ਹਿਜ਼ਬੁੱਲਾ ਦੇ ਡਰੋਨ ਹਮਲੇ ’ਚ 4 ਇਜ਼ਰਾਇਲੀ ਫੌਜੀ ਹਲਾਕ
ਦੀਰ ਅਲ-ਬਲਾਹ, 14 ਅਕਤੂਬਰ
ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਵੱਲੋਂ ਮੱਧ ਇਜ਼ਰਾਈਲ ’ਚ ਫ਼ੌਜੀ ਅੱਡੇ ’ਤੇ ਕੀਤੇ ਡਰੋਨ ਹਮਲੇ ’ਚ ਚਾਰ ਜਵਾਨ ਮਾਰੇ ਗਏ ਅਤੇ ਸੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਜ਼ਰਾਈਲ ਵੱਲੋਂ ਲਿਬਨਾਨ ’ਤੇ ਜ਼ਮੀਨੀ ਹਮਲਾ ਕੀਤੇ ਜਾਣ ਮਗਰੋਂ ਦਹਿਸ਼ਤੀ ਗੁੱਟ ਦਾ ਇਹ ਸੱਭ ਤੋਂ ਖ਼ਤਰਨਾਕ ਹਮਲਾ ਹੈ। ਲਿਬਨਾਨ ਆਧਾਰਿਤ ਹਿਜ਼ਬੁੱਲਾ ਨੇ ਕਿਹਾ ਕਿ ਉਨ੍ਹਾਂ ਇਜ਼ਰਾਈਲ ਦੀ ਗੋਲਾਨੀ ਬ੍ਰਿਗੇਡ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਬੇਰੂਤ ’ਤੇ ਹਮਲਾ ਕਰਕੇ 22 ਵਿਅਕਤੀਆਂ ਨੂੰ ਮਾਰਨ ਦਾ ਬਦਲਾ ਲਿਆ ਗਿਆ ਹੈ। ਇਜ਼ਰਾਈਲ ਦੀ ਕੌਮੀ ਬਚਾਅ ਸੇਵਾ ਨੇ ਕਿਹਾ ਕਿ ਹਮਲੇ ’ਚ 61 ਵਿਅਕਤੀ ਜ਼ਖ਼ਮੀ ਹੋਏ ਹਨ। ਹਿਜ਼ਬੁੱਲਾ ਨੇ ਹਮਲਾ ਉਸ ਸਮੇਂ ਕੀਤਾ ਹੈ ਜਦੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਇਜ਼ਰਾਈਲ ਨੂੰ ਮਿਜ਼ਾਈਲਾਂ ਖ਼ਿਲਾਫ਼ ਸੁਰੱਖਿਆ ਲਈ ਨਵੀਂ ਹਵਾਈ ਰੱਖਿਆ ਪ੍ਰਣਾਲੀ ਭੇਜੇਗਾ। ਇਸੇ ਦੌਰਾਨ ਇਜ਼ਰਾਈਲ ਵੱਲੋਂ ਅੱਜ ਉੱਤਰੀ ਲਿਬਨਾਨ ’ਚ ਕੀਤੇ ਹਮਲੇ ਵਿੱਚ 21 ਵਿਅਕਤੀ ਮਾਰੇ ਗਏ।
ਉਧਰ ਗਾਜ਼ਾ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ’ਚ ਬੱਚਿਆਂ ਸਮੇਤ 20 ਵਿਅਕਤੀ ਮਾਰੇ ਗਏ। ਇਹ ਹਮਲਾ ਨੁਸਰਤ ’ਚ ਇਕ ਸਕੂਲ ’ਤੇ ਕੀਤਾ ਗਿਆ ਜਿਥੇ ਕਈ ਫਲਸਤੀਨੀਆਂ ਨੇ ਪਨਾਹ ਲਈ ਹੋਈ ਹੈ। ਇਸ ਦੌਰਾਨ ਦੀਰ ਅਲ-ਬਲਾਹ ਦੇ ਅਲ-ਅਕਸਾ ਮਾਰਟੀਅਰਜ਼ ਹਸਪਤਾਲ ਦੇ ਬਾਹਰ ਸੋਮਵਾਰ ਤੜਕੇ ਹੋਏ ਧਮਾਕਿਆਂ ’ਚ ਤਿੰਨ ਵਿਅਕਤੀ ਮਾਰੇ ਗਏ ਅਤੇ 50 ਹੋਰ ਜ਼ਖ਼ਮੀ ਹੋ ਗਏ। -ਏਪੀ
ਸ਼ਾਂਤੀ ਸੈਨਾ ’ਤੇ ਹਮਲਾ ਜੰਗੀ ਅਪਰਾਧ ਕਰਾਰ ਦਿੱਤਾ
ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਹਿਜ਼ਬੁੱਲਾ ਲਈ ਢਾਲ ਦਾ ਕੰਮ ਕਰ ਰਹੇ ਹਨ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਸ਼ਾਂਤੀ ਸੈਨਿਕਾਂ ’ਤੇ ਕੀਤੇ ਗਏ ਹਮਲੇ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਜੰਗੀ ਅਪਰਾਧ ਹੈ। ਉਧਰ ਯੂਰਪੀਅਨ ਯੂਨੀਅਨ ਨੇ ਵੀ ਲਿਬਨਾਨ ’ਚ ਸ਼ਾਂਤੀ ਸੈਨਿਕਾਂ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। -ਏਪੀ