ਚੰਡੀਗੜ੍ਹ ਦੇ ਫਰੈਗਰੈਂਸ ਗਾਰਡਨ ’ਚ 40 ਬੈਂਚ ਲਗਾਏ
ਮੁਕੇਸ਼ ਕੁਮਾਰ
ਚੰਡੀਗੜ੍ਹ, 6 ਨਵੰਬਰ
ਇੱਥੋਂ ਦੇ ਸੈਕਟਰ-36 ਸਥਿਤ ਫਰੈਗਰੈਂਸ ਗਾਰਡਨ ਵਿੱਚ ਸੈਰ ਲਈ ਆਉਣ ਵਾਲੇ ਬਜ਼ੁਰਗਾਂ ਦੀ ਸਹੂਲਤ ਲਈ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਵਾਰਡ ਫੰਡ ਵਿੱਚੋਂ 40 ਪਾਈਪ ਬੈਂਚ ਲਗਵਾਏ ਹਨ। ਅੱਜ ਇਨ੍ਹਾਂ ਬੈਂਚਾਂ ਨੂੰ ਲਗਾਉਣ ਸਬੰਧੀ ਕੀਤੇ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਤੇ ਬੈਂਚ ਲਗਾਉਣ ਦਾ ਉਦਘਾਟਨ ਕੀਤਾ।
ਕੌਂਸਲਰ ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰਬਰ-24 ਅਧੀਨ ਆਉਂਦੇ ਸਾਰੇ ਪਾਰਕਾਂ ਵਿੱਚ ਕੁੱਲ 179 ਪਾਈਪ ਬੈਂਚ ਲਗਾਏ ਜਾਣਗੇ। ਇਨ੍ਹਾਂ ਵਿੱਚੋਂ ਅੱਜ ਫਰੈਗਰੈਂਸ ਗਾਰਡਨ ਵਿੱਚ 40 ਬੈਂਚ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਸੈਰ ਕਰਨ ਲਈ ਆਉਣ ਵਾਲੇ ਬਜ਼ੁਰਗਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਸੈਰ ਦੌਰਾਨ ਥੱਕ ਜਾਣ ’ਤੇ ਆਰਾਮ ਕਰਨ ਲਈ ਕੋਈ ਬੈਂਚ ਆਦਿ ਉਪਲਬਧ ਨਹੀਂ ਸੀ। ਇਸ ਲਈ ਵਾਰਡ ਦੇ ਫੰਡ ਵਿੱਚੋਂ 12 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪ ਬੈਂਚ ਲਗਾਏ ਹਨ। ਇਸ ਮੌਕੇ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸੈਰ ਸਮੇਂ ਥੱਕ ਜਾਂਦੇ ਹਨ ਅਤੇ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਇੱਥੇ ਬੈਂਚ ਲਗਾਉਣ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਆਰਡਬਲਯੂਏ ਸਕੱਤਰ 36 ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਸੀਨੀਅਰ ਸਿਟੀਜ਼ਨਾਂ ਨੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਦਾ ਧੰਨਵਾਦ ਕੀਤਾ। ਇਸ ਮੌਕੇ ਆਰਡਬਲਯੂਏ ਦੇ ਮੇਜਰ ਜਨਰਲ ਵੀਐਸ ਵੈਬਲੇ, ਦਿਨੇਸ਼ ਕਪਿਲਾ ਅਤੇ ਸ੍ਰੀਮਤੀ ਕਮਲ ਮੱਲ੍ਹੀ ਸਣੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।