ਭੁੱਚੋ ਮੰਡੀ ਮਾਰਕੀਟ ਕਮੇਟੀ ਦੇ ਖਰੀਦ ਕੇਂਦਰਾਂ ’ਤੇ 4205 ਟਨ ਝੋਨਾ ਪਹੁੰਚਿਆ
ਪਵਨ ਗੋਇਲ
ਭੁੱਚੋ ਮੰਡੀ, 21 ਅਕਤੂਬਰ
ਮਾਰਕੀਟ ਕਮੇਟੀ ਦੀ 20 ਅਕਤੂਬਰ ਤੱਕ ਦੀ ਰਿਪੋਰਟ ਅਨੁਸਾਰ ਮੰਡੀਆਂ ਵਿੱਚ 4205 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਸਿਰਫ 1330 ਟਨ ਭਾਵ 32 ਫੀਸਦ ਝੋਨਾ ਖਰੀਦਿਆ ਗਿਆ ਹੈ ਅਤੇ 2875 ਟਨ (68 ਫੀਸਦ) ਝੋਨਾ ਵਿਕਣ ਲਈ ਪਿਆ ਹੈ। ਹਾਲੇ ਤੱਕ ਮੀਡੀਆਂ ਵਿੱਚ ਝੋਨੇ ਦੀ ਚੁਕਾਈ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਮੰਡੀਆਂ ਵਿੱਚ ਬਾਰਦਾਨਾ ਪਹੁੰਚਿਆ ਹੈ। ਕਈ ਮੰਡੀ ਵਿੱਚ ਖਰੀਦ ਲਈ ਏਜੰਸੀਆਂ ਦੇ ਇੰਸਪੈਕਟਰ ਨਹੀਂ ਪਹੁੰਚੇ।
ਪਿੰਡ ਚੱਕ ਬਖਤੂ ਦੀ ਅਨਾਜ ਮੰਡੀ ਵਿੱਚ ਮਾਰਫੈੱਡ ਅਤੇ ਪਨਗਰੇਨ ਨੇ ਸਰਪੰਚ ਸਰਪੰਚ ਹਰਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਝੋਨੇ ਦੀ ਖਰੀਦ ਕੀਤੀ। ਇਸ ਮੌਕੇ ਮੰਡੀ ਸੁਪਰਵਾਈਜਰ ਜਗਸੀਰ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਦੇ ਇੰਸਪੈਕਟਰ ਸੁਖਪਾਲ ਸਿੰਘ ਨੇ 350 ਗੱਟੇ ਅਤੇ ਪਨਗਰੇਨ ਦੇ ਇਸਪੈਕਟਰ ਲਖਵਿੰਦਰ ਸਿੰਘ ਨੇ 9800 ਗੰਟਾ ਝੋਨੇ ਦਾ ਖਰੀਦਿਆ। ਇਸ ਮੌਕੇ ਨਬਰਦਾਰ ਭਰਪੂਰ ਸਿੰਘ, ਸਾਬਕਾ ਮੰਡੀ ਸੁਪਵਾਈਜਰ ਬਲਜੀਤ ਸਿੰਘ ਅਤੇ ਆੜ੍ਹਤੀ ਲਾਲਾ ਮਨੋਹਰ ਲਾਲ ਹਾਜ਼ਰ ਸਨ।
ਡੀਏਪੀ ਦੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ
ਮਾਨਸਾ (ਪੱਤਰ ਪ੍ਰੇਰਕ):
ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦੇ ਦਿਨ ਸਿਰ ’ਤੇ ਹਨ ਤੇ ਇਲਾਕੇ ਵਿੱਚ ਡੀਏਪੀ ਦੀ ਕਿੱਲਤ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਸਹਿਕਾਰੀ ਸਭਾਵਾਂ ਵਿੱਚ ਖਾਦ ਨਾ ਮਿਲਣ ਕਾਰਨ ਕਿਸਾਨਾਂ ਨੂੰ ਮਜਬੂਰੀ ਵਸ ਮਹਿੰਗੇ ਭਾਅ ਖਾਦ ਖਰੀਦਣੀ ਪੈ ਰਹੀ ਹੈ। ਇਸ ਵਾਰ ਮਾਲਵਾ ਪੱਟੀ ਦਾ ਨਾ ਝੋਨਾ ਵਿਕ ਰਿਹਾ ਹੈ ਅਤੇ ਨਾ ਹੀ ਡੀਏਪੀ ਮਿਲ ਰਹੀ ਹੈ। ਸਹਿਕਾਰੀ ਸਭਾਵਾਂ ਵਿੱਚ ਖਾਦ ਕਦੋਂ ਮੁਹੱਈਆ ਹੋ ਸਕੇਗੀ, ਇਸ ਬਾਰੇ ਹਾਲੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਤਸੱਲੀਬਖ਼ਸ ਜਵਾਬ ਨਹੀਂ ਦਿੱਤਾ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਉਸ ਪਾਸੇ ਕੇਂਦਰ ਸਰਕਾਰ ਵੱਲੋਂ ਜ਼ਿਆਦਾ ਡੀਏਪੀ ਭੇਜੀ ਗਈ ਹੈ ਇਸ ਕਾਰਨ ਇਸ ਸਾਲ ਮੁਕਾਬਲਤਨ ਬਹੁਤ ਘੱਟ ਖਾਦ ਪੰਜਾਬ ਭੇਜੀ ਗਈ ਹੈ। ਜ਼ਿਕਰਯੋਗ ਕਿ ਪੰਜਾਬ ਖੇਤੀਬਾੜੀ ’ਵਰਸਿਟੀ ਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੇ ਚੰਗੇ ਝਾੜ ਲਈ ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਦੇ ਚੌਥੇ ਹਫ਼ਤੇ ਤੋਂ 15 ਨਵੰਬਰ ਤੱਕ ਦੱਸਿਆ ਜਾ ਰਿਹਾ ਹੈ।