ਲੁਧਿਆਣਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਖਰਚੇ ਜਾਣਗੇ 460 ਕਰੋੜ
ਗੁਰਿੰਦਰ ਸਿੰਘ
ਲੁਧਿਆਣਾ, 6 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ 22 ਅਤੇ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਹੋਏ ਸਮਾਗਮ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਉਚੇਚੇ ਤੌਰ ’ਤੇ ਹਾਜ਼ਰ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਮੋਟ ਦਬਾ ਕੇ ਵਿਕਾਸ ਕਾਰਜ ਦਾ ਉਦਘਾਟਨ ਕੀਤਾ। ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਅੰਮ੍ਰਿਤ ਦੌਰ ਦੀ ਸ਼ੁਰੂਆਤ ਵਿੱਚ ਹੈ, ਜੋ ਵਿਕਾਸ ਦੇ ਟੀਚੇ ਵੱਲ ਵਧ ਰਿਹਾ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਲੁਧਿਆਣਾ ਇੱਕ ਸਨਅਤੀ ਸ਼ਹਿਰ ਹੈ, ਜਿਸ ਕਾਰਨ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਦੇ ਨਾਲ-ਨਾਲ ਸਨਅਤਕਾਰ ਅਤੇ ਕਾਰੋਬਾਰੀ ਵੀ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਰੇਲਵੇ ਦੀ ਇਸ ਸਕੀਮ ਵਿੱਚ ਲੁਧਿਆਣਾ ਸਟੇਸ਼ਨ ਨੂੰ ਰੱਖ ਕੇ ਪੰਜਾਬ ਅਤੇ ਖਾਸ ਕਰਕੇ ਲੁਧਿਆਣਾ ਦੇ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖਿਆ ਹੈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ 460 ਕਰੋੜ ਰੁਪਏ ਲੁਧਿਆਣਾ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਵੇਗਾ ਅਤੇ ਪੰਜਾਬ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੋਵੇਗੀ।
ਪੀਐੱਮ ਮੋਦੀ ਦੇ ਭਾਸ਼ਣ ਤੋਂ ਪਹਿਲਾਂ ਹੀ ‘ਆਪ’ ਆਗੂ ਵਾਕਆਊਟ ਕਰ ਗਏ
ਉਦਘਾਟਨੀ ਸਮਾਗਮ ਦੌਰਾਨ ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ, ਵਿਧਾਇਕ ਗੁਰਪ੍ਰੀਤ ਗੋਗੀ ਅਤੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਪੁੱਜੇ ਹੋਏ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦੇ ਪ੍ਰੋਗਰਾਮ ਨੂੰ ਉਹ ਅੱਧ ਵਿਚਾਲੇ ਹੀ ਛੱਡਕੇ ਚਲੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਜਨਤਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਚਲੇ ਗਏ ਜਿਸ ’ਤੇ ਭਾਜਪਾ ਆਗੂਆਂ ਨੇ ਸਖ਼ਤ ਇਤਰਾਜ਼ ਜਤਾਇਆ। ਭਾਜਪਾ ਆਗੂਆਂ ਕਾਂਤੇਦੂ ਸ਼ਰਮਾ ਅਤੇ ਨਰਿੰਦਰ ਸਿੰਘ ਮੱਲੀ ਨੇ ‘ਆਪ’ ਆਗੂਆਂ ’ਤੇ ਨਿਸ਼ਾਨੇ ਸੇਧਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਨੀਤੀਆਂ ਨੂੰ ਆਪਣੀ ਸਰਕਾਰ ਦੀ ਉਪਲਬਧੀ ਦੱਸ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਸਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਉਥੇ ਆਪ ਆਗੂਆਂ ਨੇ ਪ੍ਰੋਗਰਾਮ ਅੱਧ ਵਿਚਾਲੇ ਛੱਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਕੀਤਾ ਹੈ।