ਲਾਲੜੂ ਵਿੱਚ ਡੇਂਗੂ ਕਾਰਨ 47 ਸਾਲਾ ਔਰਤ ਦੀ ਮੌਤ
ਸਰਬਜੀਤ ਸਿੰਘ ਭੱਟੀ
ਲਾਲੜੂ, 19 ਨਵੰਬਰ
ਡੇਂਗੂ ਬੁਖਾਰ ਨੇ ਲਾਲੜੂ ਅਤੇ ਹੰਡੇਸਰਾ ਖੇਤਰ ਵਿੱਚ ਕਹਿਰ ਮਚਾਇਆ ਹੋਇਆ ਹੈ। ਬੀਤੇ ਦਿਨ ਵੀ ਲਾਲੜੂ ਦੇ ਵਾਰਡ ਨੰਬਰ-5 ਵਿੱਚ 47 ਸਾਲਾ ਔਰਤ ਕਾਂਤਾ ਦੇਵੀ ਪਤਨੀ ਹਰਭਜਨ ਸਿੰਘ ਉਰਫ ਭਜਾ ਦੀ ਡੇਂਗੂ ਦੌਰਾਨ ਵਧੀ ਲਾਗ ਕਰ ਕੇ ਮੌਤ ਹੋ ਗਈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਇਲਾਕੇ ਵਿੱਚ ਦਰਜਨਾਂ ਵਿਅਕਤੀ ਇਸ ਜਾਨਲੇਵਾ ਬੁਖਾਰ ਤੋਂ ਪੀੜਤ ਹਨ ਅਤੇ ਪਲੇਟਲੈੱਟਸ ਘਟਣ ਕਾਰਨ ਗੰਭੀਰ ਹਾਲਤ ਵਿੱਚ ਹਨ।
ਮ੍ਰਿਤਕਾ ਕਾਂਤਾ ਦੇਵੀ ਲੰਘੀ 10 ਨਵੰਬਰ ਤੋਂ ਡੇਂਗੂ ਨਾਲ ਪੀੜਤ ਸੀ। ਉਹ ਪਹਿਲਾਂ ਲਾਲੜੂ ਮੰਡੀ ਵਿੱਚ ਸਥਿਤ ਇਕ ਨਿੱਜੀ ਹਸਪਤਾਲ ਤੋਂ ਦਵਾਈ ਲੈਂਦੀ ਰਹੀ ਤੇ ਉਸ ਤੋਂ ਬਾਅਦ ਉਸ ਨੂੰ ਸ਼ਾਹਬਾਦ ਮਾਰਕੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੋਂ ਵੀ ਉਸ ਨੂੰ ਰੈਫਰ ਕਰ ਦਿੱਤਾ ਗਿਆ ਤੇ ਇਸ ਵੇਲੇ ਉਹ ਡੇਰਾਬੱਸੀ ਦੇ ਇੰਡਸ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇੱਥੇ ਲਾਗ ਜ਼ਿਆਦਾ ਵਧਣ ਕਾਰਨ ਬੀਤੇ ਦਿਨ ਉਸ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਕਾਂਤਾ ਡੇਂਗੂ ਨਾਲ ਪੀੜਤ ਸੀ। ਇਸ ਦੌਰਾਨ ਉਸ ਨੂੰ ਇਨਫੈਕਸ਼ਨ ਹੋ ਗਈ ਜੋ ਕਿ ਉਸ ਦੇ ਲਿਵਰ ਤੇ ਕਿਡਨੀ ਤੱਕ ਪਹੁੰਚ ਗਈ ਸੀ ਜਿਸ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਉਣਾ ਪਿਆ ਜਿੱਥੇ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਅਦਾਇਗੀ ਵੀ ਕਰਨੀ ਪਈ ਪਰ ਫਿਰ ਵੀ ਕਾਂਤਾ ਦੀ ਜਾਨ ਨਹੀਂ ਬੱਚ ਸਕੀ।
ਇਸ ਤੋਂ ਇਲਾਵਾ ਨੇੜਲੇ ਪਿੰਡ ਹੰਡੇਸਰਾ, ਨਗਲਾ ਤੇ ਅੰਟਾਲਾ ਸਣੇ ਹੋਰ ਕਈ ਪਿੰਡਾਂ ਵਿੱਚ ਵੱਡੀ ਗਿਣਤੀ ਵਿਅਕਤੀ ਬੁਖਾਰ ਦੀ ਲਪੇਟ ਵਿੱਚ ਹਨ, ਜਿਨਾਂ ਨੂੰ ਅੰਬਾਲਾ ਸ਼ਹਿਰ ਦੇ ਮਹਿੰਗੇ ਹਸਪਤਾਲਾਂ ਵਿੱਚੋਂ ਇਲਾਜ ਕਰਵਾਉਣਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਇਲਾਕੇ ਵਿੱਚ ਡੇਂਗੂ ਬੁਖਾਰ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ।
ਉੱਧਰ, ਕਮਿਊਨਿਟੀ ਹੈਲਥ ਸੈਂਟਰ ਲਾਲੜੂ ਦੇ ਐੱਸਐੱਮਓ ਡਾ. ਨਵੀਨ ਕੌਸ਼ਿਕ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੈਡੀਕਲ ਟੀਮਾਂ ਹਰੇਕ ਘਰ ਤੇ ਵਾਰਡ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਹੀਆਂ ਹਨ ਅਤੇ ਨਗਰ ਕੌਂਸਲ ਵੱਲੋਂ ਵੀ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੂਰੇ ਸੀਜ਼ਨ ਵਿੱਚ ਇਲਾਕੇ ’ਚ ਪੰਜ-ਸੱਤ ਮਰੀਜ਼ ਹੀ ਡੇਂਗੂ ਬੁਖਾਰ ਨਾਲ ਪੀੜਤ ਪਾਏ ਗਏ ਹਨ।