4161 ਮਾਸਟਰ ਕੇਡਰ ਯੂਨੀਅਨ ਵੱਲੋਂ ਮੁਜ਼ਾਹਰਾ
ਸਤਵਿੰਦਰ ਬਸਰਾ
ਲੁਧਿਆਣਾ, 12 ਜੂਨ
4161 ਮਾਸਟਰ ਕੇਡਰ ਯੂਨੀਅਨ ਨੇ ਅੱਜ ਪੀਏਯੂ ਦੇ ਇਕ ਨੰਬਰ ਗੇਟ ਦੇ ਸਾਹਮਣੇ ਫਿਰੋਜਪੁਰ ਰੋਡ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ ਨੇ ਕਿਹਾ ਕਿ 4161 ਮਾਸਟਰ ਕੇਡਰ ਯੂਨੀਅਨ ਵੱਲੋਂ ਕਈ ਵਾਰ ਬਦਲੀਆਂ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗਾਂ ਕੀਤੀਆਂ ਸਨ। ਇੰਨਾਂ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ 2025 ਵਿੱਚ ਖੁੱਲਣ ਵਾਲੀਆਂ ਆਮ ਬਦਲੀਆਂ ਵਿੱਚ 4161 ਮਾਸਟਰ ਕੇਡਰ ਨੂੰ ਮੌਕਾ ਦਿੱਤਾ ਜਾਵੇਗਾ ਪਰ ਜਦੋਂ ਪਿਛਲੇ ਦਿਨੀਂ ਪੋਰਟਲ ਖੁੱਲ੍ਹਿਆ ਤਾਂ 4161 ਮਾਸਟਰ ਕੇਡਰ ਲਈ ਕੋਈ ਥਾਂ ਨਹੀਂ ਸੀ।
ਇਸ ਦੇ ਸਬੰਧ ਵਿੱਚ ਜਦੋਂ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਵਿਭਾਗ ਡੀਪੀਆਈ ਨਾਲ ਮੀਟਿੰਗ ਕੀਤੀ ਤਾਂ ਉਨ੍ਹਾਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਇਸ ਦੇ ਸਬੰਧ ਵਿੱਚ ਸਿੱਖਿਆ ਮੰਤਰੀ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ। ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਦੁਆਰਾ ਕੀਤੇ ਵਾਅਦੇ ਨੂੰ ਮੁੜ ਤੋਂ ਚੇਤੇ ਕਰਵਾਉਂਦਿਆਂ ਕਿਹਾ ਕਿ 4161 ਮਾਸਟਰ ਕੇਡਰ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਖੁੱਲ੍ਹੀਆਂ ਹੋਈਆਂ ਆਮ ਬਦਲੀਆਂ ਵਿੱਚ ਮੌਕਾ ਦਿੱਤਾ ਜਾਵੇ ਤਾਂ ਜੋ ਘਰਾਂ ਤੋ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕ ਆਪਣੀ ਡਿਊਟੀ ਦੇ ਨਾਲ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਸਹੀ ਢੰਗ ਨਾਲ ਨਿਭਾ ਸਕਣ। ਧਰਨੇ ਦੀ ਹਮਾਇਤ ਕਰਦਿਆਂ ਭ੍ਰਾਰਤੀ ਜਥੇਬੰਦੀਆਂ ਡੀਟੀਐੱਫ, ਜੀਟੀਯੂ ਅਤੇ ਮਾਸਟਰ ਕੇਡਰ ਯੂਨੀਅਨ ਨੇ ਵੀ4161 ਮਾਸਟਰ ਕੇਡਰ ਨੂੰ ਬਦਲੀਆਂ ਦਾ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਯੂਨੀਅਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਹੋਰ ਵੀ ਤਿੱਖਾ ਸੰਘਰਸ਼ ਕਰਨਾ ਉਨਾਂ ਦੀ ਮਜਬੂਰ ਹੋਵੋਗੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਮਾਮੂਲੀ ਧੱਕਾਮੁੱਕੀ ਵੀ ਹੋਈ। ਇਸ ਤੋਂ ਬਾਅਦ 17 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ’ਤੇ ਧਰਨਾ ਖਤਮ ਕਰ ਦਿੱਤਾ ਗਿਆ। ਇਸ ਮੌਕੇ ਬੀਰਇੰਦਰ ਗਿੱਲ, ਮਨਜੀਤ ਲੁਬਾਣਾ, ਬਲਵਿੰਦਰ, ਰਵਿੰਦਰ, ਸਨੀ ਰਾਣਾ, ਮਨਪ੍ਰੀਤ ਸਿੰਘ, ਬਰਿੰਦਰ ਤਰਨਤਾਰਨ, ਗੁਰਜੀਤ ਕੌਰ ਕੋਟਕਪੂਰਾ ਅਤੇ ਹੋਰ ਸਾਥੀ ਮੌਜੂਦ ਸਨ।