76ਵੀਂ ਗਣਤੰਤਰ ਦਿਵਸ ਪਰੇਡ ਲਈ ਚੰਡੀਗੜ੍ਹ ਵਿੱਚੋਂ 4 ਤੇ ਪੰਜਾਬ ’ਚੋਂ 10 ਜਣਿਆਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ
ਵਿਜੈ ਮੋਹਨ
ਚੰਡੀਗੜ੍ਹ, 10 ਜਨਵਰੀ
ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਤੇ ਵੱਖ ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੇ 87 ਵਿਅਕਤੀ, ਉਨ੍ਹਾਂ 1000 ਵਿਸ਼ੇਸ਼ ਮਹਿਮਾਨਾਂ ਵਿਚ ਸ਼ੁਮਾਰ ਹਨ, ਜਿਨ੍ਹਾਂ ਨੂੰ ਇਸ ਸਾਲ 26 ਜਨਵਰੀ ਨੂੰ 76ਵੀਂ ਗਣਤੰਤਰ ਦਿਵਸ ਪਰੇਡ ਲਈ ਨਵੀਂ ਦਿੱਲੀ ਸੱਦਿਆ ਗਿਆ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਇਨ੍ਹਾਂ ਵਿਚੋਂ ਚਾਰ ਚੰਡੀਗੜ੍ਹ, 25 ਹਰਿਆਣਾ, 48 ਹਿਮਾਚਲ ਪ੍ਰਦੇਸ਼ ਤੇ 10 ਪੰਜਾਬ ’ਚੋਂ ਹਨ। ਇਹ ਸ਼ਖ਼ਸੀਅਤਾਂ, ਜਿਨ੍ਹਾਂ ਨੂੰ ‘ਸੁਨਹਿਰੀ ਭਾਰਤ’ ਦੇ ਸ਼ਿਲਪਕਾਰ ਵਜੋਂ ਜਾਣਿਆ ਜਾਂਦਾ ਹੈ, ਭਾਰਤ ਦੀ ਵਿਭਿੰਨਤਾ ਅਤੇ ਤਰੱਕੀ ਦੀ ਭਾਵਨਾ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਉੱਚ ਪ੍ਰਾਪਤੀਆਂ ਕਰਨ ਵਾਲੇ ਅਤੇ ਸਰਕਾਰੀ ਯੋਜਨਾਵਾਂ ਦੀ ਮਿਸਾਲੀ ਵਰਤੋਂ ਕਰਨ ਵਾਲੇ ਵਿਅਕਤੀ ਸ਼ਾਮਲ ਹਨ। ਇਸ ਪਹਿਲਕਦਮੀ ਦਾ ਉਦੇਸ਼ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਅਤੇ ਕੌਮੀ ਮੰਚ ’ਤੇ ਉਨ੍ਹਾਂ ਦੇ ਪ੍ਰੇਰਨਾਦਾਇਕ ਕੰਮ ਨੂੰ ਪ੍ਰਦਰਸ਼ਿਤ ਕਰਨਾ ਹੈ। ਵਿਸ਼ੇਸ਼ ਮਹਿਮਾਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚੋਂ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚ ਪੰਚਾਇਤ ਪ੍ਰਤੀਨਿਧੀ, ਸਵੈ-ਸਹਾਇਤਾ ਸਮੂਹ ਦੇ ਮੈਂਬਰ, ਸਰਕਾਰੀ ਮਿਸ਼ਨਾਂ ਅਤੇ ਪਹਿਲਕਦਮੀਆਂ ਵਿੱਚ ਭਾਈਵਾਲ ਅਤੇ ਸਿਹਤ ਸੰਭਾਲ ਅਤੇ ਭਾਈਚਾਰਕ ਵਲੰਟੀਅਰ, ਜਿਵੇਂ ਕਿ ਆਸ਼ਾ ਵਰਕਰ ਸ਼ਾਮਲ ਹਨ, ਜਿਨ੍ਹਾਂ ਨੇ ਜਨਤਕ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਬੇਮਿਸਾਲ ਲੀਡਰਸ਼ਿਪ, ਭਾਈਚਾਰਕ ਸੇਵਾ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ।