ਮਲੂਕਪੁਰਾ ਨਹਿਰ ’ਚ ਪਾੜ ਕਾਰਨ 400 ਏਕੜ ਫ਼ਸਲ ਡੁੱਬੀ
ਰਾਜਿੰਦਰ ਕੁਮਾਰ
ਬੱਲੂਆਣਾ, 4 ਅਕਤੂਬਰ
ਅਬੋਹਰ ਅਤੇ ਬੱਲੂਆਣਾ ਖੇਤਰ ਦੇ ਕਰੀਬ 50 ਪਿੰਡਾਂ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਲੀ ਮੁੱਖ ਨਹਿਰ ਮਲੂਕਪੁਰਾ ਮਾਈਨਰ ਵਿੱਚ ਅੱਜ ਤੜਕੇ ਪਿੰਡ ਮਲੂਕਪੁਰਾ ਨੇੜੇ ਪਾੜ ਪੈ ਗਿਆ, ਜਿਸ ਕਾਰਨ ਕਰੀਬ 400 ਏਕੜ ਫ਼ਸਲ ਡੁੱਬ ਗਈ। ਗਗਨ ਨਾਗਪਾਲ ਨਾਂ ਦੇ ਕਿਸਾਨ ਦੇ ਖੇਤ ਵਿੱਚ ਤੜਕੇ ਕਰੀਬ ਚਾਰ ਵਜੇ ਪਾੜ ਪੈਣ ਦੀ ਸੂਚਨਾ ਨਹਿਰੀ ਮਹਿਕਮੇ ਕੋਲ ਪੁੱਜਦੀ ਕੀਤੀ ਗਈ। ਬਾਅਦ ਦੁਪਹਿਰ ਤੱਕ ਮਹਿਕਮੇ ਵੱਲੋਂ ਕਿਸਾਨਾਂ ਦੀ ਮਦਦ ਨਾਲ ਨਹਿਰ ਦੀਆਂ ਪਟੜੀਆਂ ਨੂੰ ਮੁੜ ਤੋਂ ਬੰਨਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਬੋਹਰ ਬ੍ਰਾਂਚ ਵਿੱਚੋਂ ਨਿਕਲਣ ਵਾਲੀਆਂ ਮੁੱਖ ਨਹਿਰਾਂ ਵਿੱਚੋਂ ਇਕ ਮਲੂਕਪੁਰਾ ਮਾਈਨਰ ਦਾ ਦੋ ਸਾਲ ਪਹਿਲਾਂ ਨਵੇਂ ਸਿਰੇ ਤੋਂ ਨਿਰਮਾਣ ਕੀਤਾ ਗਿਆ ਸੀ। ਇਸ ਦੇ ਬਾਵਜੂਦ ਇਹ ਨਹਿਰ ਦੋ ਸਾਲਾਂ ਬਾਅਦ ਟੁੱਟ ਚੁੱਕੀ ਹੈ। ਕਿਸਾਨਾਂ ਅਨੁਸਾਰ ਨਹਿਰ ਦੀ ਸਫ਼ਾਈ ਦਾ ਕੰਮ ਸੁਚੱਜੇ ਢੰਗ ਨਾਲ ਨਾ ਕੀਤੇ ਜਾਣ ਕਾਰਨ ਨਹਿਰ ਟੁੁੱਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਭਾਰਤੀ ਕਿਸਾਨ ਯੂਨੀਅਨ ਕੀਰਤੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਮੰਦਰ ਸਿੰਘ ਬਜੀਦਪੁਰ ਭੋਮਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਉਸਾਰੀ ਗਈ ਨਹਿਰ ਵਿੱਚ ਵਰਤੀ ਗਈ ਸਮੱਗਰੀ ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸਾਰੀ ਦੌਰਾਨ ਪਟੜੀਆਂ ਨੂੰ ਮਜ਼ਬੂਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਨਹਿਰ ਦੀਆਂ ਪਟੜੀਆਂ ’ਤੇ ਨਾਜਾਇਜ਼ ਕਬਜੇ, ਸਮੇਂ ’ਤੇ ਸਫਾਈ ਨਾ ਹੋਣਾ ਅਤੇ ਕਈ ਵਾਰ ਨਹਿਰ ਦਾ ਓਵਰਫਲੋਅ ਹੋਣਾ ਵੀ ਟੁੱਟਣ ਦਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਜਿਸ ਥਾਂ ਤੋਂ ਨਹਿਰ ਟੁੱਟੀ ਹੈ ਕੁਝ ਮਹੀਨੇ ਪਹਿਲਾਂ ਵੀ ਇਸੇ ਥਾਂ ਤੋਂ ਨਹਿਰ ਟੁੱਟੀ ਸੀ।