ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 5.2 ਲੱਖ ਰੁਪਏ ਠੱਗੇ
ਗੁਰਬਖਸ਼ਪੁਰੀ
ਤਰਨ ਤਾਰਨ, 3 ਅਕਤੂਬਰ
ਭਿੱਖੀਵਿੰਡ ਇਲਾਕੇ ਦੇ ਦੋ ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਉਨ੍ਹਾਂ ਨਾਲ ਲੱਖ ਰੁਪਏ ਦੀ ਹੇਰਾ-ਫੇਰੀ ਕਰ ਗਿਆ। ਮੁਲਜ਼ਮ ਦੀ ਸ਼ਨਾਖਤ ਪੰਜਾਬ ਸਿੰਘ ਵਾਸੀ ਲੌਹੁਕਾ ਦੇ ਤੌਰ ’ਤੇ ਕੀਤੀ ਗਈ ਹੈ|
ਪੀੜਤ ਗੁਰਦਿਆਲ ਸਿੰਘ ਵਾਸੀ ਕਾਲੇ ਅਤੇ ਕਸ਼ਮੀਰ ਸਿੰਘ ਵਾਸੀ ਭਿੱਖੀਵਿੰਡ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨਾਲ ਮੁਲਜ਼ਮ ਨੇ 2016 ਵਿੱਚ ਸੰਪਰਕ ਕਰਕੇ ਉਨ੍ਹਾਂ ਦੇ ਲੜਕਿਆਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਅਤੇ ਇਸ ਲਈ ਉਸ ਨੇ 22-22 ਲੱਖ ਰੁਪਏ ਦੀ ਮੰਗ ਕੀਤੀ। ਪੰਜਾਬ ਸਿੰਘ ਨੇ ਦੋਵਾਂ ਜਣਿਆਂ ਤੋਂ ਮੌਕੇ ’ਤੇ ਹੀ 5.2 ਲੱਖ ਰੁਪਏ ਲੈ ਲਏ। ਗੁਰਦਿਆਲ ਸਿੰਘ ਤੇ ਕਸ਼ਮੀਰ ਸਿੰਘ ਨੇ ਕਿਹਾ ਕਿ 5.2 ਲੱਖ ਰੁਪਏ ਲੈ ਕੇ ਵੀ ਮੁਲਜ਼ਮ ਸਾਲਾਂ ਤੱਕ ਅਗਲੇਰੀ ਕੋਈ ਕਾਰਵਾਈ ਨਾ ਕਰ ਸਕਿਆ ਅਤੇ ਪੈਸੇ ਵਾਪਸ ਮੰਗਣ ’ਤੇ ਵੀ ਉਹ ਚੁੱਪ ਧਾਰ ਗਿਆ। ਇਸ ਮਗਰੋਂ ਉਨ੍ਹਾਂ ਜ਼ਿਲ੍ਹਾ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਦੀ ਪੜਤਾਲ ਸਰਬਜੀਤ ਸਿੰਘ ਡੀਐੱਸਪੀ (ਐੱਨਡੀਪੀਐੱਸ) ਨੇ ਕੀਤੀ ਤਾਂ ਪਤਾ ਲੱਗਿਆ ਕਿ ਪੰਜਾਬ ਸਿੰਘ ਨੇ ਗੁਰਦਿਆਲ ਸਿੰਘ ਤੇ ਕਸ਼ਮੀਰ ਸਿੰਘ ਨਾਲ 5.2 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਸਬੰਧੀ ਭਿੱਖੀਵਿੰਡ ਪੁਲੀਸ ਨੇ ਪੰਜਾਬ ਸਿੰਘ ਖਿਲਾਫ਼ ਬੀਐੱਨਐੱਸ ਦੀ ਦਫ਼ਾ 420 ਅਧੀਨ ਕੇਸ ਦਰਜ ਕੀਤਾ ਹੈ।
ਆਨਲਾਈਨ 3.52 ਲੱਖ ਰੁਪਏ ਦੀ ਠੱਗੀ
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਮਹਿੰਦੀਪੁਰ ਦੇ ਵਾਸੀ ਮੰਗਲ ਸਿੰਘ ਦੇ ਵੱਖ ਵੱਖ ਬੈਂਕਾਂ ਦੇ ਕਰੈਡਿਟ ਕਾਰਡਾਂ ਦੀ ਜਾਣਕਾਰੀ ਲੈ ਕੇ ਉਸ ਦੇ ਕਰੈਡਿਟ ਕਾਰਡਾਂ ਵਿੱਚੋਂ ਇਕ ਜਾਅਲਸਾਜ਼ 3.52 ਲੱਖ ਰੁਪਏ ਦੀ ਠੱਗੀ ਮਾਰ ਗਿਆ। ਜ਼ਿਲ੍ਹਾ ਪੁਲੀਸ ਦੀ ਸਾਈਬਰ ਕਰਾਈਮ ਬਰਾਂਚ ਵੱਲੋਂ ਮੰਗਲ ਸਿੰਘ ਦੀ ਸ਼ਿਕਾਇਤ ਦੀ ਪੜਤਾਲ ’ਤੇ ਮੁਲਜ਼ਮ ਦੀ ਸ਼ਨਾਖਤ ਬਿਜਨੌਰ (ਉੱਤਰ ਪ੍ਰਦੇਸ਼) ਦੀ ਵਸਨੀਕ ਪੂਜਾ ਪਤਨੀ ਗੌਤਮ ਦੇ ਤੌਰ ’ਤੇ ਕੀਤੀ ਗਈ। ਮੰਗਲ ਸਿੰਘ ਕੋਲ ਐੱਚਡੀਐੱਫਸੀ, ਇੰਡੋਸਿੰਡ, ਐਕਸਿਸ ਅਤੇ ਕੋਟਕ ਮਹਿੰਦਰਾ ਬੈਂਕਾਂ ਦੇ ਕਰੈਡਿਟ ਕਾਰਡ ਹਨ। ਸਾਈਬਰ ਕਰਾਈਮ ਦੇ ਏਐੱਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਮੰਗਲ ਸਿੰਘ ਨਾਲ 23 ਫਰਵਰੀ ਨੂੰ ਸੰਪਰਕ ਕਰ ਕੇ ਉਸ ਤੋਂ ਦੋ ਬੈਂਕਾਂ ਦੇ ਕਰੈਡਿਟ ਕਾਰਡਾਂ ਦੀ ਕਾਪੀ ਵਟਸਐਪ ’ਤੇ ਮੰਗਵਾ ਲਈ ਸੀ। ਜਾਅਲਸਾਜ਼ ਨੇ ਉਸ ਦੇ ਬੈਂਕਾਂ ਦੇ ਕਰੈਡਿਟ ਕਾਰਡਾਂ ਤੋਂ 23 ਫਰਵਰੀ ਤੋਂ ਲੈ ਕੇ 14 ਮਾਰਚ ਤੱਕ 3.52 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰ ਲਈ। ਖੇਮਕਰਨ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 420 ਅਧੀਨ ਕੇਸ ਦਰਜ ਕੀਤਾ ਹੈ|