ਮੁਹਾਲੀ ਦੇ 50 ਵਾਰਡਾਂ ਦੀ ਮੁੜ ਹੋਵੇਗੀ ਵਾਰਡਬੰਦੀ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਨਿੀਂ ਅਕਤੂਬਰ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣ ਕਰਵਾਉਣ ਦੇ ਸੰਕੇਤ ਦੇਣ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ, ਉੱਥੇ ਮੁਹਾਲੀ ਵਿੱਚ ਨਵੇਂ ਸਿਰਿਓਂ ਵਾਰਡਬੰਦੀ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਨਵੇਂ ਸਿਰਿਓਂ ਵਾਰਡਬੰਦੀ ਕਰਨ ਲਈ ਆਖਦਿਆਂ ਕਿਹਾ ਕਿ ਇਹ ਕੰਮ 30 ਜੁਲਾਈ ਤੱਕ ਨੇਪਰੇ ਚਾੜ੍ਹ ਕੇ ਮੁੱਖ ਦਫ਼ਤਰ ਨੂੰ ਰਿਪੋਰਟ ਸੌਂਪੀ ਜਾਵੇ।
ਮੌਜੂਦਾ ਸਮੇਂ ਵਿੱਚ ਮੁਹਾਲੀ ਦਾ ਖੇਤਰਫਲ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਬੀਤੀ 3 ਜੁਲਾਈ ਨੂੰ ਆਰਟੀਆਈ ਕਾਰਕੁਨ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਵੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਨਵੇਂ ਸਿਰਿਓਂ ਵਾਰਡਬੰਦੀ ਕਰਨ ਅਤੇ ਨਵੇਂ ਸੈਕਟਰਾਂ ਅਤੇ ਨੇੜਲੇ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਸੀ ਪਰ ਸੂਤਰ ਦੱਸਦੇ ਹਨ ਕਿ ਫਿਲਹਾਲ ਸ਼ਹਿਰ ਦੇ ਪੁਰਾਣੇ 50 ਵਾਰਡਾਂ ਵਿੱਚ ਨਵੇਂ ਸਿਰਿਓਂ ਵਾਰਡਬੰਦੀ ਕੀਤੀ ਜਾਵੇਗੀ। ਇਸ ਕਾਰਨ ਨੇੜਲੇ ਪਿੰਡਾਂ ਅਤੇ ਨਵੇਂ ਸੈਕਟਰਾਂ ਦੇ ਵਸਨੀਕਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਵੇਂ ਸੈਕਟਰਾਂ ਅਤੇ ਕੁੱਝ ਨੇੜਲੇ ਪਿੰਡਾਂ ਨੂੰ ਨਿਗਮ ਦੀ ਹਦੂਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਰਕਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਾਰਡਬੰਦੀ ਸਕੀਮ ਨੂੰ ਆਬਾਦੀ ਦੇ ਅੰਕੜੇ ਵਿੱਚ ਬਲਾਕ-ਵਾਈਜ਼ ਦਰਸਾਉਂਦੇ ਹੋਏ ਸਬੰਧਤ ਕਾਨੂੰਨਾਂ ਅਨੁਸਾਰ ਰਾਖਵਾਂਕਰਨ ਅਤੇ ਨੰਬਰਿੰਗ ਫਾਈਨਲ ਕਰਕੇ ਹਰ ਹਾਲਤ ਵਿੱਚ 30 ਜੁਲਾਈ ਤੱਕ ਮੁੱਖ ਦਫ਼ਤਰ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਪੱਤਰ ਨੂੰ ਸਮਾਂਬੱਧ ਅਤੇ ਅਤਿ ਜ਼ਰੂਰੀ ਦੱਸਦਿਆਂ ਇਸ ਕੰਮ ਨੂੰ ਪਰਮ ਅਗੇਤ ਦੇਣ ਲਈ ਵੀ ਕਿਹਾ ਗਿਆ ਹੈ।
ਵਾਰਡਬੰਦੀ ਵਿੱਚ ਨਵਾਂ ਇਲਾਕਾ ਸ਼ਾਮਲ ਨਹੀਂ ਕੀਤਾ ਜਾਵੇਗਾ: ਨਿਗਮ ਕਮਿਸ਼ਨਰ
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਸਰਕਾਰੀ ਪੱਤਰ ਜਾਰੀ ਹੋਇਆ ਸੀ ਪਰ ਉਦੋਂ ਦਫ਼ਤਰ ਬੰਦ ਹੋ ਚੁੱਕਾ ਸੀ ਅਤੇ ਅੱਜ ਸ਼ਨਿਚਰਵਾਰ ਦੀ ਛੁੱਟੀ ਹੋਣ ਕਾਰਨ ਖ਼ਬਰ ਲਿਖੇ ਜਾਣ ਤੱਕ ਇਹ ਪੱਤਰ ਦਫ਼ਤਰ ਵਿੱਚ ਨਹੀਂ ਪਹੁੰਚਿਆ ਹੈ ਪਰ ਉਨ੍ਹਾਂ ਕੋਲ ਕਿਸੇ ਤਰ੍ਹਾਂ ਵਸਟਅੱਪ ’ਤੇ ਪੱਤਰ ਪਹੁੰਚ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਪੁਰਾਣੇ 50 ਵਾਰਡਾਂ ਦੀ ਹੀ ਨਵੇਂ ਸਿਰਿਓਂ ਵਾਰਡਬੰਦੀ ਕੀਤੀ ਜਾਵੇਗੀ ਅਤੇ ਐਤਕੀਂ ਕੋਈ ਨਵਾਂ ਇਲਾਕਾ ਸ਼ਾਮਲ ਨਹੀਂ ਕੀਤਾ ਜਾਵੇਗਾ। ਜਦੋਂ ਅਧਿਕਾਰੀ ਨੂੰ ਏਨੇ ਘੱਟ ਸਮੇਂ ਵਿੱਚ ਵਾਰਡਬੰਦੀ ਕਰਕੇ ਸਰਕਾਰ ਨੂੰ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਭੇਜਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ ਅਤੇ ਸਮੇਂ ਸਿਰ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਜਾਵੇਗੀ। ਮੌਜੂਦਾ ਵਾਰਡਾਂ ਦੀ ਭੰਨ ਤੋੜ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਸੰਭਵ ਹੈ ਅਤੇ ਪੁਰਾਣੇ ਵਾਰਡਾਂ ਨੂੰ ਸਮੇਂ ਦੀ ਮੰਗ ਅਨੁਸਾਰ ਵਧਾਇਆ ਤੇ ਘਟਾਇਆ ਜਾ ਸਕਦਾ ਹੈ।।