਗਟ ਸਤੌਜ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਦੇ ਹਾਲ ਵਿੱਚ ਕਰਵਾਏ ਇਸ ਰੂਬਰੂ ਵਿੱਚ ਲੋਅਰ-ਮੇਨ ਲੈਂਡ ਵਿੱਚ ਵਸਦੀਆਂ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਸ਼ਾਮਲ ਹੋਈਆਂ। ਜਿਨ੍ਹਾਂ ਵਿੱਚ ਸਾਧੂ ਬਿਨਿੰਗ, ਸੁਖਵੰਤ ਹੁੰਦਲ, ਬਖ਼ਸ਼ਿੰਦਰ, ਮੋਹਨ ਗਿੱਲ, ਰਾਜਵੰਤ ਰਾਜ, ਸੋਹਣ ਸਿੰਘ ਪੂਨੀ, ਜਰਨੈਲ ਸਿੰਘ ਸੇਖਾ, ਬਿੰਦੂ ਮਠਾੜੂ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਪ੍ਰਿਥੀਪਾਲ ਸੋਹੀ, ਜਰਨੈਲ ਸਿੰਘ ਆਰਟਿਸਟ, ਨਵਜੋਤ ਢਿੱਲੋਂ, ਰਮਨ ਜੌਹਲ, ਸੁਰਜੀਤ ਸਿੰਘ, ਪਰਮਿੰਦਰ ਸਵੈਚ, ਮੋਹਨ ਬਚਰਾ ਅਤੇ ਅੰਗਰੇਜ਼ ਬਰਾੜ ਸ਼ਾਮਲ ਸਨ। ਇਸ ਮੌਕੇ ’ਤੇ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਨਾਵਲਕਾਰੀ ’ਤੇ ਕਾਫ਼ੀ ਵਿਚਾਰ ਵਟਾਂਦਰਾ ਹੋਇਆ।
ਪਰਗਟ ਸਤੌਜ ਨੇ ਆਪਣੀ ਸਾਹਿਤਕ ਯਾਤਰਾ ਬਾਰੇ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਹ ਇੱਕ ਅਜਿਹੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਜਿਸ ਦਾ ਪੜ੍ਹਾਈ ਲਿਖਾਈ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਸੀ ਅਤੇ ਸਾਹਿਤਕਾਰੀ ਵੱਲੋਂ ਬਿਲਕੁਲ ਕੋਰੇ ਸਨ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚੋਂ ਹੀ ਪੂਰੀ ਕੀਤੀ। ਉਸ ਦਾ ਪਿੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਅਤੇ ਭਗਵੰਤ ਮਾਨ ਦੇ ਪਿਤਾ ਪਰਗਟ ਦੇ ਸਕੂਲ ਵਿੱਚ ਅਧਿਆਪਕ ਹੁੰਦੇ ਸਨ। ਪਰਗਟ ਸਤੌਜ ਨੇ ਦੱਸਿਆ ਕਿ ਆਪਣਾ ਪਹਿਲਾ ਨਾਵਲ ‘ਭਾਗੂ’ ਲਿਖਣ ਤੋਂ ਪਹਿਲਾਂ ਤੱਕ ਉਸ ਨੇ ਪੰਜਾਬੀ ਦਾ ਨਵਾਂ-ਪੁਰਾਣਾ ਸੌ ਨਾਵਲ ਪੜ੍ਹ ਲਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਨਾਵਲਾਂ ਦੇ ਪਾਤਰ ਉਸ ਦੇ ਆਲੇ-ਦੁਆਲੇ ਦੇ ਸਮਾਜ ਦਾ ਹੀ ਹਿੱਸਾ ਹੁੰਦੇ ਹਨ। ਜਿਵੇਂ ਕਿ ‘ਤੀਵੀਆਂ’ ਨਾਵਲ ਵਿਚਲੀਆਂ ਔਰਤਾਂ ਉਸ ਦੇ ਪਿੰਡ ਦੀਆਂ ਹੀ ਕੁਝ ਔਰਤਾਂ ਸਨ ਅਤੇ ‘ਨਾਚਫ਼ਰੋਸ਼’ ਨਾਵਲ ਦੇ ਪਾਤਰ ਉਸ ਦੇ ਆਪਣੇ ਦੋਸਤਾਂ ਮਿੱਤਰਾਂ ਵਿੱਚੋਂ ਹੀ ਸਨ।
ਉਸ ਨੇ ਦੱਸਿਆ ਕਿ ਉਹ ਅਧਿਆਪਨ ਕਾਰਜ ਨਾਲ ਜੁੜਿਆ ਹੋਇਆ ਹੈ ਅਤੇ ਸਰੀਰਕ-ਸਿੱਖਿਆ ਦਾ ਅਧਿਆਪਕ ਹੈ। ਉਹ ਆਪਣੇ ਸਕੂਲ ਦੀ ਲਾਇਬ੍ਰੇਰੀ ਦਾ ਵੀ ਇੰਚਾਰਜ ਹੈ ਅਤੇ ਨਵੇਂ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਪੈਦਾ ਕਰਨ ਲਈ ਹਰ ਵਕਤ ਕਾਰਜਸ਼ੀਲ ਰਹਿੰਦਾ ਹੈ। ਇਸ ਰੂਬਰੂ ਵਿੱਚ ਉਸ ਕੋਲੋਂ ਉਸ ਦੇ ਕੰਮ ਸਬੰਧੀ, ਪੰਜਾਬ, ਪੰਜਾਬੀ ਭਾਸ਼ਾ ਅਤੇ ਉਸ ਦੇ ਤਜਰਬੇ ਸਬੰਧੀ ਬਹੁਤ ਸਾਰੇ ਸਵਾਲ ਕੀਤੇ ਗਏ ਜਿਨ੍ਹਾਂ ਦੇ ਉੱਤਰ ਪਰਗਟ ਸਤੌਜ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਦਿੱਤੇ।
ਸੰਪਰਕ: +1 604 308 6663

ਓਂਟਾਰੀਓ ਕਬੱਡੀ ਕਲੱਬ ਦੀ ਮੁੜ ਖ਼ਿਤਾਬੀ ਜਿੱਤ

ਕਬੱਡੀ ਕੱਪ ਜੇਤੂ ਟੀਮ ਪ੍ਰਬੰਧਕਾਂ ਨਾਲ

ਸੁਰਿੰਦਰ ਮਾਵੀ

ਵਿਨੀਪੈਗ: ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਟੋਰਾਂਟੋ ਕਬੱਡੀ ਸੀਜ਼ਨ-2024 ਦਾ ਦੂਸਰਾ ਕਬੱਡੀ ਕੱਪ ਪਿਛਲੇ ਸਾਲ ਦੀ ਓਵਰਆਲ ਚੈਂਪੀਅਨ ਓਂਟਾਰੀਓ ਕਬੱਡੀ ਕਲੱਬ (ਓ.ਕੇ.ਸੀ.) ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦੋਂਕਿ ਗ੍ਰੇਟਰ ਟੋਰਾਂਟੋ ਏਰੀਆ ਕਬੱਡੀ ਕਲੱਬ (ਜੀ.ਟੀ.ਏ.) ਦੀ ਟੀਮ ਉਪ ਜੇਤੂ ਰਹੀ। ਇੱਕ ਵਾਰ ਫਿਰ ਜੇਤੂ ਟੀਮ ਦਾ ਖਿਡਾਰੀ ਰਵੀ ਦਿਉਰਾ ਸਰਵੋਤਮ ਧਾਵੀ ਬਣਿਆ ਅਤੇ ਇਸ ਸੀਜ਼ਨ ’ਚ ਪਹਿਲੀ ਵਾਰ ਵਾਹਿਗੁਰੂ ਸੀਚੇਵਾਲ ਬਿਹਤਰੀਨ ਜਾਫ਼ੀ ਬਣਿਆ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਲਗਾਤਾਰ ਦੂਸਰੀ ਵਾਰ ਅੱਵਲ ਰਹੇ।
ਇਸ ਕੱਪ ਦੇ ਪਹਿਲੇ ਮੈਚ ’ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਫਸਵੇਂ ਮੁਕਾਬਲੇ ’ਚ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਨੂੰ 38-35.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ’ਚ ਓ.ਕੇ.ਸੀ. ਕਲੱਬ ਨੇ ਜੀ.ਟੀ.ਏ. ਕਲੱਬ ਨੂੰ 43-26.5 ਅੰਕਾਂ ਨਾਲ ਪਛਾੜ ਕੇ ਆਖਰੀ ਚਾਰ ’ਚ ਥਾਂ ਬਣਾਈ। ਤੀਸਰੇ ਮੈਚ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 39.5-36 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਚੌਥੇ ਮੈਚ ’ਚ ਬੇਹੱਦ ਰੋਚਕ ਮੁਕਾਬਲੇ ’ਚ ਜੀਟੀਏ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 37-35.5 ਅੰਕਾਂ ਨਾਲ ਹਰਾਇਆ।
ਪਹਿਲੇ ਸੈਮੀਫਾਈਨਲ ’ਚ ਓ.ਕੇ.ਸੀ. ਦੀ ਟੀਮ ਨੇ ਪਿਛਲੇ ਕੱਪ ਦੀ ਜੇਤੂ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 42-37.5 ਅੰਕਾਂ ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਫਾਈਨਲ ’ਚ ਪ੍ਰਵੇਸ਼ ਕੀਤਾ। ਦੂਸਰੇ ਸੈਮੀਫਾਈਨਲ ’ਚ ਜੀ.ਟੀ.ਏ. ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਦਿਲਕਸ਼ ਮੈਚ ’ਚ 40-37.5 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਖ਼ਿਤਾਬੀ ਮੁਕਾਬਲੇ ’ਚ ਓ.ਕੇ.ਸੀ. ਕਲੱਬ ਦੀ ਟੀਮ ਨੇ ਜੀ.ਟੀ.ਏ. ਕਲੱਬ ਦੀ ਟੀਮ ਨੂੰ 49-37.5 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਇਸ ਟੂਰਨਾਮੈਂਟ ਦੌਰਾਨ ਸਰਵੋਤਮ ਖਿਡਾਰੀਆਂ ਦੇ ਖ਼ਿਤਾਬ ਵੀ ਚੈਂਪੀਅਨ ਟੀਮ ਦੇ ਹਿੱਸੇ ਆਏ। ਨਵੇਂ ਨਿਯਮ ਅਨੁਸਾਰ ਸੈਮੀ ਤੇ ਫਾਈਨਲ ਮੈਚਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਚੁਣੇ ਗਏ ਸਰਵੋਤਮ ਖਿਡਾਰੀਆਂ ਤਹਿਤ ਰਵੀ ਦਿਉਰਾ ਨੇ 32 ਧਾਵਿਆਂ ਤੋਂ 28 ਅੰਕ ਹਾਸਲ ਕਰਕੇ ਬਿਹਤਰੀਨ ਧਾਵੀ ਦਾ ਖ਼ਿਤਾਬ ਜਿੱਤਿਆ। ਵਾਹਿਗੁਰੂ ਸੀਚੇਵਾਲ ਨੇ 21 ਕੋਸ਼ਿਸ਼ਾਂ ਨਾਲ 11 ਅੰਕ ਹਾਸਲ ਕਰਕੇ ਸਰਵੋਤਮ ਜਾਫ਼ੀ ਬਣਨ ਦਾ ਮਾਣ ਹਾਸਲ ਕੀਤਾ।
ਇਸ ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਨੇ ਕੀਤਾ। ਟੀਵੀ ਅੰਪਾਇਰਾਂ ਦੀ ਜ਼ਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿਧਵਾਂ ਤੇ ਅਜਮੇਰ ਜਲਾਲ, ਟਾਈਮ-ਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ ਤੇ ਮਨੀ ਖੜਗ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਇਕਬਾਲ ਗ਼ਾਲਿਬ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾ ਕੇ ਪੇਸ਼ ਕੀਤਾ।
ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਬੀਸੀ ਕਬੱਡੀ ਫੈਡਰੇਸ਼ਨ ਤੋਂ ਬੱਬਲ ਸੰਗਰੂਰ, ਬਲਰਾਜ ਸੰਘਾ, ਵੈਨਕੂਵਰ ਤੋਂ ਗਿਆਨ ਬਿਨਿੰਗ, ਸਾਬਕਾ ਕਬੱਡੀ ਖਿਡਾਰੀ ਕਿੰਦਾ ਬਿਹਾਰੀ ਪੁਰ, ਸੰਦੀਪ ਲੱਲੀਆਂ, ਕੀਪਾ ਟਾਂਡਾ, ਦਿਲਮੇਘ ਸਿੰਘ ਖੱਟੜਾ ਆਦਿ ਪੁੱਜੇ।
ਮੇਜ਼ਬਾਨ ਕਲੱਬ ਵੱਲੋਂ ਖੇਡ ਮੈਦਾਨ ’ਚ ਤਸਵੀਰਾਂ ਖਿੱਚਣ ਦੀ ਪਰੰਪਰਾ ਦੀ ਥਾਂ ਇਸ ਵਾਰ ਖੇਡ ਮੈਦਾਨ ਤੋਂ ਬਾਹਰ ਟੀਮਾਂ ਤੇ ਇਨਾਮ-ਸਨਮਾਨ ਦੀਆਂ ਤਸਵੀਰਾਂ ਖਿੱਚਣ ਦਾ ਸਿਲਸਿਲਾ ਸ਼ੁਰੂ ਕਰਨ ਲਈ ਵਿਸ਼ੇਸ਼ ਮੰਚ ਬਣਾਇਆ ਗਿਆ। ਵਧੀਆ ਘਾਹਦਾਰ ਮੈਦਾਨ ’ਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਸਭ ਤੋਂ ਵੱਡੀ ਖ਼ੁਸ਼ਨੁਮਾ ਗੱਲ ਇਹ ਰਹੀ ਕਿ ਖਿਡਾਰੀ ਸੱਟਾਂ-ਫੇਟਾਂ ਤੋਂ ਬਚੇ ਰਹੇ।
ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜੱਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖ਼ਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਪ੍ਰਧਾਨ ਮਿੱਠੂ, ਸੁੱਖਾ ਬਾਸੀ, ਰਣਧੀਰ ਸੰਧੂ ਤੇ ਮਨਜੀਤ ਘੋਤੜਾ ਦੀ ਅਗਵਾਈ ’ਚ ਕਰਵਾਏ ਗਏ ਇਸ ਕੱਪ ਦੀ ਜੇਤੂ ਟੀਮ ਨੂੰ ਸਾਬਕਾ ਐੱਮ.ਪੀ. ਰਾਜ ਗਰੇਵਾਲ ਵੱਲੋਂ ਅਤੇ ਉਪ ਜੇਤੂ ਟੀਮ ਨੂੰ ਸੇਫੈਕਸ ਟਰਾਂਸਪੋਰਟ ਦੇ ਮਾਲਕ ਰਮਿੰਦਰਜੀਤ ਸਿੰਘ ਤੇ ਅਮਨਦੀਪ ਸਿੰਘ ਵੱਲੋਂ ਸਨਮਾਨ ਦਿੱਤਾ ਗਿਆ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਸੰਚਾਲਕ ਇੰਦਰਜੀਤ ਧੁੱਗਾ ਨੇ ਹਰਵਿੰਦਰ ਬਾਸੀ, ਮਿੱਠੂ ਪ੍ਰਧਾਨ, ਰਣਧੀਰ ਸੰਧੂ ਮਾਣੂਕੇ, ਮਨਜੀਤ ਘੋਤੜਾ, ਸੁੱਖਾ ਬਾਸੀ, ਜੱਸ ਸੋਹਲ, ਕੁਲਵਰਨ ਧੁੱਗਾ, ਵੀਰਪਾਲ ਧੁੱਗਾ, ਮਹਾਂਵੀਰ ਗਰੇਵਾਲ, ਮਿੱਠੂ ਪ੍ਰਧਾਨ, ਸੁੱਖਾ ਢੇਸੀ, ਬਲਵਿੰਦਰ ਧਾਲੀਵਾਲ, ਪੁਸ਼ਵਿੰਦਰ ਘੋਤੜਾ, ਚਮਕੌਰ ਬਰਾੜ, ਉਸਾਮਾ, ਰੂਬਨ ਚਾਹਲ, ਸ਼ਿੰਦਰ ਧਾਲੀਵਾਲ, ਜੋਗਿੰਦਰ ਬਾਜਵਾ, ਗੁਰਿੰਦਰ ਭੁੱਲਰ, ਅਮਰਜੀਤ ਗੋਰਾਇਆ, ਰੇਸ਼ਮ ਰਾਜਸਥਾਨੀ, ਰਾਜਵਿੰਦਰ ਗਿੱਲ, ਹਰਦਿਆਲ ਭੁੱਲਰ, ਪਰਵਿੰਦਰ ਜੌਹਲ, ਅਵਤਾਰ ਸਮਰਾ, ਬਲਜੀਤ ਚੌਹਾਨ, ਸੁਖਵਿੰਦਰਪਾਲ ਰਾਏ, ਕਰਨ ਘੁਮਾਣ, ਜਗਦੀਪ ਰਿਆੜ, ਸੁੱਖ ਤਾਤਲਾ, ਹਰਭਜਨ ਘੋਤਰਾ, ਹਰਨੇਕ ਚਾਹਲ, ਐਂਡੀ ਗਰੇਵਾਲ, ਜਰਨੈਲ ਤੂਰ, ਲਖਵੀਰ ਢੇਸੀ, ਮਨਜੀਤ ਪੰਡੋਰੀ, ਜੋਰਾ ਸਿੰਘ ਪੁੱਤਰ ਗੰਗਾ ਸਿੰਘ, ਲੱਖਾ ਢੀਂਡਸਾ, ਗੁਰਮੇਲ ਕੂਨਰ, ਤੇਜੀ ਦਿਉਲ, ਤੀਰਥ ਸਿੰਘ ਤੇ ਰਾਣਾ ਗਿੱਲ ਦੀ ਸਖ਼ਤ ਮਿਹਨਤ ਸਦਕਾ ਇਸ ਟੂਰਨਾਮੈਂਟ ਨੂੰ ਸਿਰੇ ਚਾੜਿ੍ਹਆ।

Advertisement
Author Image

sukhwinder singh

View all posts

Advertisement
Advertisement
×