ਰਾਜਿੰਦਰਾ ਹਸਪਤਾਲ ਦੀ ਲੈਬ ਵਿੱਚ 42 ਲੱਖ ਦਾ ਘੁਟਾਲਾ
ਖੇਤਰੀ ਪ੍ਰ੍ਤੀਨਿਧ
ਪਟਿਆਲਾ, 22 ਨਵੰਬਰ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚਲੀ ਬੀਸੀਐੱਲ ਲੈਬ ਵਿੱਚ ਲੱਖਾਂ ਰੁਪਏ ਦਾ ਕਥਿਤ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕੰਪਿਊਟਰ ’ਤੇ ਰਸੀਦ ਦੇਣ ਦੇ ਨਾਲ-ਨਾਲ ਹੱਥੀਂ ਵੀ ਰਸੀਦ ਵੀ ਕੱਟੀ ਜਾਂਦੀ ਹੈ ਤੇ ਅਜਿਹੀ ਪ੍ਰਕਿਰਿਆ ਹੀ ਇਸ ਕਥਿਤ ਘਪਲੇ ਦਾ ਕਾਰਨ ਮੰਨੀ ਜਾ ਰਹੀ ਹੈ। ਇਹ ਮਾਮਲਾ ਆਡਿਟ ਟੀਮ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਆਡਿਟ ਦੌਰਾਨ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ। ਆਡਿਟ ਦੌਰਾਨ ਮੁੱਢਲੇ ਰੂਪ ’ਚ 42 ਲੱਖ ਰੁਪਏ ਦੀ ਕਮੀ ਪਾਈ ਗਈ ਹੈ। ਉਧਰ ਇਹ ਮਾਮਲਾ ਧਿਆਨ ’ਚ ਆਉਣ ’ਤੇ ਰਾਜਿੰਦਰਾ ਹਸਪਤਾਲ ਦੇ ਸਮਰੱਥ ਅਧਿਕਾਰੀ ਵੱੱਲੋਂ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ। ਭਾਵੇਂ ਮੁਕੰਮਲ ਜਾਂਚ ਹੋਣੀ ਅਜੇ ਬਾਕੀ ਹੈ ਪਰ ਮੁੱਢਲੇ ਰੂਪ ’ਚ ਸਾਹਮਣੇ ਆਈ ਜਾਣਕਾਰੀ ਸਬੰਧੀ ਚਰਚਾ ਹੈ ਕਿ ਸਬੰਧੀ ਲੈਬ ਦੇ ਮੁਲਾਜ਼ਮ ਮਰੀਜ਼ ਨੂੰ ਅਸਲ ਰਕਮ ਦੀ ਰਸੀਦ ਦੇਣ ਮਗਰੋਂ ਉਸੇ ਰਸੀਦ ਦੀ ਕਾਰਬਨ ਕਾਪੀ ’ਤੇ ਆਪਣੀ ਮਰਜ਼ੀ ਦੀ ਰਕਮ ਅੰਕਿਤ ਕਰ ਲੈਂਦੇ ਸਨ ਪਰ ਇਸ ਸਬੰਧੀ ਅਸਲ ਸਥਿਤੀ ਜਾਂਚ ਮੁਕੰਮਲ ਹੋਣ ’ਤੇ ਹੀ ਸਾਹਮਣੇ ਆਵੇਗੀ। ਇਸ ਦੇ ਨਾਲ ਹੀ ਜਿਹੜੇ ਹੋਰ ਵਿਭਾਗਾਂ/ਵਿੰਗਾਂ ’ਚ ਫ਼ੀਸ ਦਸਤੀ ਦਰਜ ਕੀਤੀ ਜਾਂਦੀ ਹੈ ਦੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਹਨ। ਹਸਪਤਾਲ ਦੇ ਉਚ ਅਧਿਕਾਰੀਆਂ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਇਸ ਲੈਬ ’ਚ ਤਾਇਨਾਤ ਰਹੇ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।