ਜੀਪ ਪਲਟਣ ਕਾਰਨ 4 ਸ਼ਰਧਾਲੂਆਂ ਦੀ ਮੌਤ, ਇਕ ਬੱਚਾ ਰੁੜ੍ਹਿਆ
* 12 ਜ਼ਖ਼ਮੀ ਹਸਪਤਾਲ ਦਾਖਲ ਕਰਵਾਏ
ਸੰਜੀਵ ਬੱਬੀ/ ਗੁਰਦੀਪ ਸਿੰਘ ਟੱਕਰ
ਚਮਕੌਰ ਸਾਹਿਬ/ਮਾਛੀਵਾੜਾ, 24 ਮਈ
ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਡੇਰਾ ਬਾਬਾ ਵਡਭਾਗ ਸਿੰਘ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ ਜਿਸ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਨਹਿਰ ਵਿੱਚ ਰੁੜ੍ਹ ਗਿਆ। ਮ੍ਰਿਤਕਾਂ ਦੀ ਪਛਾਣ ਮਹਿੰਦਰ ਕੌਰ (75) ਉਸ ਦੀ ਧੀ ਕਰਮਜੀਤ ਕੌਰ (52), ਗਗਨਜੋਤ ਕੌਰ (15) ਅਤੇ ਹਰਸ਼ ਕੌਰ ਵਜੋਂ ਹੋਈ ਹੈ। ਇਸ ਦੌਰਾਨ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ੍ਹ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ 15 ਤੋਂ ਵੱਧ ਸ਼ਰਧਾਲੂ ਮਹਿੰਦਰਾ ਪਿਕਅੱਪ ਗੱਡੀ ’ਤੇ ਬੀਤੇ ਦਿਨ ਡੇਰਾ ਬਾਬਾ ਵਡਭਾਗ ਸਿੰਘ ਮੱਥਾ ਟੇਕਣ ਗਏ ਸਨ। ਮੱਥਾ ਟੇਕਣ ਮਗਰੋਂ ਅੱਜ ਸਵੇਰੇ ਜਦੋਂ ਉਹ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਡਿੱਗੀ। ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਇੱਕ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਰੁੜ੍ਹ ਗਿਆ ਜਦਕਿ ਬਾਕੀ ਸਾਰੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਹਿੰਦਰ ਤੇ ਕਰਮਜੀਤ ਕੌਰ ਨੇ ਚਮਕੌਰ ਸਾਹਿਬ ਵਿਖੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਹਾਦਸੇ ਪਿੱਛੋਂ ਜ਼ਖ਼ਮੀਆਂ ਨੂੰ ਨੇੜੇ ਸਥਿਤ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਥੋਂ 12 ਜ਼ਖ਼ਮੀਆਂ ਵਿਚੋਂ 5 ਜਣਿਆਂ ਨੂੰ ਸਰਕਾਰੀ ਹਸਪਤਾਲ ਰੂਪਨਗਰ ਅਤੇ 2 ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦਾ ਚਮਕੌਰ ਸਾਹਿਬ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਰੇਨ ਮੰਗਵਾ ਕੇ ਗੱਡੀ ਬਾਹਰ ਕੱਢੀ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ। ਜ਼ਖ਼ਮੀਆਂ ਵਿਚ ਅਮਨਪ੍ਰੀਤ ਕੌਰ ਵਾਸੀ ਸਿਹੋੜਾ, ਸਰੂਪ ਸਿੰਘ ਵਾਸੀ ਚੀਮਾ, ਪ੍ਰਿਤਪਾਲ ਕੌਰ ਵਾਸੀ ਸਿਹੋੜਾ, ਰੂਪ ਸਿੰਘ ਵਾਸੀ ਲੱਧੜ, ਸੰਦੀਪ ਕੌਰ ਵਾਸੀ ਨਿਜ਼ਾਮਪੁਰ, ਪ੍ਰਵੀਨ ਕੌਰ ਵਾਸੀ ਨਿਜ਼ਾਮਪੁਰ, ਬਲਜਿੰਦਰ ਸਿੰਘ ਵਾਸੀ ਸਿਹੋੜਾ, ਸੁਖਵੀਰ ਕੌਰ ਫਲੌਡ, ਗਿਆਨ ਕੌਰ ਵਾਸੀ ਨਿਜ਼ਾਮਪੁਰ, ਮਨਪ੍ਰੀਤ ਕੌਰ ਵਾਸੀ ਡਾਂਗੋ, ਜੀਵਨ ਸਿੰਘ ਵਾਸੀ ਸਿਹੋੜਾ ਅਤੇ ਗੁਰਦੀਪ ਸਿੰਘ ਵਾਸੀ ਨਿਜ਼ਾਮਪੁਰ ਸ਼ਾਮਲ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਬਾਲਾ: ਟਰੱਕ ਤੇ ਮਿਨੀ ਬੱਸ ਦੀ ਟੱਕਰ ’ਚ 7 ਹਲਾਕ, 20 ਜ਼ਖ਼ਮੀ
ਅੰਬਾਲਾ: ਹਰਿਆਣਾ ਦੇ ਅੰਬਾਲਾ ’ਚ ਅੱਜ ਤੜਕੇ ਇੱਕ ਮਿਨੀ ਬੱਸ ਤੇ ਟਰੱਕ ਦੀ ਟੱਕਰ ’ਚ ਛੇ ਮਹੀਨੇ ਦੀ ਬੱਚੀ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਅੰਬਾਲਾ ਛਾਉਣੀ ਦੇ ਪਿੰਡ ਮੋਹੜਾ ਨੇੜੇ ਹੋਇਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮਿਨੀ ਬੱਸ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਤਕਰੀਬਨ 30 ਜਣਿਆਂ ਨੂੰ ਜੰਮੂ ਕਸ਼ਮੀਰ ਸਥਿਤ ਵੈਸ਼ਨੋ ਦੇਵੀ ਮੰਦਰ ਲਿਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਸਾਰੇ ਵਿਅਕਤੀ ਆਪਸ ’ਚ ਰਿਸ਼ਤੇਦਾਰ ਹਨ। ਹਾਦਸੇ ਮਗਰੋਂ ਰਾਹਗੀਰਾਂ ਨੇ ਜ਼ਖਮੀਆਂ ਨੂੰ ਬੱਸ ’ਚੋਂ ਬਾਹਰ ਕੱਢ ਕੇ ਪੁਲੀਸ ਦੀ ਮਦਦ ਨਾਲ ਨੇੜਲੇ ਹਸਪਤਾਲਾਂ ’ਚ ਇਲਾਜ ਲਈ ਦਾਖਲ ਕਰਵਾਇਆ। ਹਾਦਸੇ ਮਗਰੋਂ ਟਰੱਕ ਚਾਲਕ ਆਪਣਾ ਵਾਹਨ ਛੱਡ ਕੇ ਫਰਾਰ ਹੋ ਗਿਆ। ਪੁਲੀਸ ਨੇ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ