ਘੱਗਾ ਦੇ ਦੁਕਾਨਦਾਰ ਤੋਂ 28 ਲੱਖ ਲੁੱਟਣ ਦੇ ਮਾਮਲੇ ’ਚ 5 ਕਾਬੂ, ਪਰਿਵਾਰ ਦੇ ਲਾਂਗਰੀ ਨੇ ਰਚੀ ਸੀ ਸਾਜ਼ਿਸ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਫਰਵਰੀ
ਇਸ ਜ਼ਿਲ੍ਹੇ ਦੀ ਕਸਬਾ ਘੱਗਾ ਵਿਖੇ ਕਰਿਆਨਾ ਦੁਕਾਨਦਾਰ ਦੇ ਘਰ ’ਚ 28 ਲੱਖ ਰੁਪਏ ਲੁੱਟ ਦੇ ਮਾਮਲੇ ਨੂੰ ਪੁਲੀਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ ਤੇ ਇਸ ਸਬੰਧੀ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਬਜ਼ੇ ਵਿੱਚੋਂ ਲੁੱਟੀ ਰਾਸ਼ੀ ਵਿੱਚੋਂ 26 ਲੱਖ ਦੀ ਬਰਾਮਦਗੀ ਵੀ ਕਰ ਲਈ ਗਈ ਹੈ। ਇਸ ਵਾਰਦਾਤ ਨੂੰ ਉਨ੍ਹਾਂ ਨੇ ਖਿਡੌਣਾ ਰਿਵਾਲਵਰ ਨਾਲ ਅੰਜਾਮ ਦਿੱਤਾ ਸੀ। ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਐੱਸਪੀਡੀ ਯੋਗੇਸ਼ ਸ਼ਰਮਾ, ਐੱਸਪੀ ਸਿਟੀ ਪਟਿਆਲਾ ਸਰਫ਼ਰਾਜ਼ ਆਲਮ, ਡੀਐੱਸਪੀ ਪਾਤੜਾਂ ਦਲਜੀਤ ਵਿਰਕ, ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ, ਸੀਆਈਏ ਸਮਾਣਾ ਦੇ ਇੰਚਾਰਜ ਮਨਪ੍ਰੀਤ ਸਿੰਘ, ਘੱਗਾ ਦੇ ਐੱਸਐੱਚਓ ਦਰਸ਼ਨ ਸਿੰਘ ਤੇ ਐੱਸਆਈ ਜਸਪਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਅਮਰੀਕ ਸਿੰਘ, ਦੇਬੂ ਰਾਮ, ਬੰਟੀ, ਰਮੇਸ਼ ਰਾਮ ਅਤੇ ਜਗਦੇਵ ਉਰਫ ਜੱਗਾ ਵਾਸੀ ਘੱਗਾ ਵਜੋਂ ਹੋਈ ਹੈ। ਜਗਦੇਵ ਜੱਗਾ ਇਸ ਪਰਿਵਾਰ ਦਾ ਲਾਂਗਰੀ ਸੀ, ਜਿਸ ਨੂੰ ਪਤਾ ਸੀ ਕਿ ਪਰਿਵਾਰ ਕੋਲ ਚੌਖੀ ਰਾਸ਼ੀ ਹੈ। ਉਸ ਨੇ ਆਪਣੀ ਮਾਸੀ ਦੇ ਪੁੱਤ ਬੰਟੀ ਦੇ ਨਾਲ ਰਲ ਕੇ ਤਿੰਨ ਹੋਰ ਸਾਥੀਆਂ ਨੂੰ ਨਾਲ ਜੋੜਿਆ ਤੇ ਰਾਤ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਪਿਸਤੌਲ ਦਿਖਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਬੰਨ੍ਹ ਦਿੱਤਾ ਤੇ 28 ਲੱਖ ਰੁਪਏ ਲੁੱਟ ਲਏ।