ਲਾਓਸ ਦੇ ਸਾਈਬਰ ਘਪਲਾ ਕੇਂਦਰਾਂ ’ਚੋਂ 47 ਭਾਰਤੀ ਬਚਾਏ
ਵਿਏਨਟਿਏਨ, 31 ਅਗਸਤ
ਲਾਓਸ ਦੇ ਸਾਈਬਰ ਘਪਲਾ ਕੇਂਦਰਾਂ ਵਿੱਚ ਫਸੇ 47 ਭਾਰਤੀਆਂ ਨੂੰ ਮੁਲਕ ਦੇ ਬੋਕੇਇਓ ਪ੍ਰਾਂਤ ’ਚੋਂ ਬਚਾਇਆ ਗਿਆ ਹੈ। ਭਾਰਤੀ ਸਫ਼ਾਰਤਖਾਨੇ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਅਧਿਕਾਰੀ ਲਾਓਸ ’ਚ ਆਪਣੇ ਨਾਗਰਿਕਾਂ ਨੂੰ ਫਰਜ਼ੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਤੀ ਪਹਿਲਾਂ ਤੋਂ ਖ਼ਬਰਦਾਰ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਅਪੀਲ ਕੀਤੀ ਹੈ ਕਿ ਭਾਰਤੀ ਧੋਖਾਧੜੀ ਤੋਂ ਬਚਣ ਲਈ ਪਹਿਲਾਂ ਮੁਕੰਮਲ ਜਾਂਚ-ਪੜਤਾਲ ਕਰ ਲੈਣ। ਭਾਰਤੀ ਮਿਸ਼ਨ ਨੇ ਹੁਣ ਤੱਕ 635 ਭਾਰਤੀਆਂ ਨੂੰ ਬਚਾਅ ਕੇ ਸੁਰੱਖਿਅਤ ਵਤਨ ਭੇਜਿਆ ਹੈ।
ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਪੋਸਟ ’ਚ ਦੱਸਿਆ ਕਿ ਬੋਕੇਇਓ ਪ੍ਰਾਂਤ ’ਚ ਗੋਲਡਨ ਟ੍ਰਾਈਐਂਗਲ ਵਿਸ਼ੇਸ਼ ਆਰਥਿਕ ਜ਼ੋਨ ਦੇ ਸਾਈਬਰ ਸਕੈਮ ਕੇਂਦਰਾਂ ’ਚ ਫਸੇ 29 ਵਿਅਕਤੀਆਂ ਨੂੰ ਸਫ਼ਾਰਤਖਾਨੇ ਹਵਾਲੇ ਕਰ ਦਿੱਤਾ ਸੀ, ਜਦਕਿ 18 ਹੋਰਾਂ ਨੇ ਮਦਦ ਦੀ ਅਪੀਲ ਕੀਤੀ ਸੀ।
ਲਾਓਸ ’ਚ ਭਾਰਤੀ ਸਫ਼ੀਰ ਪ੍ਰਸ਼ਾਂਤ ਅਗਰਵਾਲ ਨੇ ਬਚਾਏ ਗਏ ਭਾਰਤੀਆਂ ਨਾਲ ਮੁਲਾਕਾਤ ਕੀਤੀ। ਦੂਤਾਵਾਸ ਨੇ ਦੱਸਿਆ ਕਿ ਭਾਰਤੀਆਂ ਦੀ ਮਦਦ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਵਿਏਨਟਿਏਨ ਲਿਆਂਦਾ ਗਿਆ। ਹੁਣ ਤੱਕ 30 ਵਿਅਕਤੀ ਭਾਰਤ ਪੁੱਜ ਚੁੱਕੇ ਹਨ, ਜਦੋਂ ਕਿ ਬਾਕੀ 17 ਵੀ ਛੇਤੀ ਹੀ ਮੁਲਕ ਛੱਡ ਦੇਣਗੇ। -ਪੀਟੀਆਈ