ਰਾੜਾ ਸਾਹਿਬ ਸੰਸਥਾ ਵਿੱਚ 450 ਸਾਲਾ ਸਮਾਗਮ
ਦੇਵਿੰਦਰ ਸਿੰਘ ਜੱਗੀ
ਪਾਇਲ, 30 ਸਤੰਬਰ
ਰਾੜਾ ਸਾਹਿਬ ਸੰਸਥਾ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੇ 450 ਸਾਲਾ ਜੋਤੀ ਜੋਤ ਸਮਾਉਣ ਦਿਵਸ ਅਤੇ ਗੁਰੂ ਰਾਮਦਾਸ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਰਾੜਾ ਸਾਹਿਬ ਵਿੱਚ ਕਰਵਾਇਆ ਗਿਆ। ਇਸ ਮੌਕੇ ਗਿਆਨੀ ਰਘਵੀਰ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ, ਗਿਆਨੀ ਅਮਰਜੀਤ ਸਿੰਘ ਦਰਬਾਰ ਸਾਹਿਬ, ਗਿਆਨੀ ਸੁਲਤਾਨ ਸਿੰਘ ਕੇਸਗੜ ਸਾਹਿਬ, ਐਡਵੋਕੇਟ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗਿਆਨੀ ਰਣਜੀਤ ਸਿੰਘ ਦਿੱਲੀ, ਡਾ. ਅਲੰਕਾਰ ਸਿੰਘ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗਿਆਨੀ ਗਗਨਦੀਪ ਸਿੰਘ ਨੇ ਸਾਂਝੇ ਤੌਰ ਤੇ ਸੰਤ ਬਲਜਿੰਦਰ ਸਿੰਘ ਮੁਖੀ ਵੱਲੋਂ ‘ਈਸ਼ਰ ਮਾਈਕਰੋ ਮੀਡੀਆ’ ਦਾ ਐਂਡਰਾਇਡ ਰੂਪ ਲੋਕ ਅਰਪਣ ਕੀਤਾ। ਇਸ ਮੌਕੇ ਗਿਆਨੀ ਰਘਵੀਰ ਸਿੰਘ ਨੇ ਇਸ ਵੁਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੰਮ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਰਗਾ ਹੈ। ਇਸ ਐਪ ਨਾਲ ਦੇਸ਼-ਵਿਦੇਸ਼ ’ਚ ਵਸਦੇ ਸਿੱਖ ਜਿਗਿਆਸੁਆਂ ਨੂੰ ਲਾਭ ਮਿਲੇਗਾ।