46, ਆਸ਼ਾ ਪੁਰੀ...
ਅਪਮਿੰਦਰ ਪਾਲ ਸਿੰਘ ਬਰਾੜ *
ਮਿੱਤਰ ਜਸਬੀਰ ਦੇ ਅਚਨਚੇਤ ਕੈਨੇਡਾ ਤੋਂ ਮੇਰੇ ਖੇਤੀਬਾੜੀ ਯੂਨੀਵਰਸਿਟੀ ਵਿਚਲੇ ਘਰ ਆਉਣ ਨਾਲ ਮਾਹੌਲ ਖੁਸ਼ਗਵਾਰ ਹੋ ਗਿਆ। ਉਹ ਕੈਨੇਡਾ ਦੇ ਸ਼ਹਿਰ ਸਰੀ ’ਚ ਮੰਨਿਆ-ਪ੍ਰਮੰਨਿਆ ਰੇਡੀਓ ਹੋਸਟ ਹੈ। ਸੋਹਣੀ ਪੱਗ ਅਤੇ ਘੁੰਗਰਾਲੀ ਦਾੜ੍ਹੀ ਨਾਲ ਫੱਬਿਆ ਹੋਇਆ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸਰਦਾਰ ਮਹਿੰਦਰ ਸਿੰਘ ਰੋਮਾਣਾ ਦਾ ਪੁੱਤ ਹੁੰਦਿਆਂ ਵੀ ਉਹ ਧਾਰਮਿਕ ਰੁਚੀਆਂ ਵਾਲਾ ਨਹੀਂ। ਅਣਮੰਨੇ ਮਨ ਨਾਲ ਵੈਟਨਰੀ ਦੀ ਡਿਗਰੀ ਕਰਕੇ ਮਨ ਭਟਕਦਾ ਰਿਹਾ, ਵਕਾਲਤ ਦੀ ਡਿਗਰੀ ਕੀਤੀ ਪਰ ਮਨ ਨਾ ਟਿਕਿਆ ਅਤੇ ਆਖ਼ਰ ਆਪੇ ਚੁਣੀ ਜੀਵਨ ਸਾਥਣ ਸਰਬਜੀਤ ਅਤੇ ਬੱਚੇ ਲੈ ਕੈਨੇਡਾ ਜਾ ਵੱਸਿਆ। ਕਈ ਸਾਲ ਟੈਕਸੀ ਚਲਾਉਂਦਾ ਰਿਹਾ। ਨਿੱਤ ਨਵੇਂ ਲੋਕਾਂ ਨੂੰ ਮਿਲਣ ਦੇ ਭੁੱਸ, ਰਾਜਨੀਤੀ ’ਚ ਦਿਲਚਸਪੀ ਅਤੇ ਰਸੀਲੀ ਆਵਾਜ਼ ਦੇ ਬਾਵਜੂਦ ਬਰਜਿੰਦਰਾ ਕਾਲਜ ਫ਼ਰੀਦਕੋਟ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ’ਚ ਗਾਉਣ ਦੇ ਅਧੂਰੇ ਰਹਿ ਗਏ ਸੁਫ਼ਨਿਆਂ ਨੇ ਆਖ਼ਰ ਉਸ ਨੂੰ ਰੇਡੀਓ ਹੋਸਟ ਦੀ ਕੁਰਸੀ ’ਤੇ ਜਾ ਬਿਠਾਇਆ। ਉਸ ਨੇ ਪੰਜਾਬ ਦੇ ਨਾਮਵਰ ਸਾਹਿਤਕਾਰਾਂ, ਸਿਆਸਤਦਾਨਾਂ, ਖਿਡਾਰੀਆਂ, ਗਾਇਕਾਂ ਅਤੇ ਅਣਗਿਣਤ ਹੋਰਾਂ ਨਾਲ ਆਪਣੇ ਸ਼ੋਅ ’ਚ ਸੰਵਾਦ ਰਚਾਇਆ ਹੈ। ਉਸ ਨੂੰ ਘੁੰਡੀ ਪਾਉਣੀ ਆਉਂਦੀ ਹੈ ਅਤੇ ਉਹ ਉਨ੍ਹਾਂ ਤੋਂ ਸੱਚ ਕਹਾ ਲੈਂਦਾ ਹੈ ਜਿਵੇਂ ਰੋਜ਼ਾਨਾ ਪਾਣੀ ਢੋਹਣ ਵਾਲੀ ਨਾਰ ਖੂਹ ’ਚੋਂ ਰੱਸਾ ਬੰਨ੍ਹੀ ਬਾਲਟੀ ਨਾਲ ਪਾਣੀ ਕੱਢ ਲਿਆਉਂਦੀ ਹੈ। ਇੱਥੇ ਸਭ ਕੁਝ ਠੀਕ ਨਾ ਹੁੰਦਿਆਂ ਵੀ ਉਹ ਆਪਣੀਆਂ ਜੜ੍ਹਾਂ ਤੋਂ ਟੁੱਟਣਾ ਨਹੀਂ ਚਾਹੁੰਦਾ। ਕਈ ਸਾਲ ਪਹਿਲਾਂ ਜਦੋਂ ਉਹ ਕੈਨੇਡਾ ਤੋਂ ਆਇਆ ਤਾਂ ਵਾਪਸ ਜਾ ਕੇ ਲਿਖਿਆ:
‘‘ਮੈਂ ਇੱਕ ਦਿਨ ਫੇਰ ਆਵਾਂਗਾ, ਪੰਜਾਬ ਅੰਦਰ ਹਾਲੇ ਕੁਝ ਨਹੀਂ ਬਦਲਿਆ, ਪਿਆਰ-ਮੋਹ, ਮਾਪੇ, ਭੈਣ-ਭਰਾ, ਦੋਸਤੀਆਂ, ਸਾਂਝਾਂ, ਸਿਆਸਤ, ਨੀਤੀਆਂ-ਬਦਨੀਤੀਆਂ, ਕਹਿਕਹੇ, ਰੌਲਾ-ਰੱਪਾ, ਧੂੜ-ਧੱਪਾ, ਧੁਰ ਰੂਹ ਅੰਦਰ ਤੱਕ ਮੁੜ ਆ ਵੱਸਣ ਦੀ ਅੰਤਾਂ ਦੀ ਰੀਝ ਤੇ ਹੇਰਵਾ- ਅਜੇ ਕੁਝ ਨਹੀਂ ਬਦਲਿਆ।’’ ਮੈਂ ਉਸ ਨੂੰ ਮਿਹਣਾ ਮਾਰਿਆ:
‘‘ਤੂੰ ਆਵੇਂਗਾ ਮੁੜ ਜਾਵੇਂਗਾ, ਫਿਰ ਮੁੜ ਆਉਣ ਦਾ ਵਾਅਦਾ ਕਰਕੇ’’ ਤੇ ਅਗਲੇ ਦਿਨ ਮੈਂ ਪਹਿਲੀ ਵਾਰ ਤੁਕਬੰਦੀ ਕਰਨ ਦੀ ਕੋਸ਼ਿਸ਼ ਕੀਤੀ:
ਸਾਡੇ ਖ਼ੂਨ ’ਚ ਸੀ ਰਚਿਆ
ਬਗਦਾਦੀਂ ਜਾਣਾ ’ਤੇ ਘਰ ਮੁੜ ਆਉਣਾ
ਚੱਕ ਪੰਜਾਲੀ ਬਲਦ ਜੋੜ
ਫਿਰ ਖੇਤੀਂ ਹਲ਼ ਵਾਹੁਣਾ
ਪਰ ਕੀ ਹੋਇਆ ਇਸ ਪਵਣ ਨੂੰ, ਪਾਣੀ ਨੂੰ
ਕੀ ਹੋਇਆ ਇਸ ਧਰਤਿ ਨੂੰ
ਜਾ ਬਗਦਾਦੀ, ਮੁੜ ਵਾਪਸ ਨਾ ਆਉਣਾ
ਹੋ ਕੇ ਬੁੱਢੇ ਬਲਦਾਂ ਦਾ, ਮਰ ਮੁੱਕ ਜਾਣਾ
ਪਈ ਪੰਜਾਲ਼ੀ ਨੁੱਕਰੇ ਨੂੰ, ਘੁਣ ਦਾ ਹੀ ਖਾ ਜਾਣਾ
ਭੈਣ ਨਾਨਕੀ ਦੇ ਕੋਇਆਂ ਵਿੱਚ, ਹੰਝੂਆ ਦਾ ਸੁੱਕ ਜਾਣਾ...
ਸੁਰਜੀਤ ਪਾਤਰ ਹੋਰੀਂ ਅਕਸਰ ਉਸ ਦੇ ਸਰੀ ਚਲਦੇ ਰੇਡੀਓ ਟਾਕ ਸ਼ੋਅ ਦਾ ਹਿੱਸਾ ਬਣਦੇ ਰਹਿੰਦੇ। ਉਹ ਪਾਤਰ ਦਾ ਮੱਦਾਹ ਹੈ ਤੇ ਉਨ੍ਹਾਂ ਦੇ ਗੀਤ ਬੜੇ ਚਾਅ ਨਾਲ ਗਾਉਂਦਾ ਹੈ।
ਅਗਲੇ ਦਿਨ ਪੱਗ ਦੀ ਪੂਣੀ ਕਰਦਿਆਂ ਕਹਿੰਦਾ, ‘‘ਆਪਾਂ ਅੱਜ ਪਾਤਰ ਸਾਹਿਬ ਦੇ ਘਰ ਚੱਲਣੈ, ਤਿਆਰ ਹੋਜਾ।’’
‘‘ਗਾਉਣ ਨੂੰ ਜੀ ਕਰਦਾ ਹੋਣੈ, ਐਥੇ ਭੜਾਸ ਕੱਢ ਲੈ,’’ ਮੈਂ ਸਲਾਹ ਦਿੱਤੀ।
‘‘ਅੱਜ ਮਿੱਤਰਾ, ਪਾਤਰ ਸਾਹਬ ਦੇ ਘਰੇ, ਉਨ੍ਹਾਂ ਦੇ
ਸਾਹਮਣੇ, ਉਨ੍ਹਾਂ ਦੇ ਹੀ ਗੀਤ ਗਾਉਣੇ ਐਂ ਤੇਰੇ ਵੀਰੇ ਨੇ,’’
ਉਹ ਲੋਰ ’ਚ ਸੀ।
ਮੈਂ ਸੁਰਜੀਤ ਪਾਤਰ ਬਾਰੇ ਸੋਚਣ ਲੱਗਾ। ਉਨ੍ਹਾਂ ਦੀ ਰਚਨਾ ਲੋਕ ਧਿਆਨ ਲਾ ਕੇ ਸੁਣਦੇ ਅਤੇ ਪੜ੍ਹਦੇ ਹਨ, ਬਿਨਾ ਹਿੱਲਜੁਲ ਜਾਂ ਆਵਾਜ਼ ਕੀਤਿਆਂ। ਸਾਹਿਤ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੇ ਉਨ੍ਹਾਂ ਨੂੰ ਅਥਾਹ ਪਿਆਰ ਤੇ ਸਤਿਕਾਰ ਦਿੱਤਾ। ਨਿੱਕਾ ਕੱਦ, ਹਲਕਾ ਵਜ਼ਨ, ਸਾਦੇ ਪਹਿਰਾਵੇ, ਸੰਘਣੀਆਂ ਮੁੱਛਾਂ ਅਤੇ ਭਰਵੀਂ ਦਾੜ੍ਹੀ ’ਚ ਉਹ ਕਿਸੇ ਪਹੁੰਚੇ ਹੋਏ ਫ਼ਕੀਰ ਦਾ ਝਾਉਲ਼ਾ ਪਾਉਂਦਾ ਹੈ। ਐਨਕਾਂ ਦੇ ਸ਼ੀਸ਼ਿਆਂ ਥਾਣੀਂ ਦੂਰ ਤੱਕ ਦੇਖਦਾ ਹੋਇਆ ਉਹ ਆਪਣੇ ਮਨ ’ਚ ਸ਼ਬਦਾਂ ਦਾ ਵਿਸ਼ਾਲ ਤਾਣਾ-ਬਾਣਾ ਬੁਣਦਾ ਰਹਿੰਦਾ ਹੈ। ਉਸ ਦੀ ਕਵਿਤਾ ਆਸ ਦੀ ਚਿਣਗ ਜਗਾਉਂਦਿਆਂ ਹਾਕਮ ਦੀ ਹਿੱਕ ’ਤੇ ਸੱਪ ਵਾਂਗ ਮੇਲ੍ਹਦੀ ਹੈ। ਉਹ ਪੱਤਝੜ ਦੇ ਲੰਮੇ ਹੋ ਜਾਣ ਦੇ ਬਾਵਜੂਦ ਉਦਾਸ ਨਾ ਹੋਣ ਦਾ ਹੋਕਾ ਦਿੰਦਾ ਹੈ ਅਤੇ ਆਪਣੇ ਖਿੱਤੇ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਕਿਸੇ ਨੂੰ ਮਿਰਚਾਂ ਵਾਰਨ ਦਾ ਵਾਸਤਾ ਪਾਉਂਦਾ ਹੈ। ਜੰਗਲ ਦੇ ਸ਼ੂਕਣ ’ਤੇ ਉਹ ਕੱਲੇ-ਕੱਲੇ ਰੁੱਖ ਨੂੰ ਸਮਝਾਉਣ ਦਾ ਉਪਰਾਲਾ ਕਰਦਾ ਹੈ। ਉਸ ਦੀਆਂ ਸਾਹਿਤਕ ਜੜ੍ਹਾਂ ਬਿਰਖ ਵਾਂਗ ਡੂੰਘੀਆਂ ਹਨ, ਤਾਂ ਹੀ ਸ਼ਾਇਦ ਬਿਰਖ ਉਸ ਦੀਆਂ ਗਜਲ਼ਾਂ ਵਿਚ ਵਾਰ ਵਾਰ ਆਉਂਦਾ ਹੈ:
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲ਼ੀ ਹਾਅ ਬਣ ਕੇ
ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣ ਕੇ...
ਪਾਤਰ ਦੀ ਕਵਿਤਾ ਦੀਆਂ ਸਤਰਾਂ ’ਚੋਂ ਪਿੱਛੇ ਰਹਿ ਗਈ ਮਹਿਬੂਬਾ ਦੀਆਂ ਚੁੰਨੀਆਂ ਦੇ ਰੰਗ ਲਿਸ਼ਕਾਰੇ ਮਾਰਦੇ ਹਨ। ਉਹ ਸੁਰਾਂ ਤੇ ਸ਼ਬਦਾਂ ਦਾ ਸੰਗਮ ਸੀ। ਲਿਖਦਾ ਤਾਂ ਕਲਮ ਬਣ ਜਾਂਦਾ, ਗਾਉਂਦਾ ਤਾਂ ਸਾਜ਼। ਸੁਖਵਿੰਦਰ ਅੰਮ੍ਰਿਤ ਦੀਆਂ ਇਹ ਸਤਰਾਂ ਕਿੰਨੀਆਂ ਢੁੱਕਵੀਆਂ ਹਨ:
ਸਮੇਂ ਦੇ ਗੰਧਲੇ ਪਾਣੀ ਤੇ ਉਹ ਤਰਿਆ ਫੁੱਲ ਦੇ ਵਾਂਗੂੰ
ਸਮੇਂ ਦੇ ਸ਼ੋਰ ’ਚੋਂ ਇਕ ਤਰਜ਼ ਬਣ ਕੇ ਉੱਭਰਿਆ ਪਾਤਰ
ਉਹਦੇ ਲਫ਼ਜ਼ਾਂ ’ਚ ਉਹ ਲੱਜਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ
ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਰਾਗ ਵੱਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ
‘46 ਆਸ਼ਾ ਪੁਰੀ’ ਆਮ ਘਰ ਹੁੰਦਿਆਂ ਵੀ, ਪਾਤਰ ਦਾ ਘਰ ਹੋਣ ਕਰਕੇ ਹਰ ਪਲ ਖ਼ਾਸ ਬਣਿਆ ਰਿਹਾ। ਕੰਧਾਂ ’ਚ ਲੱਗੀਆਂ ਇੱਟਾਂ ਕਮਰਿਆਂ ’ਚ ਭਰੀਆਂ ਕਿਤਾਬਾਂ ਨਾਲ ਜਿਵੇਂ ਬਾਤਾਂ ਪਾ ਰਹੀਆਂ ਹੋਣ, ਸ਼ਬਦ ਕਿਤਾਬਾਂ ਦੇ ਵਰਕਿਆਂ ’ਚੋਂ ਨਿਕਲ ਕੇ ਕਬੂਤਰਾਂ ਵਾਂਗ ਇੱਕ ਦੂਜੇ ਦਾ ਪਿੱਛਾ ਕਰਦੇ ਹੋਏ ਕਮਰਿਆਂ ਦੀ ਪਰਿਕਰਮਾ ਕਰਦੇ ਪ੍ਰਤੀਤ ਹੁੰਦੇ।
ਅਸੀਂ ਘੰਟੇ ਬਾਅਦ ਪਾਤਰ ਹੋਰਾਂ ਦੇ ਘਰ ਉਨ੍ਹਾਂ ਦੇ ਸਾਹਮਣੇ ਬੈਠੇ ਸੀ। ਬੜੇ ਤਪਾਕ ਨਾਲ ਮਿਲੇ। ਗੁਰਦਾਸ ਮਾਨ, ਕੁਲਵੰਤ ਵਿਰਕ, ਸੰਤ ਸਿੰਘ ਸੇਖੋਂ ਅਤੇ ਕਈ ਹੋਰਾਂ ਦੀਆਂ ਗੱਲਾਂ ਹੋਈਆਂ, ਪਰ ਗੱਲ ਜਸਬੀਰ ਵੱਲੋਂ ਪਾਤਰ ਨੂੰ ਆਪਣੀ ਕੋਈ ਰਚਨਾ ਗਾ ਕੇ ਸੁਣਾਉਣ ਦੀ ਬੇਨਤੀ ’ਤੇ ਆ ਕੇ ਮੁੱਕੀ। ਜਸਬੀਰ ਉਨ੍ਹਾਂ ਸਾਹਮਣੇ ਕਈ ਵਾਰ ਉਨ੍ਹਾਂ ਦੀ ਕੋਈ ਨਾ ਕੋਈ ਰਚਨਾ ਪਹਿਲਾਂ ਵੀ ਗਾ ਚੁੱਕਾ ਸੀ ਤੇ ਜਾਣਦਾ ਸੀ ਉਹ ਉਸ ਨੂੰ ਹੀ ਗਾਉਣ ਲਈ ਕਹਿਣਗੇ ਜਿਸ ਲਈ ਉਹ ਪਹਿਲਾਂ ਹੀ ਉਸਲਵੱਟੇ ਲੈ ਰਿਹਾ ਸੀ। ਉਹੀ ਗੱਲ ਹੋਈ। ਹੁਣ ਜਸਬੀਰ ਹੇਕ ਲਾ ਕੇ ਉੱਚੀ ਸੁਰ ਵਿੱਚ ਗਾ ਰਿਹਾ ਸੀ। ਉਸ ਦੀਆਂ ਅੱਖਾਂ ਬੰਦ ਅਤੇ ਬਾਂਹ ਹਵਾ ’ਚ ਲਹਿਰਾ ਰਹੀ ਸੀ। ਪਾਤਰ ਸਾਹਿਬ ਦੀਆਂ ਅੱਖਾਂ ’ਚ ਸਰੂਰ ਸੀ।
ਜਸਬੀਰ ਨੂੰ ਆਪਣੀਆਂ ਚੋਣਵੀਆਂ ਕਵਿਤਾਵਾਂ ਦੀ ਕਿਸੇ ਪਿਆਰੇ ਵੱਲੋਂ ਅੰਗਰੇਜ਼ੀ ’ਚ ਅਨੁਵਾਦ ਕੀਤੀ ਕਿਤਾਬ ਭੇਟ ਕੀਤੀ। ਮੇਰੇ ’ਚ ਈਰਖਾ ਦੀ ਚਿਣਗ ਬਲ਼ੀ। ਮੈਂ ਉਨ੍ਹਾਂ ਨੂੰ ਆਪਣੀ ਵਾਰਤਕ ‘ਮੇਰਾ ਅਮਲਤਾਸ’ ਸੁਣਨ ਦੀ ਬੇਨਤੀ ਕੀਤੀ। ਆਪਣਾ ਸੈਲ ਫੋਨ ਸਾਹਮਣੇ ਰੱਖ ਮੈਂ ਪੜ੍ਹਦਾ ਰਿਹਾ ਤੇ ਉਹ ਸਿਰ ਹਿਲਾਉਂਦੇ ਰਹੇ। ਵਾਰਤਕ ਦੇ ਖ਼ਤਮ ਹੋਣ ’ਤੇ ਉੱਠੇ ਤੇ ਰਸੋਈ ਤੋਂ ਪਹਿਲਾਂ ਬਣੇ ਕਮਰੇ ’ਚੋਂ ਆਪਣੀ ਵਾਰਤਕ ਦੀ ਕਿਤਾਬ ‘ਸੂਰਜ ਮੰਦਰ ਦੀਆਂ ਪੌੜੀਆਂ’ ਚੁੱਕ ਲਿਆਏ। ਬੜੇ ਪਿਆਰ ਤੇ ਅਪਣੱਤ ਨਾਲ ਮੈਨੂੰ ਭੇਟ ਕੀਤੀ, ਪਤਾ ਨਹੀਂ ਮੇਰੀ ਵਾਰਤਕ ਚੰਗੀ ਲੱਗਣ ਕਰਕੇ ਜਾਂ ਇਸ ਕਰਕੇ ਕਿ ਜੇ ਮੈਂ ਇਸ ਨੂੰ ਪੜ੍ਹਾਂ ਤਾਂ ਯਕੀਨਨ ਮੇਰੀ ਵਾਰਤਕ ਵੀ ਕਿਸੇ ਨੂੰ ਸੁਣਾਉਣ ਯੋਗ ਹੋ ਜਾਵੇਗੀ। ਇਹ ਕਿਤਾਬਾਂ ਲੈ ਮੁੜਨ ਵੇਲੇ ਅਸੀਂ ਉਹ ਨਹੀਂ ਸੀ ਰਹੇ ਜੋ ਆਉਣ ਵੇਲ਼ੇ ਸੀ। ਸਾਡੀ ਚਾਲ ’ਚ ਲਚਕ, ਅੱਖਾਂ ’ਚ ਸਰੂਰ ਤੇ ਹਵਾ ’ਚ ਮਹਿਕ ਸੀ।
* ਪ੍ਰੋਫੈਸਰ, ਗੁਰੂ ਅੰਗਦ ਦੇਵ ਯੂਨੀਵਰਸਿਟੀ, ਲੁਧਿਆਣਾ।