ਡਿੱਪੂ ਹੋਲਡਰਾਂ ਦੀ ਮਾਰਜਨ ਮਨੀ ’ਚ 8 ਸਾਲ ਮਗਰੋਂ 40 ਰੁਪਏ ਵਾਧਾ
ਆਤਿਸ਼ ਗੁਪਤਾ
ਚੰਡੀਗੜ੍ਹ, 29 ਨਵੰਬਰ
ਪੰਜਾਬ ਸਰਕਾਰ ਨੇ 8 ਸਾਲਾਂ ਬਾਅਦ ਡਿੱਪੂ ਹੋਲਡਰਾਂ ਦੀ ਮਾਰਜਨ ਮਨੀ ਵਿੱਚ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਹ ਐਲਾਨ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਡਿੱਪੂ ਹੋਲਡਰ ਨੂੰ 50 ਰੁਪਏ ਪ੍ਰਤੀ ਕੁਇੰਟਲ ਮਾਰਜਨ ਮਨੀ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਹ ਵਾਧਾ ਅਪਰੈਲ 2024 ਤੋਂ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਡਿੱਪੂ ਹੋਲਡਰਾਂ ਦਾ ਬਕਾਇਆ 38.43 ਕਰੋੜ ਰੁਪਏ ਜਾਰੀ ਕਰ ਦਿੱਤਾ ਹੈ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਤੋਂ ਪਹਿਲਾਂ 2016 ਵਿੱਚ ਡਿੱਪੂ ਹੋਲਡਰਾਂ ਦੀ ਮਾਰਜਨ ਮਨੀ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ, ਉਸ ਤੋਂ ਬਾਅਦ ਕੋਈ ਵਾਧਾ ਨਹੀਂ ਕੀਤਾ ਗਿਆ। ‘ਆਪ’ ਸਰਕਾਰ ਨੇ ਡਿੱਪੂ ਹੋਲਡਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ। ਇਸ ਫ਼ੈਸਲੇ ਦੇ ਨਾਲ ਹੀ ਸੂਬੇ ਦੇ 14,400 ਰਾਸ਼ਨ ਡਿੱਪੂ ਹੋਲਡਰਾਂ ਨੂੰ ਲਾਭ ਮਿਲੇਗਾ।
ਸੂਬੇ ਵਿੱਚ 9792 ਨਵੇਂ ਡਿੱਪੂ ਖੋਲ੍ਹੇ ਜਾਣਗੇ, ਪੰਜ ਤੱਕ ਕੀਤਾ ਜਾ ਸਕਦਾ ਅਪਲਾਈ
ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਐਲਾਨ ਕੀਤਾ ਕਿ ਸੂਬੇ ਵਿੱਚ 9792 ਨਵੇਂ ਡਿੱਪੂ ਖੋਲ੍ਹੇ ਜਾਣਗੇ। ਇਸ ਵਿੱਚੋਂ 8040 ਪੇਂਡੂ ਖੇਤਰਾਂ ਵਿੱਚ ਜਦੋਂਕਿ 1742 ਸ਼ਹਿਰੀ ਖੇਤਰਾਂ ਵਿੱਚ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਰਾਸ਼ਨ ਡਿੱਪੂਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਦਸੰਬਰ ਤੈਅ ਕੀਤੀ ਗਈ ਹੈ। ਪੰਜਾਬ ਦਾ ਕੋਈ ਵੀ ਵਾਸੀ 5 ਦਸੰਬਰ ਤੱਕ ਆਨ-ਲਾਈਨ ਡਿੱਪੂ ਅਪਲਾਈ ਕਰ ਸਕਦਾ ਹੈ।