For the best experience, open
https://m.punjabitribuneonline.com
on your mobile browser.
Advertisement

ਪਿੰਡ ਰੋਡੇ ਵਿੱਚ ਚੁਣੇ ਜਾਂਦੇ ਹਨ 5 ਸਰਪੰਚ ਤੇ 33 ਪੰਚ

10:59 AM Oct 13, 2024 IST
ਪਿੰਡ ਰੋਡੇ ਵਿੱਚ ਚੁਣੇ ਜਾਂਦੇ ਹਨ 5 ਸਰਪੰਚ ਤੇ 33 ਪੰਚ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਕਤੂਬਰ
ਪਿੰਡ ਰੋਡੇ ਵਿੱਚ ਢਾਣੀਆਂ ਤੇ ਪੱਤੀਆਂ ਕਾਰਨ ਇਥੇ ਪੰਜ ਸਰਪੰਚ ਤੇ 33 ਪੰਚ ਚੁਣੇ ਜਾਂਦੇ ਹਨ। ਇਨ੍ਹਾਂ ਪੰਜਾਂ ਪੰਚਾਇਤਾਂ ਵਿੱਚੋਂ ਪਿੰਡ ਰੋਡੇ ਖੁਰਦ ’ਚ ਕਥਿਤ ਗੈਰ ਪੰਜਾਬੀ (ਪਰਵਾਸੀ ਪਰਿਵਾਰ) ਸਰਪੰਚੀ ਦੀ ਉਮੀਦਵਾਰ ਦਾ ਮਾਮਲਾ ਸੁਰਖੀਆਂ ਵਿੱਚ ਹੈ। ਇੱਕ ਚਰਚਿਤ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਉੱਤੇ ਗੈਰ-ਪੰਜਾਬਣ ਸਰਪੰਚ ਉਮੀਦਵਾਰ ’ਤੇ ਸੁਆਲ ਚੁੱਕਣ ਤੋਂ ਬਾਅਦ ਇਹ ਮਾਮਲਾ ਭਖ਼ ਗਿਆ ਹੈ। ਪਿੰਡ ਵਾਸੀਆਂ ਨੇ ਇਸ ਦਾ ਸੋਸ਼ਲ ਮੀਡੀਆ ਉੱਤੇ ਮੋੜਵਾਂ ਜਵਾਬ ਦਿੱਤਾ ਹੈ। ਪਿੰਡ ਵਾਸੀ ਸੀਨੀਅਰ ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਮੁਤਾਬਕ ਪਿੰਡ ਰੋਡੇ ਦੀ ਆਬਾਦੀ ਕਰੀਬ 10 ਹਜ਼ਾਰ ਅਤੇ ਕਰੀਬ ਸਾਢੇ 7 ਹਜ਼ਾਰ ਵੋਟਰ ਹਨ। ਰੋਡੇ ਪਿੰਡ ਦੀਆਂ ਢਾਣੀਆਂ ਤੇ ਪੱਤੀਆਂ ਕਾਰਨ ਹੁਣ ਇਸ ਪਿੰਡ ’ਚੋਂ ਪੰਜ ਪੰਚਾਇਤਾਂ ਬਣਦੀਆਂ ਹਨ ਜਿਨ੍ਹਾਂ ’ਚ ਰੋਡੇ, ਰੋਡੇ ਖੁਰਦ, ਨਵੇਂ ਰੋਡੇ ਨਵੇਂ, ਕੋਠੇ ਗੁਰਪੁਰਾ ਰੋਡੇ ਅਤੇ ਰੋਡੇ ਪੱਤੀ ਸਰਜਾ ਹਨ। ਇਸ ਤਰ੍ਹਾਂ ਇਥੇ ਪੰਜ ਸਰਪੰਚ ਤੇ 33 ਪੰਚ ਚੁਣੇ ਜਾਂਦੇ ਹਨ। ਇਨ੍ਹਾਂ ਵਿਚੋਂ ਰੋਡੇ ਖੁਰਦ, ਰੋਡੇ ਨਵੇਂ, ਰੋਡੇ ਕੋਠੇ ਗੁਰਪੁਰਾ ਰਾਖਵੇਂ ਹਨ। ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਤੇ ਹੋਰ ਪਿੰਡ ਵਾਸੀਆਂ ਦਾ ਆਖਣਾ ਹੈ ਕਿ ਪਿੰਡ ਰੋਡੇ ਖੁਰਦ ਤੋਂ ਸਰਪੰਚ ਉਮੀਦਵਾਰ ਕਥਿਤ ਗੈਰ ਪੰਜਾਬੀ ਔਰਤ ’ਤੇ ਸੁਆਲ ਚੁੱਕਣ ਵਾਲਿਆਂ ਨੂੰ ਅੰਮ੍ਰਿਤਸਰ ਤੋਂ ਇੱਕ ਵਿਧਾਇਕ ਦਾ ਨਾਮ ਅਤੇ ਸਨਅਤੀ ਸ਼ਹਿਰਾਂ ਵਿੱਚ ਗੈਰ ਪੰਜਾਬੀ ਕੌਂਸਲਰ ਚੁਣੇ ਜਾਣ ਉੱਤੇ ਉਹ ਕਿਉਂ ਚੁੱਪ ਰਹੇ। ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਪੰਜਾਬੀ ਵਿਦੇਸਾਂ ’ਚ ਵਿਧਾਇਕ ਤੇ ਵਜ਼ੀਰ ਹਨ। ਇਸ ਲਈ 6 ਦਹਾਕੇ ਤੋਂ ਪੰਜਾਬ ’ਚ ਵਸੇ ਪਰਿਵਾਰ ਉੱਤੇ ਸੁਆਲ ਚੁੱਕਣਾ ਮੰਦਭਾਗਾ ਹੈ।

Advertisement

ਸਾਲ 1958 ਵਿੱਚ ਪੰਜਾਬ ਆਇਆ ਸੀ ਪਰਿਵਾਰ

ਗੈਰ-ਪੰਜਾਬੀ ਪਰਿਵਾਰ ਦੇ ਮੁਖੀ ਬ੍ਰਿਜ ਲਾਲ ਮੁਤਾਬਕ ਉਸ ਦਾ ਜਨਮ 1972 ’ਚ ਪਿੰਡ ਰੋਡੇ ਵਿੱਚ ਹੋਇਆ ਹੈ। ਉਨ੍ਹਾਂ ਦਾ ਪਿਤਾ ਬਦਰੀਦਾਸ 1958 ਦੇ ਕਰੀਬ ਉੱਤਰ ਪ੍ਰਦੇਸ ਤੋਂ ਇੱਥੇ ਆਇਆ ਸੀ। ਉਸ ਨੇ ਕਿਹਾ ਕਿ ਉਸ ਦਾ ਪਿਤਾ ਡੀਐੱਮ ਕਾਲਜ ਅਤੇ ਗੁਰੂ ਨਾਨਕ ਡਿਗਰੀ ਕਾਲਜ ਰੋਡੇ ਵਿੱਚ ਚੌਥਾ ਦਰਜਾ ਕਰਮਚਾਰੀ ਵਜੋਂ 1991’ਚ ਸੇਵਾਮੁਕਤ ਹੋਇਆ। ਉਸ ਨੇ ਕਿਹਾ ਕਿ ਉਸ ਨੇ ਪੰਜਾਬ ’ਚ ਹੀ ਪੜ੍ਹਾਈ ਕੀਤੀ ਤੇ ਹੁਣ ਇਥੇ ਚੌਥਾ ਦਰਜਾ ਮੁਲਾਜ਼ਮ ਹੈ। ਉਸ ਦੇ ਬੱਚੇ ਇਥੇ ਪੰਜਾਬੀ ਪੜ੍ਹੇ ਤੇ ਪੰਜਾਬੀ ਬੋਲਦੇ ਹਨ ਅਤੇ ਉਹ ਪੰਜਾਬੀਆਂ ਵਾਂਗ ਹੀ ਰਸਮਾਂ ਕਰਦੇ ਹਨ। ਉਸ ਨੇ ਕਿਹਾ ਕਿ ਉਸ ਦਾ ਵੱਡਾ ਪੁੱਤਰ ਮਨੋਜ ਕੁਮਾਰ ਐੱਮਏ ਬੀਐੱਡ ਅਤੇ ਛੋਟੇ ਪੁੱਤ ਹਰਜੀਤ ਕੁਮਾਰ ਨੇ ਸਰਕਾਰੀ ਪੋਲੀਟੈਕਨਿਕ ਕਾਲਜ ਰੋਡੇ ਤੋਂ ਕੈਮੀਕਲ ਵਿੱਚ ਡਿਪਲੋਮਾ ਕੀਤਾ ਹੈ। ਪਿੰਡ ਰੇਡੇ ਖੁਰਦ ਤੋਂ ਚੋਣ ਲੜ ਰਹੀ ਉਸ ਦੀ ਨੂੰਹ ਸੁਨੀਤਾ ਰਾਣੀ ਮੈਟ੍ਰਿਕ ਪਾਸ ਹੈ ਅਤੇ ਉਸ ਦੇ ਪੇਕੇ ਮੋਗਾ ਰਹਿੰਦੇ ਹਨ ਤੇ ਪਿਤਾ ਪਾਵਰਕੌਮ ’ਚੋਂ ਲਾਈਨਮੈਨ ਸੇਵਾਮੁਕਤ ਹੋਇਆ ਹੈ।

Advertisement

Advertisement
Author Image

Advertisement