ਨਵੋਦਿਆ ਵਿਦਿਆਲਾ ਰਕੌਲੀ ਦੇ 400 ਵਿਦਿਆਰਥੀ ਸੁਰੱਖਿਅਤ ਕੱਢੇ
ਮਿਹਰ ਸਿੰਘ
ਕੁਰਾਲੀ, 9 ਜੁਲਾਈ
ਪਿੰਡ ਰਕੌਲੀ ਦਾ ਜਵਾਹਰ ਨਵੋਦਿਆ ਵਿਦਿਆਲਾ ਨਦੀ ਦੇ ਪਾਣੀ ਵਿੱਚ ਘਿਰ ਗਿਆ ਜਿਸ ਕਾਰਨ ਹੋਸਟਲ ਵਿੱਚ 400 ਤੋਂ ਵਧੇਰੇ ਵਿਦਿਆਰਥੀ ਫਸ ਗਏ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਟਰੈਕਟਰ ਟਰਾਲੀਆਂ ਉੱਤੇ ਬਿਠਾ ਕੇ ਬਾਹਰ ਕੱਢਿਆ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਨ ਦਿੱਤੀ। ਪ੍ਰਿੰਸੀਪਲ ਵੱਲੋਂ ਪ੍ਰਸ਼ਾਸਨ ਤੇ ਪੰਚਾਇਤ ਨੂੰ ਜਾਣਕਾਰੀ ਦਿੱਤੀ। ਇਸੇ ਦੌਰਾਨ ਸਰਪੰਚ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਜਰਨੈਲ ਸਿੰਘ ਰਕੌਲੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਅੰਦਰ ਫਸੇ ਬੱਚਿਆਂ ਨੂੰ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਕੱਢ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਖਰੜ ਨੂੰ ਵੀ ਸੂਚਿਤ ਕੀਤਾ ਗਿਆ। ਕੁਝ ਸਮੇਂ ਵਿੱਚ ਪ੍ਰਸ਼ਾਸਨ ਵੱਲੋਂ ਨਾਇਬ ਤਹਿਲੀਦਾਰ ਜਗਵਿੰਦਰ ਸਿੰਘ ਖਰੜ ਦੀ ਅਗਵਾਈ ਵਾਲੀ ਪ੍ਰਸ਼ਾਸ਼ਨ ਦੀ ਟੀਮ ਮੌਕੇ ’ਤੇ ਪੁੱਜ ਗਈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਹਦਾਇਤ ’ਤੇ ਐੱਨਡੀਆਰਐੱਫ਼ ਨੂੰ ਇਸ ਬਚਾਅ ਅਪਰੇਸ਼ਨ ’ਚ ਸ਼ਾਮਿਲ ਕਰਨ ਲਈ ਕਿਹਾ। ਬੱਚਿਆਂ ਨੂੰ ਲੈਣ ਲਈ ਉਨ੍ਹਾਂ ਦੇ ਮਾਪੇ ਪਿੰਡ ਦੇ ਗੁਰਦੁਆਰਾ ਸਾਹਿਬ ਪੁੱਜੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਜਦਕਿ ਕਰੀਬ ਦੋ ਦਰਜਨ ਬੱਚਿਆਂ ਦਾ ਪਿੰਡ ਵਿੱਚ ਹੀ ਪ੍ਰਬੰਧ ਕੀਤਾ ਜਾ ਰਿਹਾ ਹੈ।