ਹੋਸਟਲ ਦਾ ਜ਼ਹਿਰੀਲਾ ਭੋਜਨ ਖਾਣ ਨਾਲ 50 ਵਿਦਿਆਰਥਣਾਂ ਹਸਪਤਾਲ ਦਾਖ਼ਲ
ਲਾਤੂਰ (ਮਹਾਰਾਸ਼ਟਰ), 6 ਅਕਤੂਬਰ
ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਵਿਚ ਸਰਕਾਰੀ ਕਾਲਜ ਦੇ ਹੋਸਟਲ ਵਿਚ ਕਥਿਤ ਜ਼ਹਿਰੀਲਾ ਭੋਜਨ ਖਾਣ ਮਗਰੋਂ ਤਬੀਅਤ ਵਿਗੜਨ ਕਰਕੇ ਘੱਟੋ-ਘੱਟ 50 ਵਿਦਿਆਰਥਣਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਜ਼ਹਿਰਬਾਦ ਦਾ ਖ਼ਦਸ਼ਾ ਪ੍ਰਗਟਾਇਆ ਹੈ। ਕੁਝ ਵਿਦਿਆਰਥਣਾਂ ਨੂੰ ਐਤਵਾਰ ਵੱਡੇ ਤੜਕੇ ਛੁੱਟੀ ਦੇ ਦਿੱਤੀ ਗਈ ਜਦੋਂਕਿ ਬਾਕੀਆਂ ਦੀ ਹਾਲਤ ਸਥਿਰ ਹੈ। ਪੁਰਨਾਮਲ ਲਾਹੌਤੀ ਸਰਕਾਰੀ ਪੌਲੀਟੈਕਨਿਕ ਦੇ ਹੋਸਟਲ ਵਿਚ 324 ਵਿਦਿਆਰਥਣਾਂ ਹਨ। ਪੁਲੀਸ ਨੇ ਭੋਜਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਸਥਾਨਕ ਐੱਮਪੀ ਨੇ ਘਟਨਾ ਦੀ ਜਾਂਚ ਮਗਰੋਂ ਕਸੂਰਵਾਰਾਂ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਨਿੱਚਰਵਾਰ ਰਾਤੀਂ 7 ਵਜੇ ਦੇ ਕਰੀਬ ਵਿਦਿਆਰਥਣਾਂ ਨੇ ਭੋਜਨ ਵਿਚ ਚਾਵਲ, ਰੋਟੀ, ਭਿੰਡੀ ਕਰੀ ਤੇ ਦਾਲ ਦਾ ਸੂਪ ਲਿਆ ਸੀ। ਰਾਤ ਸਾਢੇ ਅੱਠ ਵਜੇ ਦੇ ਕਰੀਬ ਇਨ੍ਹਾਂ ਵਿਚੋਂ ਕਈਆਂ ਨੇ ਬੇਚੈਨੀ ਮਹਿਸੂਸ ਕੀਤੀ ਤੇ ਕੁਝ ਵਿਦਿਆਰਥੀਆਂ ਨੇ ਉਲਟੀਆਂ ਸ਼ੁਰੂ ਕਰ ਦਿੱਤੀਆਂ। ਸੂਚਨਾ ਮਿਲਦੇ ਹੀ ਕਾਲਜ ਦੀ ਪ੍ਰਿੰਸੀਪਲ ਮੌਕੇ ’ਤੇ ਪੁੱਜੀ ਤੇ ਉਨ੍ਹਾਂ ਵਿਲਾਸਰਾਓ ਦੇਸ਼ਮੁਖ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਡੀਨ ਡਾ. ਉਦੈ ਮੋਹਿਤੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੀੜਤ ਵਿਦਿਆਰਥਣਾਂ ਨੂੰ ਫੌਰੀ ਐਂਬੂਲੈਂਸਾਂ ’ਚ ਪਾ ਕੇ ਹਸਪਤਾਲ ਲਿਜਾਇਆ ਗਿਆ। ਡਾ. ਮੋਹਿਤੇ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਰੀਬ 50 ਵਿਦਿਆਰਥਣਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਇਨ੍ਹਾਂ ਵਿਚੋਂ 20 ਨੂੰ ਐਤਵਾਰ ਵੱਡੇ ਤੜਕੇ ਤਿੰਨ ਵਜੇ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਦਿਆਰਥਣਾਂ ਦੇ ਮਾਪਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। -ਪੀਟੀਆਈ