For the best experience, open
https://m.punjabitribuneonline.com
on your mobile browser.
Advertisement

ਨਵੇਂ ਚੁਣੇ ਗਏ ਸੰਸਦ ਮੈਂਬਰਾਂ ’ਚੋਂ 46 ਫ਼ੀਸਦੀ ਦਾਗ਼ੀ

07:22 AM Jun 07, 2024 IST
ਨਵੇਂ ਚੁਣੇ ਗਏ ਸੰਸਦ ਮੈਂਬਰਾਂ ’ਚੋਂ 46 ਫ਼ੀਸਦੀ ਦਾਗ਼ੀ
Advertisement

ਨਵੀਂ ਦਿੱਲੀ, 6 ਜੂਨ
ਲੋਕ ਸਭਾ ਦੇ ਨਵੇਂ ਚੁਣੇ ਗਏ 543 ਮੈਂਬਰਾਂ ’ਚੋਂ 251 (46 ਫ਼ੀਸਦ) ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ’ਚੋਂ 27 ਨੂੰ ਤਾਂ ਸਜ਼ਾ ਵੀ ਹੋ ਚੁੱਕੀ ਹੈ। ਚੋਣ ਅਧਿਐਨ ਕਰਨ ਵਾਲੀ ਜਥੇਬੰਦੀ ਐਸੋਸੀਏਸ਼ਨ ਆਫ਼ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਮੁਤਾਬਕ ਹੇਠਲੇ ਸਦਨ ’ਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੈਂਬਰਾਂ ਦੀ ਪਿਛਲੇ ਕਈ ਦਹਾਕਿਆਂ ਦੀ ਸਭ ਤੋਂ ਵੱਧ ਗਿਣਤੀ ਹੈ।
ਸਾਲ 2019 ’ਚ ਕੁੱਲ 233 ਨਵੇਂ ਚੁਣੇ ਗਏ ਮੈਂਬਰਾਂ (43 ਫ਼ੀਸਦ) ਨੇ ਆਪਣੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹੋਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ 2014 ’ਚ 185 (34 ਫ਼ੀਸਦ), 2009 ’ਚ 162 (30 ਫ਼ੀਸਦ) ਅਤੇ 2004 ’ਚ 125 (23 ਫ਼ੀਸਦ) ਨੇ ਆਪਣੇ ਉਪਰ ਅਪਰਾਧਿਕ ਕੇਸ ਦਰਜ ਹੋਣ ਦਾ ਐਲਾਨ ਕੀਤਾ ਸੀ। ਅਧਿਐਨ ਮੁਤਾਬਕ 2009 ਮਗਰੋਂ ਕੇਸ ਦਰਜ ਹੋਣ ਦਾ ਐਲਾਨ ਕਰਨ ਵਾਲੇ ਮੈਂਬਰਾਂ ਦੀ ਗਿਣਤੀ ’ਚ 55 ਫ਼ੀਸਦੀ ਵਾਧਾ ਹੋਇਆ ਹੈ। ਨਵੇਂ ਚੁਣੇ ਗਏ 251 ਮੈਂਬਰਾਂ ’ਚੋਂ 170 (31 ਫ਼ੀਸਦ) ਖ਼ਿਲਾਫ਼ ਗੰਭੀਰ ਕੇਸ ਹਨ ਜਿਨ੍ਹਾਂ ’ਚ ਜਬਰ-ਜਨਾਹ, ਹੱਤਿਆ ਦੀ ਕੋਸ਼ਿਸ਼, ਅਗ਼ਵਾ ਅਤੇ ਔਰਤਾਂ ਖ਼ਿਲਾਫ਼ ਹਿੰਸਾ ਦੇ ਮਾਮਲੇ ਹਨ। ਗੰਭੀਰ ਜੁਰਮਾਂ ਦੇ ਮਾਮਲੇ ਵਾਲੇ ਮੈਂਬਰਾਂ ਦੀ ਗਿਣਤੀ 2009 ਤੋਂ 124 ਫ਼ੀਸਦ ਵਧ ਗਈ ਹੈ। ਇਸ ਵਾਰ ਚਾਰ ਉਮੀਦਵਾਰਾਂ ਨੇ ਧਾਰਾ 302 ਤਹਿਤ ਆਪਣੇ ਉਪਰ ਹੱਤਿਆ ਨਾਲ ਸਬੰਧਤ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ 27 ਨੇ ਧਾਰਾ 307 ਤਹਿਤ ਹੱਤਿਆ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ। ਨਵੇਂ ਚੁਣੇ ਗਏ 15 ਉਮੀਦਵਾਰਾਂ ਨੇ ਆਪਣੇ ਉਪਰ ਔਰਤਾਂ ਖ਼ਿਲਾਫ਼ ਜੁਰਮਾਂ ਨਾਲ ਸਬੰਧਤ ਮਾਮਲੇ ਐਲਾਨੇ ਹਨ ਜਿਨ੍ਹਾਂ ’ਚੋਂ ਦੋ ’ਤੇ ਧਾਰਾ 376 ਤਹਿਤ ਜਬਰ-ਜਨਾਹ ਦਾ ਦੋਸ਼ ਹੈ। ਏਡੀਆਰ ਮੁਤਾਬਕ 18ਵੀਂ ਲੋਕ ਸਭਾ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਬਰਕਰਾਰ ਭਾਜਪਾ ਦੇ 240 ਜੇਤੂ ਉਮੀਦਵਾਰਾਂ ’ਚੋਂ 94 (39 ਫ਼ੀਸਦ) ਨੇ ਆਪਣੇ ਉਪਰ ਅਪਰਾਧਿਕ ਕੇਸ ਐਲਾਨੇ ਹਨ। ਕਾਂਗਰਸ ਦੇ 99 ਜੇਤੂ ਉਮੀਦਵਾਰਾਂ ’ਚੋਂ 49 (49 ਫ਼ੀਸਦ) ਨੇ ਆਪਣੇ ਉਪਰ ਕੇਸ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ ਸਮਾਜਵਾਦੀ ਪਾਰਟੀ ਦੇ 37 ਉਮੀਦਵਾਰਾਂ ’ਚੋਂ 21 (45 ਫ਼ੀਸਦ) ਖ਼ਿਲਾਫ਼ ਕੇਸ ਦਰਜ ਹਨ। ਤ੍ਰਿਣਮੂਲ ਕਾਂਗਰਸ ਦੇ 29 ’ਚੋਂ 13 (45 ਫ਼ੀਸਦ), ਡੀਐੱਮਕੇ ਦੇ 22 ’ਚੋਂ 13 (59 ਫ਼ੀਸਦ), ਟੀਡੀਪੀ ਦੇ 16 ’ਚੋਂ 8 (50 ਫ਼ੀਸਦ) ਅਤੇ ਸ਼ਿਵ ਸੈਨਾ ਦੇ 7 ਜੇਤੂ ਉਮੀਦਵਾਰਾਂ ’ਚੋਂ 5 (71 ਫ਼ੀਸਦ) ਨੇ ਅਪਰਾਧਿਕ ਮਾਮਲੇ ਐਲਾਨੇ ਹਨ। ਅਧਿਐਨ ਤੋਂ ਪਤਾ ਲੱਗਾ ਕਿ 63 (26 ਫ਼ੀਸਦ) ਭਾਜਪਾ ਉਮੀਦਵਾਰ, 32 (32 ਫ਼ੀਸਦ) ਕਾਂਗਰਸ ਉਮੀਦਵਾਰ ਅਤੇ 17 (46 ਫ਼ੀਸਦ) ਸਮਾਜਵਾਦੀ ਪਾਰਟੀ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਗੰਭੀਰ ਮਾਮਲੇ ਦਰਜ ਹੋਣ ਦੀ ਹਲਫ਼ਨਾਮਿਆਂ ’ਚ ਜਾਣਕਾਰੀ ਦਿੱਤੀ ਹੈ। ਇਸ ’ਚ ਕਿਹਾ ਗਿਆ ਕਿ ਨਵੇਂ ਚੁਣੇ ਗਏ ਮੈਂਬਰਾਂ ’ਚੋਂ 7 (24 ਫ਼ੀਸਦ) ਟੀਐੱਮਸੀ ਮੈਂਬਰ, 6 (27 ਫ਼ੀਸਦ) ਡੀਐੱਮਕੇ ਉਮੀਦਵਾਰ, 5 (31 ਫ਼ੀਸਦ) ਟੀਡੀਪੀ ਉਮੀਦਵਾਰ ਅਤੇ 4 (57 ਫ਼ੀਸਦ) ਸ਼ਿਵ ਸੈਨਾ ਉਮੀਦਵਾਰ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਹੇ ਹਨ। -ਪੀਟੀਆਈ

Advertisement

105 ਮੈਂਬਰ 5ਵੀਂ ਤੋਂ ਲੈ ਕੇ 12ਵੀਂ ਪਾਸ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਜਿੱਤਣ ਵਾਲੇ 105 ਉਮੀਦਵਾਰ (19 ਫ਼ੀਸਦ) 5ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹੇ ਹੋਏ ਹਨ। ਏਡੀਆਰ ਦੇ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ 420 ਜੇਤੂ ਉਮੀਦਵਾਰ (77) ਗਰੈਜੂਏਟ ਹਨ ਜਾਂ ਉਨ੍ਹਾਂ ਕੋਲ ਉੱਚ ਡਿਗਰੀ ਹਾਸਲ ਹੈ। ਏਡੀਆਰ ਮੁਤਾਬਕ 17 ਜੇਤੂ ਉਮੀਦਵਾਰ ਡਿਪਲੋਮਾ ਧਾਰਕ ਅਤੇ ਇਕ ਮੈਂਬਰ ‘ਸਿਰਫ਼ ਸਾਖ਼ਰ’ ਹੈ। ਆਪਣੇ ਹਲਫ਼ਨਾਮਿਆਂ ’ਚ ਖੁਦ ਨੂੰ ਅਨਪੜ੍ਹ ਦੱਸਣ ਵਾਲੇ ਸਾਰੇ 121 ਉਮੀਦਵਾਰ ਚੋਣ ਹਾਰ ਗਏ ਹਨ। ਅਧਿਐਨ ਮੁਤਾਬਕ ਦੋ ਜੇਤੂ ਉਮੀਦਵਾਰਾਂ ਨੇ 5ਵੀਂ ਜਦਕਿ ਚਾਰ ਨੇ 8ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ 65 ਅਜਿਹੇ ਮੈਂਬਰ ਹਨ ਜੋ 12ਵੀਂ ਤੱਕ ਪੜ੍ਹਾਈ ਕਰ ਚੁੱਕੇ ਹਨ। ਪੀਆਰਐੱਸ ਲੈਜਿਸਲੇਟਿਵ ਰਿਸਰਚ ਮੁਤਾਬਕ ਨਵੀਂ ਲੋਕ ਸਭਾ ’ਚ ਪੰਜ ਫ਼ੀਸਦ ਮੈਂਬਰਾਂ ਕੋਲ ਡਾਕਟਰੇਟ ਦੀ ਡਿਗਰੀ ਹੈ ਜਿਨ੍ਹਾਂ ’ਚੋਂ ਤਿੰਨ ਔਰਤਾਂ ਹਨ। ਜ਼ਿਆਦਾਤਰ ਮੈਂਬਰਾਂ ਨੇ ਖੇਤੀ ਅਤੇ ਸਮਾਜ ਸੇਵਾ ਨੂੰ ਆਪਣਾ ਪੇਸ਼ਾ ਦੱਸਿਆ ਹੈ। 18ਵੀਂ ਲੋਕ ਸਭਾ ਦੇ ਕਰੀਬ 7 ਫ਼ੀਸਦ ਮੈਂਬਰ ਵਕੀਲ ਹਨ ਅਤੇ 4 ਫ਼ੀਸਦ ਮੈਡੀਕਲ ਕਿੱਤੇ ਨਾਲ ਜੁੜੇ ਹੋਏ ਹਨ। -ਪੀਟੀਆਈ

ਲੋਕ ਸਭਾ ਚੋਣਾਂ ’ਚ ਪਹਿਲੀ ਵਾਰ ਚੁਣੇ ਗਏ 280 ਆਗੂ

ਨਵੀਂ ਦਿੱਲੀ: ਹੁਣੇ ਹੋਈਆਂ ਚੋਣਾਂ ਵਿਚ ਲੋਕ ਸਭਾ ਲਈ ਚੁਣੇ ਗਏ ਮੈਂਬਰਾਂ ’ਚ 280 ਆਗੂ ਅਜਿਹੇ ਹਨ ਜੋ ਪਹਿਲੀ ਵਾਰ ਸਦਨ ’ਚ ਹਾਜ਼ਰੀ ਲਵਾਉਣਗੇ ਜਦਕਿ 2019 ਦੀਆਂ ਚੋਣਾਂ ’ਚ 267 ਆਗੂ ਪਹਿਲੀ ਵਾਰ ਮੈਂਬਰ ਬਣੇ ਸਨ। ਚੋਣ ਅਧਿਐਨ ਕਰਨ ਵਾਲੀ ਜਥੇਬੰਦੀ ਪੀਆਰਐੱਸ ਲੈਜਿਸਲੇਟਿਵ ਰਿਸਰਚ ਮੁਤਾਬਕ 263 ਚੁਣੇ ਗਏ ਸੰਸਦ ਮੈਂਬਰ ਪਿਛਲੀ ਵਾਰ ਵੀ ਲੋਕ ਸਭਾ ਦੇ ਮੈਂਬਰ ਸਨ। ਇਸ ਤੋਂ ਇਲਾਵਾ 16 ਆਗੂ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਇਨ੍ਹਾਂ ’ਚੋਂ ਇਕ ਤਾਂ ਸੱਤ ਵਾਰ ਲੋਕ ਸਭਾ ਮੈਂਬਰ ਰਹਿ ਚੁੱਕਿਆ ਹੈ। ਦੁਬਾਰਾ ਚੁਣੇ ਗਏ ਸੰਸਦ ਮੈਂਬਰਾਂ ’ਚੋਂ ਅੱਠ ਨੇ ਆਪਣਾ ਹਲਕਾ ਬਦਲ ਦਿੱਤਾ ਅਤੇ ਇਕ ਮੈਂਬਰ ਦੋ ਹਲਕਿਆਂ ਤੋਂ ਮੁੜ ਚੁਣਿਆ ਗਿਆ। ਦੇਸ਼ ਦੀ 17ਵੀਂ ਲੋਕ ਸਭਾ ’ਚ ਦੁਬਾਰਾ ਤੋਂ ਚੁਣੇ ਗਏ 9 ਸੰਸਦ ਮੈਂਬਰਾਂ ਨੇ ਵੱਖਰੀ ਪਾਰਟੀ ਤੋਂ ਚੋਣ ਲੜੀ ਸੀ ਜਦਕਿ ਅੱਠ ਹੋਰ ਮੈਂਬਰ ਉਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਸਨ ਜੋ ਆਪਣੀ ਪਿਛਲੀ ਪਾਰਟੀ ਤੋਂ ਵੱਖ ਹੋਈ ਸੀ। ਚੋਣ ਲੜਨ ਵਾਲੇ 53 ਮੰਤਰੀਆਂ ’ਚੋਂ 35 ਹੀ ਜਿੱਤ ਹਾਸਲ ਕਰ ਸਕੇ। ਨਵੀਂ ਅਤੇ 18ਵੀਂ ਲੋਕ ਸਭਾ ’ਚ 240 ਸੀਟਾਂ ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਉਧਰ ਕਾਂਗਰਸ 99 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਸਮਾਜਵਾਦੀ ਪਾਰਟੀ 37 ਸੀਟਾਂ ਨਾਲ ਤੀਜੇ ਨੰਬਰ ’ਤੇ ਰਹੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×