For the best experience, open
https://m.punjabitribuneonline.com
on your mobile browser.
Advertisement

ਦਿੱਲੀ ਯੂਨੀਵਰਸਿਟੀ ਵੱਲੋਂ ਫ਼ੀਸਾਂ ’ਚ 46 ਫੀਸਦ ਵਾਧਾ

09:10 AM Dec 07, 2023 IST
ਦਿੱਲੀ ਯੂਨੀਵਰਸਿਟੀ ਵੱਲੋਂ ਫ਼ੀਸਾਂ ’ਚ 46 ਫੀਸਦ ਵਾਧਾ
ਰਾਮਜਸ ਕਾਲਜ ’ਚ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਦਸੰਬਰ
ਦਿੱਲੀ ਯੂਨੀਵਰਸਿਟੀ (ਡੀਯੂ) ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸਾਲਾਨਾ ਚਾਰਜ 46 ਫੀਸਦੀ ਵਧਾ ਕੇ 2,350 ਰੁਪਏ ਕਰ ਕੇ ਵਿਵਾਦ ਛੇੜ ਦਿੱਤਾ ਹੈ। ਇਸ ਕਦਮ ਤੋਂ ਨਾਰਾਜ਼ ਕਈ ਅਧਿਆਪਕਾਂ ਵੱਲੋਂ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ। ਅਧਿਆਪਕਾਂ ਨੇ ਦਾਅਵਾ ਕੀਤਾ ਹੈ ਇਹ ਉੱਚ ਸਿੱਖਿਆ ਵਿੱਤ ਏਜੰਸੀ (ਐੱਚਈਐੱਫਏ) ਦੇ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਵਿਦਿਆਰਥੀਆਂ ਦੇ ਫੰਡਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਹੈ। ਹਾਲਾਂਕਿ ਡੀਯੂ ਦੇ ਰਜਿਸਟਰਾਰ ਵਿਕਾਸ ਗੁਪਤਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ, ‘‘ਫ਼ੀਸ ਵਾਧੇ ਦਾ ਐਚਈਐਫਏ ਲੋਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ‌ ਅਤੇ ਯੂਨੀਵਰਸਿਟੀ ਕੋਲ ਵਿਆਜ ਦੀ ਅਦਾਇਗੀ ਲਈ ਕਾਫ਼ੀ ਫੰਡ ਹਨ।’’
ਦੱਸਣਯੋਗ ਹੈ ਕਿ ਅਕਤੂਬਰ ਵਿੱਚ ਐੱਚਈਐੱਫਏ ਨੇ 930 ਕਰੋੜ ਰੁਪਏ ਦੇ ਲੋਨ ਕਾਰਪਸ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦੀ ਪੁਸ਼ਟੀ ਉਪ ਕੁਲਪਤੀ ਵੱਲੋਂ ਕੀਤੀ ਗਈ ਸੀ। ਅਧਿਆਪਕਾਂ ਅਤੇ ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਦੋਸ਼ ਹੈ ਕਿ ਡੀਯੂ ਐੱਚਈਐੱਫਏ ਦੇ ਕਰਜ਼ੇ ਦੇ ਵਿਆਜ ਦੀ ਅਦਾਇਗੀ ਕਰਨ ਲਈ ਫੀਸਾਂ ਵਧਾ ਰਿਹਾ ਹੈ, ਜਿਸ ਨਾਲ ਸਿੱਖਿਆ ਨੂੰ ਖਤਰਾ ਹੋ ਰਿਹਾ ਹੈ। ਡੀਯੂ ਦੀ ਗਲੋਬਲ ਰੈਂਕਿੰਗ ਨੂੰ ਵਧਾਉਣ ਲਈ ਪ੍ਰਸਤਾਵਿਤ ‘ਰਣਨੀਤਕ ਯੋਜਨਾ 2022-2047’ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਅਧਿਆਪਕਾਂ ਨੇ ਚਿੰਤਾ ਪ੍ਰਗਟਾਈ ਕਿ ਬੁਨਿਆਦੀ ਢਾਂਚੇ ਲਈ ਲੋੜੀਂਦੇ ਫੰਡ ਪ੍ਰਾਈਵੇਟ ਫੰਡਿੰਗ ਰਾਹੀਂ ਫੀਸਾਂ ਵਿੱਚ ਵਾਧੇ ਵੱਲ ਧੱਕਣਗੇ।ਇਸੇ ਦੌਰਾਨ ਖੱਬੇ-ਪੱਖੀ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ‘ਰਣਨੀਤਕ ਯੋਜਨਾ 2022-2047’ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਦੀ ਸਮੱਗਰੀ ‘ਜਾਅਲਸਾਜ਼ੀ’ ਹੈ। ਅਕਾਦਮਿਕ ਕੌਂਸਲ ਦੀ 6 ਦਸੰਬਰ ਦੀ ਬੈਠਕ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਹੈ।

Advertisement

ਰਾਮਜਸ ਕਾਲਜ ਅਧਿਆਪਕਾਂ ਦੇ ਉਜਾੜੇ ਵਿਰੁੱਧ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ

ਨਵੀਂ ਦਿੱਲੀ (ਪੱਤਰ ਪ੍ਰੇਰਕ): ਏਆਈਐੱਸਏ ਦੇ ਕਾਰਕੁਨਾਂ ਨੇ ਰਾਮਜਸ ਕਾਲਜ ਦੇ ਵਿਦਿਆਰਥੀਆਂ ਨਾਲ ਕਾਲਜ ਦੇ ਅੰਗਰੇਜ਼ੀ ਵਿਭਾਗ ਵਿੱਚ ਐਡਹਾਕ ਅਧਿਆਪਕਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਉਜਾੜੇ ਖ਼ਿਲਾਫ਼ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ ਕੀਤਾ। ‘ਆਇਸਾ’ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨੇ ਦੋਸ਼ ਲਾਇਆ ਕਿ ਚਿਰਾਂ ਤੋਂ ਪੜ੍ਹਾ ਰਹੇ ਉਨ੍ਹਾਂ ਅਧਿਆਪਕਾਂ ਨੂੰ ਸਿਆਸੀ ਕਾਰਨਾਂ ਕਰਕੇ ਨੌਕਰੀ ਤੋਂ ਬਾਹਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜਕੇ ਕਾਲਜ ਪ੍ਰਬੰਧਕਾਂ ਨੂੰ ਰੋਸ ਜ਼ਾਹਿਰ ਕੀਤਾ। ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵੱਲੋਂ ‘ਮੈਰਿਟ’ ਦਾ ਬਹਾਨਾ ਲਾਇਆ ਗਿਆ ਹੈ। ਆਇਸਾ ਦੀ ਦਿੱਲੀ ਦੀ ਇਕਾਈ ਨੇ ਸਾਰੇ ਉਜਾੜੇ ਅਧਿਆਪਕਾਂ ਨੂੰ ਤੁਰੰਤ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਸੱਦਾ ਦਿੱਤਾ ਕਿ ਰਾਮਜਸ ਕਾਲਜ ਦੇ ਪ੍ਰੋਫੈਸਰਾਂ ਦੇ ਨਾਲ ਹਰ ਕੋਈ ਖੜ੍ਹੇ ਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅੰਗਰੇਜ਼ੀ ਵਿਭਾਗ ਦੇ 10 ਅਧਿਆਪਕਾਂ ਵਿੱਚੋਂ 8 ਦੀ ਸਿਆਸੀ ਤੌਰ ’ਤੇ ਪ੍ਰੇਰਿਤ ਨਿਯੁਕਤੀ ਕਰਕੇ ਵਿਭਾਗ ਨੂੰ ਉਜਾੜ ਦਿੱਤਾ ਗਿਆ ਹੈ।

Advertisement
Author Image

Advertisement
Advertisement
×