ਪਟਿਆਲਾ ਜ਼ਿਲ੍ਹੇ ’ਚ 42 ਹੋਰ ਪਾਜ਼ੇਟਿਵ ਮਰੀਜ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚ ਅੱਜ 42 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1439 ਹੋ ਗਈ ਹੈ। ਇਨ੍ਹਾਂ 42 ਕੇਸਾਂ ’ਚੋਂ 24 ਪਟਿਆਲਾ ਸ਼ਹਿਰ, 4 ਰਾਜਪੁਰਾ, 4 ਨਾਭਾ, 2 ਸਮਾਣਾ, 2 ਪਾਤੜਾਂ ਤੇ 6 ਪਿੰਡਾਂ ਤੋਂ ਹਨ। ਇਸੇ ਦੌਰਾਨ ਜ਼ਿਲ੍ਹੇ ਨਾਲ਼ ਸਬੰਧਿਤ ਦੋ ਹੋਰ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦੀ ਗਿਣਤੀ 22 ਹੋ ਗਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਹਿੱਕ 54 ਸਾਲਾ ਪਾਜ਼ੇਟਿਵ ਵਿਅਕਤੀ ਪਟਿਆਲਾ ਦੇ ਅਨੰਦ ਨਗਰ ਦਾ ਰਹਿਣ ਵਾਲਾ ਸੀ। ਉਹ ਹਾਈਪਰਟੈਂਸ਼ਨ ਤੇ ਹੋਰ ਬਿਮਾਰੀਆਂ ਕਾਰਨ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸੇ ਤਰਾਂ ਦਿਲ ਤੇ ਹੋਰ ਗੰਭੀਰ ਬਿਮਾਰੀਆਂ ਕਾਰਨ ਪੀਜੀਆਈ ਚੰਡੀਗੜ੍ਹ ’ਚ ਦਾਖਲ ਰਾਜਪੁਰਾ ਦਾ 27 ਸਾਲਾ ਕੋਵਿਡ ਪਾਜ਼ੇਟਿਵ ਵਿਅਕਤੀ ਵੀ ਦਮ ਤੋੜ ਗਿਆ। ਸੱਜਰੇ ਪਾਜ਼ੇਟਿਵ ਕੇਸਾਂ ਵਿੱਚੋਂ ਪਟਿਆਲਾ ਦੇ ਮਿਲਟਰੀ ਕੈਂਟ ਤੋਂ ਚਾਰ, ਦਸਮੇਸ਼ ਨਗਰ ਤੇ ਨਿਹਾਲ ਬਾਗ ਤੋਂ ਤਿੰਨ-ਤਿੰਨ, ਨਿੰਮ੍ਹ ਵਾਲਾ ਚੌਕ ਰਾਘੋਮਾਜਰਾ ਤੋਂ ਦੋ, ਲਾਹੋਰੀ ਗੇਟ, ਉਪਕਾਰ ਨਗਰ, ਚੀਮਾ ਬਾਗ ਕਲੋਨੀ, ਦੀਪ ਨਗਰ, ਬਿਸ਼ਨ ਨਗਰ, ਹੀਰਾ ਬਾਗ, ਆਦਰਸ਼ ਕਲੋਨੀ, ਮਹਿੰਦਰਾ ਕੰਪਲੈਕਸ, ਨਾਮਧਾਰੀ ਖਾਨ ਰੋਡ ਪਾਜਜ਼ੇਟਿਵ ਕੇਸ ਆਏ ਹਨ।