5 soldiers killed: ਪੁਣਛ ’ਚ ਫੌਜੀ ਵਾਹਨ ਡੂੰਘੀ ਖੱਡ ਵਿਚ ਡਿੱਗਿਆ; 5 ਜਵਾਨ ਹਲਾਕ, ਪੰਜ ਜ਼ਖ਼ਮੀ
ਮੇਂਧੜ/ਜੰਮੂ, 24 ਦਸੰਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਅੱਜ ਸ਼ਾਮੀਂ ਫੌਜੀਆਂ ਨੂੰ ਲਿਜਾ ਰਿਹਾ ਵਾਹਨ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿਚ ਡਿੱਗਣ ਨਾਲ ਪੰਜ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਹਾਦਸਾ ਘਰੋਆ ਇਲਾਕੇ ਵਿਚ ਉਸ ਵੇਲੇ ਹੋਇਆ ਜਦੋਂ ਫੌਜੀ ਵਾਹਨ ਪੁਣਛ ਜ਼ਿਲ੍ਹੇ ਦੇ ਬਨੋਈ ਵੱਲ ਜਾ ਰਿਹਾ ਸੀ। ਅਧਿਕਾਰੀਆਂ ਮੁਤਾਬਕ ਵਾਹਨ 300-350 ਫੁੱਟ ਡੂੰਘੀ ਖੱਡ ਵਿਚ ਡਿੱਗਾ। ਸੂਤਰਾਂ ਨੇ ਕਿਹਾ ਕਿ ਮੌਕੇ ਉੱਤੇ ਪੁੱਜੀਆਂ ਫੌਜ ਤੇ ਪੁਲੀਸ ਟੀਮਾਂ ਨੇ ਰਾਹਤ ਕਾਰਜਾਂ ਦੌਰਾਨ ਪੰਜ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਫੌਜ ਨੇ ਇਸ ਹਾਦਸੇ ਪਿੱਛੇ ਕਿਸੇ ਦਹਿਸ਼ਤੀ ਜਥੇਬੰਦੀ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ‘ਸੰਭਾਵਨਾ ਹੈ ਕਿ ਤਿੱਖੇ ਮੋੜ ਕਰਕੇ ਡਰਾਈਵਰ ਦਾ ਵਾਹਨ ’ਤੇ ਕੰਟਰੋਲ ਨਹੀਂ ਰਿਹਾ।’ ਜ਼ਖ਼ਮੀ ਫੌਜੀਆਂ ਨੂੰ ਪੁਣਛ ਦੇ ਫੀਲਡ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੈ। ਹਾਦਸੇ ਦਾ ਸ਼ਿਕਾਰ ਬਣਿਆ ਵਾਹਨ ਬਨੋਈ ਜਾ ਰਹੀਆਂ 6 ਫੌਜੀ ਗੱਡੀਆਂ ਦੇ ਕਾਫ਼ਲੇ ਵਿਚ ਸ਼ਾਮਲ ਸੀ। ਉੱਤਰੀ ਕਮਾਂਡ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰਾ ਕੁਮਾਰ ਤੇ ਧਰੁਵ ਕਮਾਂਡ ਦੇ ਸਾਰੇ ਅਧਿਕਾਰੀਆਂ ਨੇ ਹਾਦਸੇ ਵਿਚ ਪੰਜ ਫੌਜੀ ਜਵਾਨਾਂ ਦੀ ਮੌਤ ’ਤੇ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਮੂਹਰਲੀ ਚੌਕੀ ਨੇੜੇ ਸੜਕ ਹਾਦਸੇ ਵਿਚ ਪੰਜ ਫੌਜੀ ਜਵਾਨਾਂ ਦੀ ਮੌਤ ’ਤੇ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਅਬਦੁੱਲਾ ਨੇ ਹਾਦਸੇ ਦੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਵੀ ਦੁਆ ਕੀਤੀ ਹੈ। -ਪੀਟੀਆਈ