ਕੈਂਪ ਦੌਰਾਨ 46 ਵਿਅਕਤੀਆਂ ਵੱਲੋਂ ਖ਼ੂਨਦਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਨਵੰਬਰ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਹੈ ਕਿ ਮਨੁੱਖਤਾ ਦੇ ਹਿੱਤ ਵਿਚ ਖੂਨਦਾਨ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਹ ਕੁਰੂਕਸ਼ੇਤਰ ਦੇ ਯੂਆਈਈਟੀ ਇੰਸਟੀਚਿਊਟ ਦੀ ਐੱਨਐੱਸਐਸ ਯੂਨਿਟ ਤੇ ਹਾਰਟ ਹੈਲਪ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਖੂਨ ਦਾਨ ਕੈਂਪ ਦੇ ਉਦਘਾਟਨ ਮੌਕੇ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ ਯੂਆਈਈਟੀ ਸੰਸਥਾ ਦੇ ਡਾਇਰੈਕਟਰ ਪ੍ਰੋ. ਸੁਨੀਲ ਢੀਂਗਰਾ ਨੇ ਕਿਹਾ ਕਿ ਆਲ ਇੰਡਿਆ ਕੌਂਸਲ ਆਫ ਟੈਕਨਾਲੋਜੀ ਐਜੂਕੇਸ਼ਨ, ਯੂਨਵਰਸਿਟੀ ਗਰਾਂਟਸ ਕਮਿਸ਼ਨ ਤੇ ਹੋਰ ਵਿਦਿਅਕ ਅਦਾਰਿਆਂ ਵਲੋਂ ਸਮੇਂ ਸਮੇਂ ਤੇ ਸਮਾਜ ਵਿੱਚ ਉਸਾਰੂ ਕੰਮਾਂ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ। ਖੂਨਦਾਨ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਦੀਪਕ ਮਲਿਕ ਤੇ ਡਾ. ਉਰਮਿਲਾ ਨੇ ਦੱਸਿਆ ਕਿ ਲੋਕ ਜਨ ਨਾਇਕ ਜਨਰਲ ਹਸਪਤਾਲ ਦੀ ਟੀਮ ਵਲੋਂ 46 ਯੂਨਿਟ ਖੂਨ ਇੱਕਠਾ ਕੀਤਾ ਗਿਆ। ਕੈਂਪ ਵਿਚ ਹਾਰਟ ਹੈਲਪ ਫਾਊਂਡੇਸ਼ਨ ਦੇ ਸੌਰਵ ਗੁਪਤਾ ਤੇ ਟੀਮ ਦਾ ਯੋਗਦਾਨ ਰਿਹਾ। ਇਸੇ ਦੌਰਾਨ ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਅੱਜ ਪਿੰਡ ਬਾਰਨਾ ਵਿੱਚ ਸ਼ਹੀਦ ਸੁਰਿੰਦਰ ਕੁਮਾਰ ਦੀ ਯਾਦ ਵਿਚ ਉਮੰਗ ਸਮਾਜ ਸੇਵੀ ਸੰਸਥਾ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸ੍ਰੀ ਅਰੋੜਾ ਨੇ ਸ਼ਹੀਦ ਦੇ ਪਿਤਾ ਰੌਣਕੀ ਰਾਮ ਨੂੰ ਸ਼ਾਲ ਭੇਟ ਕਰ ਸਨਮਾਨਿਤ ਕੀਤਾ। ਮੁੱਖ ਮਹਿਮਾਨ ਨੇ ਖੂਨਦਾਨੀਆਂ ਨੂੰ ਬੈਜ ਤੇ ਸਰਟੀਫਿਕੇਟ ਵੰਡੇ। ਇਸ ਦੌਰਾਨ ਆਯੂਸ਼ ਵਿਭਾਗ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ ਡਾ. ਜਗੀਰ ਸਿੰਘ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਦਿੱਤੀਆਂ। ਪ੍ਰਧਾਨ ਦੇਵੀ ਲਾਲ ਨੇ ਦੱਸਿਆ ਕਿ ਸੰਸਥਾ ਵੱਲੋਂ ਕਈ ਸਮਾਜ ਸੇਵਾ ਦੇ ਕੰਮ ਕਰਵਾਏ ਜਾ ਰਹੇ ਹਨ।