ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਟ੍ਰਿਬਿਊਨ ਦਾ 45 ਸਾਲ ਦਾ ਸਫ਼ਰ

05:44 AM Aug 15, 2023 IST

ਗੁਰਦੇਵ ਸਿੰਘ ਸਿੱਧੂ

ਅੱਜ 15 ਅਗਸਤ 2023 ਨੂੰ ‘ਲੋਕ ਆਵਾਜ਼’ ‘ਪੰਜਾਬੀ ਟ੍ਰਿਬਿਊਨ’ ਆਪਣੀ ਉਮਰ ਦੇ ਛਿਆਲੀਵੇਂ ਵਰ੍ਹੇ ਵਿਚ ਪੈਰ ਧਰ ਰਿਹਾ ਹੈ। ਆਓ ਦੇਖੀਏ, ਇਸ ਦਾ ਸਾਢੇ ਚਾਰ ਦਹਾਕਿਆਂ ਦਾ ਸਫ਼ਰ ਕਿਹੋ ਜਿਹਾ ਰਿਹਾ।
ਦੇਸ਼ ਵੰਡ ਦੇ ਨਤੀਜੇ ਵਜੋਂ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਨੂੰ ਸਾਢੇ ਛੇ ਦਹਾਕੇ ਦਾ ਪੱਕਾ ਟਿਕਾਣਾ ਲਾਹੌਰ ਛੱਡ ਕੇ ਪੂਰਬੀ ਪੰਜਾਬ ਵਿਚ ਆਉਣਾ ਪਿਆ। ਅਖ਼ਬਾਰ ਦੇ ਦੂਰਦਰਸ਼ੀ ਟਰੱਸਟੀਆਂ ਨੇ ਅਨੁਭਵ ਕੀਤਾ ਕਿ ਆਜ਼ਾਦ ਭਾਰਤ ’ਚ ਖੇਤਰੀ ਭਾਸ਼ਾਵਾਂ ਨੂੰ ਮਹੱਤਤਾ ਦਿੱਤੀ ਜਾਣੀ ਚਾਹੀਦੀ ਹੈ। ਇਸ ਨੂੰ ਅਮਲ ’ਚ ਉਦੋਂ ਹੀ ਲਿਆਂਦਾ ਗਿਆ ਜਦੋਂ ਡਾ. ਮਹਿੰਦਰ ਸਿੰਘ ਰੰਧਾਵਾ ਟਰੱਸਟੀ ਬਣੇ। 15 ਅਗਸਤ 1978 ਨੂੰ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਪ੍ਰਕਾਸ਼ਿਤ ਹੋਣੇ ਸ਼ੁਰੂ ਹੋਏ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਦੀ ਜ਼ਿੰਮੇਵਾਰੀ ਪੱਤਰਕਾਰੀ ਦੇ ਖੇਤਰ ਵਿਚ ਅਨੁਭਵੀ ਨੌਜਵਾਨ ਬਰਜਿੰਦਰ ਸਿੰਘ ਨੂੰ ਸੌਂਪੀ ਗਈ। ਕਿਸੇ ਫਿ਼ਰਕੇ ਵਿਸ਼ੇਸ਼ ਦੇ ਹਿੱਤ ’ਚ ਆਵਾਜ਼ ਉਠਾਉਣ ਦੀ ਥਾਂ ‘ਪੰਜਾਬੀ ਟ੍ਰਿਬਿਊਨ’ ਨੇ ‘ਦਿ ਟ੍ਰਿਬਿਊਨ’ ਵਾਂਗ ਧਰਮਨਿਰਪੱਖ ਅਤੇ ਅਗਾਂਹਵਧੂ ਸੋਚ ’ਤੇ ਪਹਿਰਾ ਦਿੱਤਾ।
ਚੋਖੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿਚ ਹੋਣ ਕਾਰਨ ਪੰਜਾਬੀ ਲੇਖਕਾਂ ਨਾਲ ਸ੍ਰੀ ਬਰਜਿੰਦਰ ਸਿੰਘ ਦੀ ਸਾਂਝ ਬਣੀ ਹੋਈ ਸੀ। ਇਉਂ ‘ਪੰਜਾਬੀ ਟ੍ਰਿਬਿਊਨ’ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਵੱਡੇ ਲੇਖਕ ਇਸ ਨਾਲ ਜੁੜ ਗਏ ਅਤੇ ਅਖ਼ਬਾਰ ਵਿਚ ਰਾਜਨੀਤੀ, ਆਰਥਿਕਤਾ, ਖੇਡਾਂ, ਸੱਭਿਆਚਾਰ, ਮਨੋਰੰਜਨ ਆਦਿ ਨਾਲ ਸਬੰਧਿਤ ਵੰਨ-ਸਵੰਨੀ ਸਮੱਗਰੀ ਪਰੋਸਣਾ ਸੰਭਵ ਹੋ ਗਿਆ। ਪੰਜਾਬੀ ਟ੍ਰਿਬਿਊਨ’ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਇਹ ਆਪਣੇ ਪਾਠਕਾਂ ਨੂੰ ਦੇਸ਼-ਵਿਦੇਸ਼ ਵਿਚ ਵਾਪਰਨ ਵਾਲੀਆਂ ਰਾਜਸੀ ਘਟਨਾਵਾਂ ਅਤੇ ਆਰਥਿਕ ਮੁੱਦਿਆਂ ਨਾਲ ਜੁੜੇ ਮਸਲਿਆਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਉੱਤੇ ਪੈਣ ਵਾਲੇ ਪ੍ਰਭਾਵਾਂ ਤੋਂ ਵੀ ਸੁਚੇਤ ਕਰਦਾ ਰਿਹਾ ਹੈ। ਪਾਠਕਾਂ ਨੂੰ ਸੇਧ ਦੇਣ ਵਾਲੀ ਪੰਜਾਬ ਦੇ ਹਵਾਲੇ ਨਾਲ ਹਰ ਰਾਜਨੀਤਕ ਪਾਰਟੀ ਦੀਆਂ ਨੀਤੀਆਂ ਦੀ ਚੀਰ-ਫਾੜ ‘ਪੰਜਾਬੀ ਟ੍ਰਿਬਿਊਨ’ ਵਿਚ ਅਕਸਰ ਪੜ੍ਹਨ ਨੂੰ ਮਿਲਦੀ ਰਹੀ। ਪੰਜਾਬੀਆਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਹਰ ਜੱਦੋਜਹਿਦ ਪ੍ਰਤੀ ਇਸ ਅਖ਼ਬਾਰ ਦਾ ਹੁੰਗਾਰਾ ਹਾਂ-ਪੱਖੀ ਰਿਹਾ, ਅਜਿਹੀਆਂ ਘਟਨਾਵਾਂ ਬਾਰੇ ਖ਼ਬਰਾਂ ਵਿਸਥਾਰ ਨਾਲ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ ਅਤੇ ਉਸ ਬਾਰੇ ਸੰਪਾਦਕੀਆਂ ਲਿਖੀਆਂ ਜਾਂਦੀਆਂ। ਵਿਸ਼ੇ ਦੇ ਮਾਹਿਰ ਵਿਦਵਾਨਾਂ ਤੋਂ ਉਸ ਬਾਰੇ ਉਚੇਚੇ ਲੇਖ ਲਿਖਵਾਏ ਗਏ। ਭਾਰਤ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਖਿ਼ਲਾਫ਼ ਕਿਸਾਨੀ ਸੰਘਰਸ਼ ਇਸ ਦੀ ਮਿਸਾਲ ਹੈ। ਇਸ ਅੰਦੋਲਨ ਨੂੰ ਪ੍ਰਮੁੱਖਤਾ ਨਾਲ ਉਭਾਰੇ ਜਾਣ ਦਾ ਨਤੀਜਾ ਸੀ ਕਿ ਦਿੱਲੀ ਮੋਰਚੇ ਉੱਤੇ ਬੈਠੇ ਹਰ ਕਿਸਾਨ ਦੇ ਹੱਥ ’ਚ ‘ਪੰਜਾਬੀ ਟ੍ਰਿਬਿਊਨ’ ਹੁੰਦਾ ਸੀ।
ਜੁਲਾਈ 1984 ਵਿਚ ਸ੍ਰੀ ਬਰਜਿੰਦਰ ਸਿੰਘ ਤੋਂ ਬਾਅਦ ਸ੍ਰੀ ਗੁਲਜ਼ਾਰ ਸਿੰਘ ਸੰਧੂ ਸੰਪਾਦਕ ਬਣੇ। ਉਸ ਤੋਂ ਪਿੱਛੋਂ ਸਮੇਂ ਸਮੇਂ ਹਰਭਜਨ ਹਲਵਾਰਵੀ, ਗੁਰਬਚਨ ਸਿੰਘ ਭੁੱਲਰ, ਸਿੱਧੂ ਦਮਦਮੀ, ਸ਼ਿੰਗਾਰਾ ਸਿੰਘ ਭੁੱਲਰ, ਵਰਿੰਦਰ ਵਾਲੀਆ, ਸੁਰਿੰਦਰ ਸਿੰਘ ਤੇਜ ਅਤੇ ਸਵਰਾਜਬੀਰ ਨੇ ਇਹ ਅਹੁਦਾ ਸੰਭਾਲਿਆ। ਇਨ੍ਹਾਂ ਸੰਪਾਦਕਾਂ ਦੀ ਸਾਹਿਤਕ ਰੁਚੀ ਕਾਰਨ ਪੰਜਾਬੀ ਟ੍ਰਿਬਿਊਨ ਉੱਚ ਪੱਧਰ ਦਾ ਪੰਜਾਬੀ ਸਾਹਿਤ ਪਾਠਕਾਂ ਤੱਕ ਪਹੁੰਚਾਉਣ ਦਾ ਮਾਧਿਅਮ ਬਣਿਆ। ਸਾਹਿਤ ਦੇ ਹਰ ਰੂਪ ਨੂੰ ਇਸ ਅਖ਼ਬਾਰ ਦੇ ਕਾਲਮਾਂ ਵਿਚ ਛਪਣ ਦਾ ਅਵਸਰ ਮਿਲਿਆ। ‘ਪੰਜਾਬੀ ਟ੍ਰਿਬਿਊਨ’ ਨੇ ਵਿਦੇਸ਼ਾਂ ਵਿਚ ਹੋਏ ਮਹਾਨ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨਾਲ ਪੰਜਾਬੀ ਪਾਠਕਾਂ ਦੀ ਸਾਂਝ ਪਵਾਉਣ ਦਾ ਮਹੱਤਵਪੂਰਨ ਕਾਰਜ ਕੀਤਾ। ਇਸ ਵਿਚ ਛਪਦੇ ਪੁਸਤਕ ਰੀਵਿਊ ਪਾਠਕਾਂ ਨੂੰ ਨਿੱਗਰ ਸਾਹਿਤਕ ਰਚਨਾਵਾਂ ਦੀ ਪਛਾਣ ਕਰਨ ਵਿਚ ਸਹਾਈ ਹੋਏ।
ਪੰਜਾਬੀ ਸਾਹਿਤ ਦੀ ਵਡਮੁੱਲੀ ਸੇਵਾ ਕਰਨ ਤੋਂ ਇਲਾਵਾ ਇਸ ਅਖ਼ਬਾਰ ਨੇ ਪੰਜਾਬ ਦੇ ਅਜੋਕੇ ਲੋਕ ਗਾਇਕਾਂ ਦੇ ਨਾਲ ਨਾਲ ਵਿਰਾਸਤੀ ਗਾਇਕਾਂ- ਢੱਡ ਸਾਰੰਗੀ, ਤੂੰਬੀ, ਅਲਗੋਜ਼ੇ ਆਦਿ ਸਾਜ਼ਾਂ ਦੀ ਸੰਗਤ ਵਿਚ ਗਾਉਣ ਵਾਲੇ ਗਾਇਕ, ਵਰਤਮਾਨ ਪੀੜ੍ਹੀ ਦੇ ਧਿਆਨ ਵਿਚ ਲਿਆ ਕੇ ਪੰਜਾਬ ਦੇ ਸੱਭਿਆਚਾਰ ਪ੍ਰਤੀ ਚੇਤਨਾ ਪੈਦਾ ਕਰਨ ਅਤੇ ਇਸ ਦੀ ਸਾਂਭ ਸੰਭਾਲ ਲਈ ਵਡਮੁੱਲਾ ਕਾਰਜ ਕੀਤਾ। ਪਿੰਡਾਂ ਸ਼ਹਿਰਾਂ ਵਿਚ ਅਜੇ ਕਾਇਮ ਵਿਰਾਸਤੀ ਇਮਾਰਤਾਂ ਅਤੇ ਉਨ੍ਹਾਂ ਵਿਚ ਹੋਈ ਮੀਨਾਕਾਰੀ, ਚਿੱਤਰਕਾਰੀ ਆਦਿ ਬਾਰੇ ਵੀ ਲੇਖ ਪ੍ਰਕਾਸ਼ਿਤ ਕੀਤੇ ਗਏ।
‘ਪੰਜਾਬੀ ਟ੍ਰਿਬਿਊਨ’ ਨੇ ਆਉਂਦੇ ਸਮੇਂ ਵਿਚ ਪਾਠਕ ਬਣਨ ਵਾਲੇ ਬਾਲਾਂ ਨੂੰ ਵੀ ਨਹੀਂ ਵਿਸਾਰਿਆ। ਬੱਚਿਆਂ ਦੀ ਦਿਲਚਸਪੀ ਵਾਸਤੇ ਬਾਲ ਕਹਾਣੀਆਂ ਅਤੇ ਉਨ੍ਹਾਂ ਦੀ ਸੋਚ-ਪੱਧਰ ਦੀਆਂ ਕਵਿਤਾਵਾਂ ਛਾਪਣ ਵਾਸਤੇ ਵਿਸ਼ੇਸ਼ ਸਥਾਨ ਰੱਖਿਆ। ਬਾਲਕਾਂ ਨੂੰ ਪਰੋਸੀ ਜਾਣ ਵਾਲੀ ਸਮੱਗਰੀ ਦੀ ਚੋਣ ਕਰਨ ਵਾਸਤੇ ਇਹ ਵਿਸ਼ੇਸ਼ ਧਿਆਨ ਦਿੱਤਾ ਗਿਆ ਕਿ ਇਸ ਨੂੰ ਪੜ੍ਹ ਕੇ ਬਾਲ ਮਨਾਂ ਉੱਤੋਂ ਵਹਿਮਾਂ ਭਰਮਾਂ ਦੀ ਮੈਲ ਉੱਤਰੇ ਅਤੇ ਹਰ ਵਰਤਾਰੇ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵੇਖਣ ਸਮਝਣ ਦੀ ਸਮਝ ਬਲਵਾਨ ਹੋਵੇ। ਬਾਲ ਚਿੱਤਰਕਾਰਾਂ ਦੇ ਚਿੱਤਰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਇਉਂ ਹੀ ਉੱਭਰਦੇ ਨੌਜਵਾਨ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਰਚਨਾਵਾਂ ਛਾਪਣ ਵਾਸਤੇ ਕਾਲਮ ਰਾਖਵਾਂ ਰੱਖਿਆ ਅਤੇ ਬਿਲਕੁਲ ਸਿਖਾਂਦਰੂ ਯੁਵਕਾਂ ਨੂੰ ਲਿਖਤੀ ਰੂਪ ਵਿਚ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਇਤਿਹਾਸ ਦੀ ਕਿਸੇ ਘਟਨਾ ਜਾਂ ਚਲੰਤ ਮਸਲੇ ਬਾਰੇ ਉਨ੍ਹਾਂ ਦੇ ਵਿਚਾਰ ਛਾਪਣੇ ਸ਼ੁਰੂ ਕੀਤੇ।
ਦੇਸ਼ ਵੰਡ ਦਾ ਪੰਜਾਬੀ ਬੋਲੀ ਨੂੰ ਵੱਡਾ ਨੁਕਸਾਨ ਇਹ ਹੋਇਆ ਕਿ ਇਕੋ ਬੋਲੀ ਬੋਲਣ ਵਾਲੇ ਪੰਜਾਬੀ ਦੋ ਅਜਿਹੇ ਖਿੱਤਿਆਂ ਦੇ ਵਾਸੀ ਬਣ ਗਏ ਜਿਨ੍ਹਾਂ ’ਚ ਬੋਲੀ ਤੇ ਸੱਭਿਆਚਾਰਕ ਸਾਂਝ ਹੋਣ ਦੇ ਬਾਵਜੂਦ ਆਪਸੀ ਸੰਪਰਕ ਨਾਂਮਾਤਰ ਰਹਿ ਗਿਆ। ‘ਪੰਜਾਬੀ ਟ੍ਰਿਬਿਊਨ’ ਨੇ ਪਾਕਿਸਤਾਨੀ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਛਾਪ ਕੇ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤੀ ਦੇਣ ਦਾ ਕੰਮ ਕੀਤਾ।
‘ਪੰਜਾਬੀ ਟ੍ਰਿਬਿਊਨ’ ਨੇ ਪੰਜਾਬ ਦੇ ਇਤਿਹਾਸ ਨੂੰ ਪੰਜਾਬੀਆਂ ਦੀ ਚੇਤਨਾ ਦਾ ਹਿੱਸਾ ਬਣਾਉਣ ਵਾਸਤੇ ਸਜੱਗਤਾ ਨਾਲ ਜ਼ਿੰਮੇਵਾਰੀ ਨਿਭਾਈ ਹੈ। ਖਾਲਸਾ ਪੰਥ ਦੀ ਸਿਰਜਨਾ ਦੀ ਤੀਜੀ ਸ਼ਤਾਬਦੀ, ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ, ਸ੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਦੀ ਤੀਜੀ ਸ਼ਤਾਬਦੀ, ਜੱਲ੍ਹਿਆਂਵਾਲੇ ਬਾਗ਼ ਦੇ ਹੱਤਿਆਕਾਂਡ ਦੀ ਸ਼ਤਾਬਦੀ ਆਦਿ ਹਰ ਅਵਸਰ ਉੱਤੇ ਵਿਸ਼ੇ ਦੇ ਮਾਹਿਰ ਵਿਦਵਾਨਾਂ ਦੇ ਲਿਖੇ ਵਿਚਾਰ ਉਤੇਜਕ ਲੇਖ ਪਾਠਕਾਂ ਦੇ ਸਨਮੁੱਖ ਕੀਤੇ ਜਾਂਦੇ ਰਹੇ ਹਨ।
ਪੰਜਾਬ ਦੀਆਂ ਨਾਮਵਰ ਹਸਤੀਆਂ ਬਾਰੇ ਖੋਜ-ਕਰਤਾਵਾਂ ਲਈ ‘ਪੰਜਾਬੀ ਟ੍ਰਿਬਿਊਨ’ ਜਾਣਕਾਰੀ ਦਾ ਖ਼ਜ਼ਾਨਾ ਹੈ। ਜੀਵਨ ਦਾ ਕਿਹੜਾ ਖੇਤਰ ਹੈ ਜਿਸ ਵਿਚ ਮੱਲਾਂ ਮਾਰਨ ਵਾਲੇ ਪੰਜਾਬੀਆਂ ਬਾਰੇ ਜਾਣਕਾਰੀ ਇਸ ਅਖ਼ਬਾਰ ਵਿਚੋਂ ਨਹੀਂ ਮਿਲਦੀ। ਇਸ ਅਖ਼ਬਾਰ ਵਿਚ ਅਕਸਰ ਹੀ ਉਨ੍ਹਾਂ ਖਿਡਾਰੀਆਂ, ਗਾਇਕਾਂ, ਦੇਸ਼ ਭਗਤਾਂ, ਗੀਤਕਾਰਾਂ ਆਦਿ ਬਾਰੇ ਪੜ੍ਹਨ-ਸਮੱਗਰੀ ਮਿਲਦੀ ਰਹੀ ਜੋ ਕਿਸੇ ਸਮੇਂ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਸਨ ਪਰ ਜਿਨ੍ਹਾਂ ਨੂੰ ਹੁਣ ਪੰਜਾਬੀ ਲੋਕ ਭੁੱਲ ਭੁਲਾ ਚੁੱਕੇ ਹਨ।
ਸੰਪਾਦਕ ਲਈ ਜ਼ਰੂਰੀ ਹੁੰਦਾ ਹੈ ਕਿ ਅਖ਼ਬਾਰ ਵਿਚ ਮੈਟਰ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਜਿਸ ਨਾਲ ਵਿਭਿੰਨ ਰੁਚੀਆਂ ਵਾਲੇ ਪਾਠਕ ਸੰਤੁਸ਼ਟੀ ਮਹਿਸੂਸ ਕਰਨ। ਇਸ ਤੱਥ ਨੂੰ ਧਿਆਨ ਗੋਚਰੇ ਰੱਖਦਿਆਂ ਸੰਪਾਦਕ ‘ਪੰਜਾਬੀ ਟ੍ਰਿਬਿਊਨ’ ਨੇ ਕਈ ਸਥਾਈ ਕਾਲਮ ਸ਼ੁਰੂ ਕੀਤੇ। ਹਫ਼ਤੇ ਦੇ ਸਾਰੇ ਦਿਨ ਛਪਣ ਵਾਲੇ ਸੰਪਾਦਕੀ ਪੰਨੇ ‘ਨਜ਼ਰੀਆ’ ਤੋਂ ਬਿਨਾ ਹਫ਼ਤੇ ਵਿਚ ਇਕ ਵਾਰ ਛਪਣ ਵਾਲੇ ਅੰਕ ਲੋਕ ਸੰਵਾਦ, ਵਿਰਾਸਤ, ਸਤਰੰਗ, ਜਵਾਂ ਤਰੰਗ, ਸਿਹਤ-ਸਿੱਖਿਆ ਆਦਿ ਹਨ। ਐਤਵਾਰ ਨੂੰ ਮੈਗਜ਼ੀਨ ਵਜੋਂ ਪ੍ਰਕਾਸ਼ਿਤ ਹੋਣ ਵਾਲਾ ਅੰਕ ‘ਦਸਤਕ’ ਵਿਸ਼ਿਆਂ ਪੱਖੋਂ ਬਹੁ-ਰੰਗਾ ਹੁੰਦਾ ਹੈ। ਅਖ਼ਬਾਰ ’ਚ ਸੰਪਾਦਕਾਂ ਵੱਲੋਂ ਹਫ਼ਤਾਵਾਰੀ ਸੰਪਾਦਕੀਆਂ/ਲੇਖਾਂ ਵਿਚ ਗੰਭੀਰ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਵਿਚਾਰ ਪੇਸ਼ ਕੀਤੇ ਜਾਂਦੇ ਰਹੇ ਹਨ।
‘ਪੰਜਾਬੀ ਟ੍ਰਿਬਿਊਨ’ ਦੇ ਦਹਾਕਿਆਂ ਪੁਰਾਣੇ ਪਾਠਕਾਂ ਨੂੰ ਯਾਦ ਕਰਨਾ ਚੰਗਾ ਲੱਗੇਗਾ ਕਿ ਕਦੇ ਚਾਚਾ ਚੰਡੀਗੜ੍ਹੀਆ (ਡਾ. ਗੁਰਨਾਮ ਸਿੰਘ ‘ਤੀਰ’ ਦਾ ਕਲਮੀ ਨਾਂ) ਦੇ ਲਿਖੇ ਹਾਸ-ਵਿਅੰਗ ਬੜੀ ਰੌਚਿਕਤਾ ਨਾਲ ਪੜ੍ਹੇ ਜਾਂਦੇ ਸਨ। ਅਖ਼ਬਾਰ ਦੇ ਸਟਾਫ਼ ਮੈਂਬਰਾਂ ਵਿਚੋਂ ਦਲਬੀਰ ਲਿਖਤ ‘ਜਗਤ ਤਮਾਸ਼ਾ’ ਤੇ ‘ਇਉਂ ਵੀ ਹੁੰਦੈ’, ਸ਼ਾਮ ਸਿੰਘ ਲਿਖਤ ‘ਅੰਗ ਸੰਗ’, ਕਰਮਜੀਤ ਸਿੰਘ ਦਾ ‘ਅੱਠਵਾਂ ਕਾਲਮ’ ਆਦਿ ਹਲਕੇ ਫੁਲਕੇ ਲਘੂ ਟੋਟੇ ਪਾਠਕਾਂ ਨੂੰ ਅਜੇ ਤੱਕ ਨਹੀਂ ਭੁੱਲੇ ਹੋਣਗੇ।
ਇਹ ‘ਪੰਜਾਬੀ ਟ੍ਰਿਬਿਊਨ’ ਦੀ ਭਰੋਸੇਯੋਗਤਾ ਹੀ ਹੈ ਕਿ ਪੰਜਾਬ ਦੇ ਭਵਿੱਖ ਲਈ ਚਿੰਤਤ ਵਿਦੇਸ਼ਾਂ ਵਿਚ ਰਹਿ ਰਹੇ ਬੁੱਧੀਜੀਵੀ ਪੰਜਾਬੀਆਂ ਨਾਲ ਆਪਣਾ ਫਿ਼ਕਰ ਸਾਂਝਾ ਕਰਨ ਵਾਸਤੇ ‘ਪੰਜਾਬੀ ਟ੍ਰਿਬਿਊਨ’ ਨੂੰ ਮਾਧਿਅਮ ਬਣਾਉਣ ਨੂੰ ਪਹਿਲ ਦਿੰਦੇ ਹਨ। ਇਹ ਤਕਨੀਕੀ ਪੱਖੋਂ ਵੀ ਸਮੇਂ ਨਾਲ ਪੁਲਾਂਘ ਪੁੱਟਦਾ ਰਿਹਾ ਹੈ। “ਦਿਨ ਚੜ੍ਹਦੇ ਸਾਰ ਅਖ਼ਬਾਰ ਹੱਥ ਵਿਚ ਹੋਵੇ” ਪਾਠਕਾਂ ਦੀ ਇਹ ਰੀਝ ਪੂਰੀ ਕਰਨ ਵਾਸਤੇ 2010 ’ਚ ਅਖ਼ਬਾਰ ਨੂੰ ਚੰਡੀਗੜ੍ਹ ਦੇ ਨਾਲ ਨਾਲ ਦਿੱਲੀ, ਲੁਧਿਆਣਾ, ਬਠਿੰਡਾ ਤੇ ਜਲੰਧਰ ਤੋਂ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਅਤੇ ਹੁਣ ਸੂਬੇ ਦੇ ਵਿਭਿੰਨ ਖੇਤਰਾਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਰਿਕਾਰਡ ਕਰਨ ਵਾਸਤੇ ਚੰਡੀਗੜ੍ਹ ਅਤੇ ਦਿੱਲੀ ਦੇ ਨਾਲ ਮਾਝਾ-ਦੁਆਬਾ, ਪਟਿਆਲਾ-ਸੰਗਰੂਰ, ਲੁਧਿਆਣਾ ਤੇ ਬਠਿੰਡਾ ਐਡੀਸ਼ਨ ਪ੍ਰਕਾਸ਼ਿਤ ਹੁੰਦੇ ਹਨ। ਅੱਜ ਕੱਲ੍ਹ ‘ਪੰਜਾਬੀ ਟ੍ਰਿਬਿਊਨ’ ਇੰਟਰਨੈੱਟ ਉੱਤੇ ਵੀ ਪੜ੍ਹਿਆ ਜਾ ਸਕਦਾ ਹੈ।
‘ਪੰਜਾਬੀ ਟ੍ਰਿਬਿਊਨ’ ਦੀਆਂ ਲਿਖਤਾਂ ਦੇ ਮਿਆਰ ਅਤੇ ਇਸ ਪ੍ਰਤੀ ਪਾਠਕਾਂ ਦੇ ਹੁੰਗਾਰੇ ਨੂੰ ਵੇਖਦਿਆਂ ਪੰਜਾਬ ਦੇ ਸਾਹਿਤਕ, ਰਾਜਨੀਤਕ, ਸਮਾਜਿਕ, ਬੌਧਿਕ ਅਤੇ ਤਕਨੀਕੀ ਖੇਤਰ ਵਿਚ ਇਸ ਅਖ਼ਬਾਰ ਦੇ ਪ੍ਰਭਾਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਅਖ਼ਬਾਰ ਦੇ ਪਾਠਕ ਇਸ ਦੇ ਉੱਜਲੇ ਭਵਿੱਖ ਦੀ ਕਾਮਨਾ ਕਰਦੇ ਹਨ।
ਸੰਪਰਕ: 94170-49417

Advertisement

Advertisement