4 of family die ਜੰਮੂ ਕਸ਼ਮੀਰ: ਰਾਜੌਰੀ ਵਿੱਚ ਜ਼ਹਿਰਬਾਦ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ
ਰਾਜੌਰੀ/ਜੰਮੂ, 8 ਦਸੰਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਜ਼ਹਿਰਬਾਦ ਕਾਰਨ 40 ਸਾਲਾ ਵਿਅਕਤੀ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਇਕ ਧੀ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਗੋਰਲਾ ਪਿੰਡ ਦੇ ਰਹਿਣ ਵਾਲੇ ਫ਼ਜ਼ਲ ਹੁਸੈਨ, ਉਸ ਦੀ ਪਤਨੀ ਸ਼ਮੀਮ ਅਖ਼ਤਰ (38) ਅਤੇ ਉਸ ਦੇ ਚਾਰ ਬੱਚਿਆਂ ਨੂੰ ਸ਼ਨਿਚਰਵਾਰ ਦੇਰ ਰਾਤ ਗੰਭੀਰ ਬਦਹਜ਼ਮੀ ਹੋਣ ਕਾਰਨ ਰਾਜੌਰੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਹੁਸੈਨ ਦੀ ਅੱਜ ਤੜਕੇ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ ਬੱਚਿਆਂ ਨੂੰ ਖ਼ਾਸ ਕਰ ਕੇ ਇਲਾਜ ਲਈ ਜੰਮੂ ਰੈਫਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਹਸਪਤਾਲ ਵਿੱਚ ਤਿੰਨ ਬੱਚਿਆਂ ਦੀ ਵੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ 15 ਸਾਲਾ ਰਾਬੀਆ ਕੌਸਰ, 12 ਸਾਲਾ ਫ਼ਰਮਾਨਾ ਕੌਸਰ ਤੇ ਚਾਰ ਸਾਲਾ ਰਫ਼ਤਰ ਅਹਿਮਦ ਵਜੋਂ ਹੋਈ ਹੈ।
ਅਖ਼ਤਰ ਤੇ ਉਸ ਦੀ ਦੂਜੀ ਧੀ 12 ਸਾਲਾ ਰੁਕਸਾਰ ਦਾ ਇਲਾਜ ਜਾਰੀ ਹੈ। ਕੋਟਰੰਕਾ ਦੇ ਵਧੀਕ ਡਿਪਟੀ ਕਮਿਸ਼ਨਰ ਦਿਲ ਮੁਹੰਮਦ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ