ਮਹਾਕੁੰਭ ਮੇਲੇ ’ਚ 50 ਹਜ਼ਾਰ ਪੁਲੀਸ ਮੁਲਾਜ਼ਮ ਕਰਨਗੇ ਸ਼ਰਧਾਲੂਆਂ ਦੀ ਸੁਰੱਖਿਆ
ਲਖਨਊ, 23 ਦਸੰਬਰ
ਉੱਤਰ ਪ੍ਰਦੇਸ਼ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਅੱਜ ਕਿਹਾ ਕਿ ਮਹਾਂਕੁੰਭ ਮੇਲੇ ’ਚ ਦਹਿਸ਼ਤੀ ਖ਼ਤਰਿਆਂ, ਸਾਈਬਰ ਹਮਲਿਆਂ, ਹਮਲਾਵਰ ਡਰੋਨਾਂ ਤੇ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ ਪ੍ਰਯਾਗਰਾਜ ’ਚ 50,000 ਮੁਲਾਜ਼ਮ ਤਾਇਨਾਤ ਕੀਤੇ ਜਾਣਗੇੇ। ਹਰ 12 ਸਾਲਾਂ ਬਾਅਦ ਹੋਣ ਵਾਲਾ ਇਹ ਮਹਾ ਕੁੰਭ 13 ਜਨਵਰੀ ਤੋਂ 26 ਫਰਵਰੀ ਤੱਕ ਚੱਲੇਗਾ, ਜਿੱਥੇ ਲਗਪਗ 45 ਕਰੋੜ ਤੀਰਥ ਯਾਤਰੀਆਂ ਦੇ ਆਉਣ ਦੀ ਉਮੀਦ ਹੈ।
ਡੀਜੀਪੀ ਨੇ ਇਸ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਸੁਰੱਖਿਅਤ ਕੁੰਭ ਮੇਲੇ ਲਈ ਉਹ ਵਿਅਕਤੀਗਤ ਤੌਰ ਸੁਰੱਖਿਆ ਪ੍ਰਬੰਧਾਂ ਦੀ ਨਜ਼ਰਸਾਨੀ ਕਰ ਰਹੇ ਹਨ। ਕੁਮਾਰ ਨੇ ਆਖਿਆ ਕਿ ਇਹ ਕੁੰਭ ਮੇਲਾ ਡਿਜੀਟਲ ਹੋਵੇਗਾ ਜਿੱਥੇ ਪੁਲੀਸ ਫੋਰਸ ਆਧੁਨਿਕ ਤਕਨੀਕਾਂ ਜਿਵੇਂ ਮਸਨੂਈ ਬੌਧਿਕਤਾ ਨਾਲ ਸਮਰੱਥ ਕੈਮਰਿਆਂ, ਡਰੋਨਾਂ ਦੀ ਵਰਤੋਂ ਇਲਾਵਾ ਹਮਲਾਵਰ ਡਰੋਨਾਂ ਦਾ ਪਤਾ ਲਾਉਣ ਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਅਸਰਦਾਰ ਰਣਨੀਤੀ ਦੀ ਵਰਤੋਂ ਕਰੇਗੀ। ਪੁਲੀਸ ਵੱਲੋਂ ਤੀਰਥ ਯਾਤਰੀਆਂ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਤੇ ਸੁਰੱਖਿਆ ਪ੍ਰਬੰਧਾਂ ਤਹਿਤ 2,700 ਸੀਸੀਟੀਵੀ ਕੈਮਰੇ ਲਾਏ ਗਏ ਹਨ।
ਡੀਜੀਪੀ ਕੁਮਾਰ ਮੁਤਾਬਕ, ‘‘ਮਹਾਂਕੁੰਭ ਤੋਂ ਪਹਿਲਾਂ ਪੁਲੀਸ ਨੇ ‘ਫਿਊਚਰ ਕਰਾਈਮ ਰਿਸਰਸ ਫਾਊਂਡੇਸ਼ਨ’ ਤੋਂ ਨਿੱਜੀ ਮਾਹਿਰਾਂ ਦੀ ਇੱਕ ਟੀਮ ਨੂੰ ਕੰਮ ’ਤੇ ਰੱਖਿਆ ਹੈ ਅਤੇ ਸਾਈਬਰ ਧੋਖਾਧੜੀ ਅਤੇ ਅਪਰਾਧਾਂ ਤੋਂ ਤੀਰਥ ਯਾਤਰੀਆਂ ਨੂੰ ਬਚਾਉਣ ਲਈ ਆਈਆਈਟੀ ਕਾਨਪੁਰ ਨਾਲ ਹੱਥ ਮਿਲਾਇਆ ਹੈ।’’ ਉਨ੍ਹਾਂ ਦੱਸਿਆ ਕਿ ਮਹਾਂਕੁੰਭ ਖੇਤਰ ’ਚ ਪਹਿਲੀ ਵਾਰ ਇੱਕ ਸਾਈਬਰ ਪੁਲੀਸ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਸਾਈਬਰ ਗਸ਼ਤ ਤੇ ਸਾਈਬਰ ਸੁਰੱਖਿਆ ਨੈੱਟਵਰਕ ਦੇ ਮੁਲਾਂਕਣ ਲਈ ‘ਆਈ4ਸੀ’ ਅਤੇ ਸੀਈਆਰਟੀ-ਆਈਐੱਨ ਵਰਗੀਆਂ ਕੌਮੀ ਏਜੰਸੀਆਂ ਨੂੰ ਸ਼ਾਮਲ ਕੀਤਾ ਹੈ। ਇਹ ਡਾਟਾ ਸੁਰੱਖਿਆ ’ਤੇ ਕੰਮ ਕਰਨਗੀਆਂ। -ਪੀਟੀਆਈ
ਮਹਾਕੁੰਭ ਪ੍ਰਯਾਗਰਾਜ ਲਈ ਬੇਮਿਸਾਲ ਮੇਜ਼ਬਾਨੀ ਦਿਖਾਉਣ ਦਾ ਮੌਕਾ: ਯੋਗੀ
ਮਹਾਕੁੰਭ ਨਗਰ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਮਹਾਕੁੰਭ ਸਿਰਫ ਇੱਕ ਧਾਰਮਿਕ ਸਮਾਗਮ ਹੀ ਨਹੀਂ ਬਲਕਿ ਇਹ ਪ੍ਰਯਾਗਰਾਜ ਲਈ ਬੇਮਿਸਾਲ ਮੇਜ਼ਬਾਨੀ ਦਿਖਾਉਣ ਦਾ ਮੌਕਾ ਵੀ ਹੈ। ਮਹਾਕੁੰਭ ਦੀਆਂ ਤਿਆਰੀਆਂ ਦੀ ਨਜ਼ਰਸਾਨੀ ਮਗਰੋਂ ਮੁੱਖ ਮੰਤਰੀ ਨੇ ਆਖਿਆ, ‘‘ਇਸ ਮਹਾਕੁੰਭ ਨੂੰ ਸਫਲ ਬਣਾਉਣ ਲਈ ਹਰ ਅਦਾਰਾ ਸਰਗਰਮੀ ਨਾਲ ਰੁੱਝਿਆ ਹੋਇਆ ਹੈ।’’ ਆਦਿੱਤਿਆਨਾਥ ਨੇ ਪ੍ਰਯਾਗਰਾਜ ਦੇ ਲੋਕਾਂ ਨੂੰ ਇਸ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਅਤੇ ਸ਼ਹਿਰ ਦੇ ਆਲਮੀ ਵੱਕਾਰ ਨੂੰ ਵਧਾਉਣ ’ਚ ਸਹਿਯੋਗ ਦਾ ਸੱਦਾ ਦਿੱਤਾ। -ਪੀਟੀਆਈ