ਹਲਵਾਈ ਕੋਲੋਂ ਭਾਣਜਾ ਬਣਕੇ 5.20 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਸ਼ਾਹਕੋਟ, 25 ਅਕਤੂਬਰ
ਲੋਹੀਆਂ ਖਾਸ ਦੇ ਹਲਵਾਈ ਜੀਤ ਰਾਮ ਕੋਲੋਂ ਕਿਸੇ ਮਸ਼ਕੂਕ ਨੇ ਫੋਨ ਕਰਕੇ 5.20 ਲੱਖ ਰੁਪਏ ਠੱਗ ਲਏ ਹਨ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੂੰ ਫੋਨ ਆਇਆ ਤਾਂ ਉਸ ਨੇ ਸੋਚਿਆ ਕਿ ਉਸ ਦਾ ਭਾਣਜਾ ਬਲਜੀਤ ਸਿੰਘ ਗੱਲ ਕਰ ਰਿਹਾ ਹੈ। ਮਸ਼ਕੂਕ ਨੇ ਹਲਵਾਈ ਨੂੰ ਕਿਹਾ ਕਿ ਉਹ ਉਸ ਨੂੰ 15 ਲੱਖ ਰੁਪਏ ਭੇਜਣਾ ਚਾਹੁੰਦਾ ਹੈ ਪਰ ਇਸ ਸਬੰਧੀ ਉਹ ਕਿਸੇ ਨਾਲ ਕੋਈ ਗੱਲ ਨਾ ਕਰੇ। ਕੁਝ ਸਮੇਂ ਬਾਅਦ ਠੱਗ ਨੇ ਫੋਨ ਕੀਤਾ ਕਿ ਕੁਝ ਮੁਸ਼ਕਿਲ ਆ ਗਈ ਹੈ ਇਸ ਕਰਕੇ ਉਹ ਉਸਦੇ ਬੈਂਕ ਖਾਤੇ ਵਿਚ ਤਿੰਨ ਲੱਖ ਰੁਪਏ ਭੇਜ ਦੇਵੋ। ਹਲਵਾਈ ਨੇ ਤੁਰੰਤ ਬੈਂਕ ਵਿੱਚ ਜਾ ਕੇ ਠੱਗ ਵਿਅਕਤੀ ਵੱਲੋਂ ਵਾਰਾਣਸੀ ਦੇ ਦਿੱਤੇ ਬੈਂਕ ਖਾਤੇ ਵਿੱਚ ਪਹਿਲਾਂ 2 ਲੱਖ ਤੇ ਫਿਰ 1 ਲੱਖ ਰੁਪਏ ਭੇਜ ਦਿੱਤੇ। ਦੂਜੇ ਦਿਨ ਫਿਰ ਠੱਗ ਨੇ ਹਲਵਾਈ ਨੂੰ 2 ਲੱਖ ਰੁਪਏ ਹੋਰ ਭੇਜਣ ਲਈ ਕਹਿ ਦਿੱਤਾ। ਹਲਵਾਈ ਨੇ ਦੁਬਾਰਾ ਠੱਗ ਦੇ ਵਾਰਾਣਸੀ ਦੇ ਬੈਂਕ ਖਾਤੇ ਵਿਚ 2.20 ਲੱਖ ਰੁਪਏ ਭੇਜ ਦਿਤੇ। 5.20 ਲੱਖ ਰੁਪਏ ਠੱਗਣ ਤੋਂ ਬਾਅਦ ਠੱਗ ਨੇ ਫਿਰ ਹਲਵਾਈ ਨੂੰ ਫੋਨ ਕੀਤਾ ਕਿ ਸਰਕਾਰ ਨੂੰ ਟੈਕਸ ਦੇਣ ਲਈ 1.70 ਲੱਖ ਰੁਪਏ ਹੋਰ ਭੇਜੋ। ਜਦੋਂ ਹਲਵਾਈ ਨੇ ਆਪਣੀ ਭੈਣ ਤੇ ਜੀਜੇ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਮਨੀਲਾ ਰਹਿੰਦੇ ਪੁੱਤਰ ਬਲਜੀਤ ਸਿੰਘ ਨਾਲ ਉਨ੍ਹਾਂ ਦੀ ਗੱਲ ਕਰਵਾ ਦਿਤੀ। ਬਲਜੀਤ ਸਿੰਘ ਨੇ ਆਪਣੇ ਹਲਵਾਈ ਮਾਮਾ ਨੂੰ ਦੱਸਿਆ ਕਿ ਉਸਨੇ ਉਨ੍ਹਾਂ ਕੋਲੋ ਕੋਈ ਰਕਮ ਨਹੀਂ ਮੰਗਵਾਈ। ਇਸਤੋਂ ਬਾਅਦ ਹਲਵਾਈ ਨੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ।