ਡੇਂਗੂ ਦੇ ਮਰੀਜ਼ਾਂ ਲਈ ਹਸਪਤਾਲਾਂ ’ਚ 5 ਫੀਸਦ ਬੈੱਡ ਰਾਖਵੇਂ ਰੱਖੇ ਜਾਣਗੇ: ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਹਦਾੲਤ ਕੀਤੀ ਹੈ ਕਿ ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ 5 ਫ਼ੀਸਦ ਬੈੱਡ ਰਾਖਵੇਂ ਰੱਖੇ ਜਾਣ। ਸ੍ਰੀ ਭਾਰਦਵਾਜ ਨੇ ਅੱਜ ਸਥਾਨਕ ਸਕੱਤਰੇਤ ਵਿੱਚ ਸਾਰੇ ਹਸਪਤਾਲਾਂ ਦੇ ਨੋਡਲ ਅਫਸਰਾਂ ਤੇ ਐੱਮਐੱਸਓਜ਼ ਨਾਲ ਮੀਟਿੰਗ ਕਰਕੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਮੀਟਿੰਗ ਦੌਰਾਨ ਉਨ੍ਹਾਂ ਸਾਰੇ ਹਸਪਤਾਲਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਡੇਂਗੂ ਦੀ ਰੋਕਥਾਮ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਿਆ। ਹਸਪਤਾਲ ਦੇ ਕਿਸੇ ਵੀ ਅਧਿਕਾਰੀ ਨੇ ਡੇਂਗੂ ਬਾਰੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਵਰਗੀ ਸਥਿਤੀ ਦਾ ਜ਼ਿਕਰ ਨਹੀਂ ਕੀਤਾ ਹੈ। ਉਨ੍ਹਾਂ ਦਿੱਲੀ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਆਮ ਜਿੰਨੀ ਹੋਣ ਦੀ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਵਾਂਗ ਡੇਂਗੂ ਵਰਗੀਆਂ ਬਿਮਾਰੀਆਂ ਨਾਲ ਨਜਿੱਠਣ ਦੀ ਤਿਆਰੀ ਲਈ ਸਾਰੇ ਹਸਪਤਾਲਾਂ ਵਿੱਚ ਮੌਜੂਦਾ ਬੈੱਡਾਂ ਦੀ ਗਿਣਤੀ ਦਾ 5 ਫ਼ੀਸਦ ਡੇਂਗੂ ਦੇ ਮਰੀਜ਼ਾਂ ਲਈ ਰਾਖਵਾਂ ਰੱਖਿਆ ਗਿਆ ਹੈ
ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਹਦਾਇਤ ਕੀਤੀ ਕਿ ਜਵਿੇਂ ਕੋਵਿੱਡ-19 ਦੌਰਾਨ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਪੋਰਟਲ ’ਤੇ ਰੋਜ਼ਾਨਾ ਰਿਪੋਰਟ ਅਪਡੇਟ ਕੀਤੀ ਜਾਂਦੀ ਸੀ ਉਸੇ ਤਰ੍ਹਾਂ ਇਸ ਸਥਿਤੀ ਨਾਲ ਨਜਿੱਠਣ ਲਈ ਵੀ ਡੇਂਗੂ ਨਾਲ ਸਬੰਧਤ ਸਾਰੇ ਕੇਸਾਂਂ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਰੋਜ਼ਾਨਾ ਦੀ ਅਪਡੇਟ ਪੋਰਟਲ ’ਤੇ ਪਾਈ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਹੈ ਕਿ ਡੇਂਗੂ ਦੇ ਕੇਸ ਵਧਣ ਦੀ ਸਥਿਤੀ ਵਿੱਚ ਤੁਰੰਤ ਸਰਕਾਰ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਇਸ ਸਬੰਧ ਵਿੱਚ ਬਣਦੀ ਕਾਰਵਾਈ ਕੀਤੀ ਜਾ ਸਕੇ।